
ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਸ੍ਰੀ ਚਮਕੌਰ ਸਾਹਿਬ ਦਾ ਸ਼ਹੀਦੀ ਜੋੜ ਮੇਲ ਸਮਾਪਤ
ਸ੍ਰੀ ਚਮਕੌਰ ਸਾਹਿਬ, 22 ਦਸੰਬਰ (ਲੱਖਾ): ਸ਼ਹੀਦੀ ਜੋੜ ਮੇਲ ਦੇ ਅੱਜ ਆਖ਼ਰੀ ਦਿਨ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਨ ਲਈ ਤਿੰਨ ਰੋਜ਼ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਗੁਰਦੁਆਰਾ ਸ੍ਰੀ ਗੜ੍ਹੀ ਸਾਹਿਬ ਵਿਖੇ ਰਖਾਏ ਅਖੰਡ ਪਾਠ ਸਾਹਿਬ ਦੇ ਭੋਗ ਪਾਉਣ ਉਪਰੰਤ ਵਿਸ਼ਾਲ ਨਗਰ ਕੀਰਤਨ ਗੁਰਦੁਆਰਾ ਸ੍ਰੀ ਗੜ੍ਹੀ ਸਾਹਿਬ ਤੋਂ ਕਢਿਆ ਗਿਆ। ਇਸ ਮੌਕੇ ਗੁਰਦੁਆਰਾ ਸਾਹਿਬ ਦੇ ਮੈਨੇਜਰ ਭਾਈ ਨੱਥਾ ਸਿੰਘ ਨੇ ਦਸਿਆ ਕਿ ਨਗਰ ਕੀਰਤਨ ਦੀ ਅਰੰਭਤਾ ਗਿਆਨੀ ਹਰਪਾਲ ਸਿੰਘ ਹੈੱਡ ਗ੍ਰੰਥੀ ਗੁਰਦੁਆਰਾ ਸ੍ਰੀ ਫ਼ਤਿਹਗੜ੍ਹ ਸਾਹਿਬ ਨੇ ਅਰਦਾਸ ਕੀਤੀ, ਉਪਰੰਤ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਅਗਵਾਈ ਹੇਠ ਪੰਜ ਪਿਆਰੇ ਅਤੇ ਪੰਜ ਨਿਸ਼ਾਨਚੀਆਂ ਵਲੋਂ ਨਗਰ ਕੀਰਤਨ ਦੀ ਅਰੰਭਤਾ ਕੀਤੀ ਗਈ।
ਨਗਰ ਕੀਰਤਨ ਦੌਰਾਨ ਗੁਰਦੁਆਰਾ ਸ੍ਰੀ ਕਤਲਗੜ੍ਹ ਸਾਹਿਬ ਦੇ ਰਾਗੀ ਸਿੰਘ, ਸ਼ਬਦ ਚੌਂਕੀ ਸੇਵਕ ਜੱਥਾ ਫ਼ਤਿਹਗੜ੍ਹ ਸਾਹਿਬ, ਸ਼ਬਦ ਚੌਂਕੀ ਜੱਥਾ ਪਟਿਆਲਾ ਵਲੋਂ ਮਨੋਹਰ ਕੀਰਤਨ ਦੁਆਰਾ ਸੰਗਤਾਂ ਨੂੰ ਨਿਹਾਲ ਕਰ ਰਹੇ ਸਨ ਅਤੇ ਅਕਾਲ ਅਕੈਡਮੀ ਬੜੂ ਸਾਹਿਬ ਦੇ ਵਿਦਿਆਰਥੀਆਂ ਵਲੋਂ ਗਤਕੇ ਦੇ ਜੌਹਰ ਵਿਖਾਏ ਗਏ ਅਤੇ ਸਤਿਨਾਮ ਵਾਹਿਗੁਰੂ ਦਾ ਜਾਪ ਵੀ ਕੀਤਾ ਗਿਆ। ਇਹ ਨਗਰ ਕੀਰਤਨ ਵੱਖ-ਵੱਖ ਗੁਰਧਾਮਾਂ ਦੇ ਦਰਸ਼ਨ ਕਰਦਾ ਹੋਇਆ ਮੁੜ ਗੁਰਦੁਆਰਾ ਸ੍ਰੀ ਗੜ੍ਹੀ ਸਾਹਿਬ ਵਿਖੇ ਸੰਪੰਨ ਹੋਇਆ। ਇਸ ਮੌਕੇ ਮੋਰਿੰਡਾ-ਚਮਕੌਰ ਸਾਹਿਬ ਮਾਰਗ ਤੇ ਮਾਂਗਟ ਮੋਟਰਜ਼ ਦੇ ਮਾਲਕ ਅਤੇ ਸ਼੍ਰੋਮਣੀ ਅਕਾਲੀ ਦੇ ਸਰਕਲ ਪ੍ਰਧਾਨ ਅਮਨਦੀਪ ਸਿੰਘ ਮਾਂਗਟ ਵਲੋਂ ਅਪਣੇ ਸਾਥੀਆਂ ਸਮੇਤ ਪੰਜ ਪਿਆਰਿਆਂ ਨੂੰ ਸਿਰਪਾਉ ਭੇਂਟ ਕੀਤੇ ਗਏ। ਇਸ ਮੌਕੇ ਹਰਜਿੰਦਰ ਸਿੰਘ ਧਾਮੀ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਰਘਵੀਰ ਸਿੰਘ, ਅਜਮੇਰ ਸਿੰਘ ਖੇੜੀ ਮੈਂਬਰ ਸ਼੍ਰੋਮਣੀ ਕਮੇਟੀ, ਪਰਮਜੀਤ ਸਿੰਘ ਲੱਖੇਵਾਲ, ਬਲਦੇਵ ਸਿੰਘ ਹਾਫਿਜ਼ਾਬਾਦ ਆਦਿ ਹਾਜ਼ਰ ਸਨ।