
ਕੇਜਰੀਵਾਲ ਨੇ ਗੋਆ ’ਚ ਭਿ੍ਰਸ਼ਟਾਚਾਰ ਮੁਕਤ ਸਰਕਾਰ ਦਾ ਕੀਤਾ ਵਾਅਦਾ
ਪਣਜੀ, 22 ਦਸੰਬਰ : ਆਮ ਆਦਮੀ ਪਾਰਟੀ (ਆਪ) ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਬੁਧਵਾਰ ਨੂੰ ਦਾਅਵਾ ਕੀਤਾ ਕਿ ਉਨ੍ਹਾਂ ਦੀ ਪਾਰਟੀ ਗੋਆ ਵਿਧਾਨ ਸਭਾ ਚੋਣਾਂ ਤੋਂ ਬਾਅਦ ਪਹਿਲੀ ਭਿ੍ਰਸ਼ਟਾਚਾਰ ਮੁਕਤ ਸਰਕਾਰ ਬਣਾਏਗੀ। ਕੇਜਰੀਵਾਲ ਨੇ ਇਥੇ ਪੱਤਰਕਾਰਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ, ‘‘ਇਕ ਮਹੀਨੇ ਅੰਦਰ ਲੋਕਾਂ ਨੂੰ ਸਰਕਾਰ ਦੇ ਕੰਮਕਾਜ ’ਚ ਭਾਰੀ ਤਬਦੀਲੀ ਦੇਖਣ ਨੂੰ ਮਿਲੇਗੀ।’’ ਉਨ੍ਹਾਂ ਕਿਹਾ ਕਿ ਆਪ ਦੀ ਦਿੱਲੀ ਸਰਕਾਰ ਦੇ ਪਿਛਲੇ ਕੰਮਾਂ ਦੇ ਰਿਕਾਰਡ ਦੇ ਆਧਾਰ ’ਤੇ ਇਹ ਗਾਰੰਟੀ ਦਿਤੀ ਗਈ ਹੈ ਜਿਥੇ ਉਸ ਦੇ ਹੀ ਮੰਤਰੀ ਨੂੰ ਇਕ ਦੁਕਾਨਦਾਰ ਤੋਂ ਰਿਸ਼ਵਤ ਮੰਗਣ ਦੇ ਦੋਸ਼ ’ਚ ਅਹੁਦੇ ਤੋਂ ਹਟਾ ਦਿਤਾ ਗਿਆ ਸੀ। ਦਿੱਲੀ ਦੇ ਮੁੱਖ ਮੰਤਰੀ ਨੇ ਕਿਹਾ ਕਿ ਜੇਕਰ ਮੰਤਰੀ ਜਾਂ ਵਿਧਾਇਕ ਰਿਸ਼ਵਤ ਮੰਗਦੇ ਫੜੇ ਜਾਂਦੇ ਹਨ ਤਾਂ ਉਨ੍ਹਾਂ ਨੂੰ ਸਜ਼ਾ ਤੋਂ ਬਖ਼ਸ਼ਿਆ ਨਹੀਂ ਜਾਵੇਗਾ। ਉਨ੍ਹਾਂ ਦਾਅਵਾ ਕੀਤਾ, ‘‘ਅਸੀਂ ਗੋਆ ’ਚ ਪਹਿਲੀ ਭ੍ਰਿਸ਼ਟਾਚਾਰ ਮੁਕਤ ਅਤੇ ਇਮਾਨਦਾਰ ਸਰਕਾਰ ਦਆਂਗੇ।’’
ਉਨ੍ਹਾਂ ਕਿਹਾ ਕਿ ਜੇਕਰ ਆਪ ਗੋਆ ’ਚ ਸੱਤਾ ਵਿਚ ਆਉਂਦੀ ਹੈ ਤਾਂ ਉਸ ਦੀ ਸਰਕਾਰ ਘਰ ਘਰ ਜਾ ਕੇ ਸੇਵਾਵਾਂ ਮੁਹਈਆ ਕਰਾ ਕੇ ਛੋਟੇ-ਛੋਟੇ ਭ੍ਰਿਸ਼ਟਾਚਾਰ ਨੂੰ ਵੀ ਰੋਕੇਗੀ। ਉਨ੍ਹਾਂ ਕਿਹਾ, ‘‘ਅਸੀਂ ਪਹਿਲਾਂ ਹੀ ਦਿੱਲੀ ’ਚ ਸੇਵਾਵਾਂ ਨੂੰ ਘਰ ਤਕ ਪਹੁੰਚਾਉਣਾ ਸ਼ੁਰੂ ਕਰ ਦਿਤਾ ਹੈ। ਸਾਰੀਆਂ ਸਰਕਾਰੀ ਸੇਵਾਵਾਂ ਤੁਹਾਡੇ ਦਰਵਾਜੇ ’ਤੇ ਉਪਲੱਬਧ ਹੋਣਗੀਆਂ।’’ ਉਨ੍ਹਾਂ ਕਿਹਾ ਕਿ ਮਹੱਤਵਪੂਰਨ ਸਰਕਾਰ ਵਿਭਾਗ ਫੇਸਲੈੱਸ ਹੋਣਗੇ ਅਤੇ ਲੋਕਾਂ ਦੇ ਦਰਵਾਜੇ ’ਤੇ ਸੇਵਾਵਾਂ ਉਪਲੱਬਧ ਕਰਵਾਈਆਂ ਜਾਣਗੀਆਂ। ਕੇਜਰੀਵਾਲ ਨੇ ਕਿਹਾ ਕਿ ਜੋ ਉਦਯੋਗਪਤੀ ਰਾਜ ਛੱਡ ਕੇ ਚੱਲੇ ਗਏ ਹਨ, ਉਨ੍ਹਾਂ ਨੂੰ ਵਾਪਸ ਲਿਆਂਦਾ ਜਾਵੇਗਾ। ਉਨ੍ਹਾਂ ਦਾਅਵਾ ਕੀਤਾ ਕਿ ਪਹਿਲੇ ਭਿ੍ਰਸ਼ਟਾਚਾਰ ਚੋਣਾਵੀ ਮੁੱਦਾ ਨਹੀਂ ਸੀ ਪਰ ਹੁਣ ਉਨ੍ਹਾਂ ਦੀ ਪਾਰਟੀ (ਆਪ) ਦੇ ਮੈਦਾਨ ’ਚ ਆਉਣ ਕਾਰਨ ਅਜਿਹਾ ਹੋਇਆ ਹੈ।ਦਿੱਲੀ ਦੇ ਮੁੱਖ ਮੰਤਰੀ ਨੇ ਕਿਹਾ ਕਿ ਹੋਰ ਪਾਰਟੀਆਂ ’ਚ ਵੀ ਕਈ ਚੰਗੇ ਨੇਤਾ ਹਨ ਪਰ ਉਹ ਘੁਟਣ ਮਹਿਸੂਸ ਕਰ ਰਹੇ ਹਨ। ਉਨ੍ਹਾਂ ਨੇ ਅਜਿਹੇ ਨੇਤਾਵਾਂ ਨੂੰ ਪਾਰਟੀ ’ਚ ਸ਼ਾਮਲ ਹੋਣ ਲਈ ਕਿਹਾ ਹੈ। ਉਨ੍ਹਾਂ ਕਿਹਾ ਕਿ ਮੌਕਾ ਮਿਲਣ ’ਤੇ ‘ਆਪ’ 6 ਮਹੀਨਿਆਂ ਅੰਦਰ ਰਾਜ ’ਚ ਖਨਨ ਦਾ ਕੰਮ ਮੁੜ ਸ਼ੁਰੂ ਕਰੇਗੀ। (ਏਜੰਸੀ)