
ਸੰਸਦ ਦਾ ਸਰਦ ਰੁੱਤ ਸੈਸ਼ਨ: ਵਿਰੋਧੀ ਧਿਰਾਂ ਦੇ ਹੰਗਾਮੇ ਕਾਰਨ ਲੋਕ ਸਭਾ ਅਤੇ ਰਾਜ ਸਭਾ ਅਣਮਿੱਥੇ ਸਮੇਂ ਲਈ ਮੁਲਤਵੀ
ਨਵੀਂ ਦਿੱਲੀ, 22 ਦਸੰਬਰ : ਲੋਕ ਸਭਾ ਅਤੇ ਰਾਜ ਸਭਾ ਨੂੰ ਅੱਜ ਤੈਅ ਸਮੇਂ ਤੋਂ ਪਹਿਲਾਂ ਅਣਮਿੱਥੇ ਸਮੇਂ ਲਈ ਮੁਲਵਤੀ ਕਰ ਦਿਤਾ ਗਿਆ। ਦੱਸਣਯੋਗ ਹੈ ਕਿ ਸੰਸਦ ਦਾ ਸਰਦ ਰੁੱਤ ਸੈਸ਼ਨ 29 ਨਵੰਬਰ ਨੂੰ ਸ਼ੁਰੂ ਹੋਇਆ ਸੀ। ਸੰਸਦ ਦੇ ਦੋਹਾਂ ਸਦਨਾਂ ’ਚ ਵਿਰੋਧੀ ਧਿਰ ਦੇ 12 ਸੰਸਦ ਮੈਂਬਰਾਂ ਨੂੰ ਮੁਅੱਤਲ ਕੀਤੇ ਜਾਣ, ਲਖੀਮਪੁਰ ਖੇੜੀ ਘਟਨਾ ਅਤੇ ਹੋਰ ਕਈ ਮੁੱਦਿਆਂ ਸਮੇਤ ਵਿਰੋਧੀ ਧਿਰ ਦੇ ਹੰਗਾਮੇ ਕਾਰਨ ਸਦਨ ਦੇ ਕੰਮ-ਕਾਜ ਵਿਚ ਵਿਘਨ ਪਿਆ। ਉਂਝ ਸਰਦ ਰੁੱਤ ਸੈਸ਼ਨ ਦੀ ਸਮਾਪਤੀ 23 ਦਸੰਬਰ ਨੂੰ ਹੋਣੀ ਸੀ, ਜਿਸ ਨੂੰ ਇਕ ਦਿਨ ਪਹਿਲਾਂ ਹੀ ਅੱਜ ਅਣਮਿੱਥੇ ਸਮੇਂ ਲਈ ਮੁਲਤਵੀ ਕਰ ਦਿਤਾ ਗਿਆ।
ਲੋਕ ਸਭਾ ’ਚ ਕੰਮਕਾਰ ਬਾਰੇ ਸਪੀਕਰ ਓਮ ਬਿਰਲਾ ਨੇ ਕਿਹਾ 29 ਨਵੰਬਰ ਤੋਂ ਸ਼ੁਰੂ ਹੋਏ ਇਸ ਸਰਦ ਰੁੱਤ ਸੈਸ਼ਨ ਦੌਰਾਨ ਲੋਕ ਸਭਾ ’ਚ 18 ਬੈਠਕਾਂ ਹੋਈਆਂ ਅਤੇ ਸਦਨ ਦਾ ਕੰਮ 82 ਫ਼ੀ ਸਦੀ ਰਿਹਾ। ਉੱਥੇ ਹੀ ਵਿਰੋਧੀ ਧਿਰ ਦੇ ਹੰਗਾਮੇ ਕਾਰਨ 18 ਘੰਟੇ 48 ਮਿੰਟ ਦਾ ਸਮਾਂ ਬਰਾਬਦ ਹੋਇਆ। ਲੋਕ ਸਭਾ ਸਪੀਕਰ ਓਮ ਬਿਰਲਾ ਨੇ ਇਸ ਬਾਬਤ ਜਾਣਕਾਰੀ ਦਿਤੀ ਹੈ ਕਿ ਸੈਸ਼ਨ 29 ਨਵੰਬਰ ਤੋਂ ਸ਼ੁਰੂ ਹੋਇਆ ਅਤੇ ਇਸ ਦੌਰਾਨ 18 ਬੈਠਕਾਂ ਹੋਈਆਂ, ਜੋ 83 ਘੰਟੇ 12 ਮਿੰਟ ਤਕ ਚਲੀਆਂ। ਬਿਰਲਾ ਨੇ ਕਿਹਾ ਕਿ ਇਸ ਸੈਸ਼ਨ ਵਿਚ ਮਹੱਤਵਪੂਰਨ ਵਿੱਤੀ ਅਤੇ ਵਿਧਾਇਕੀ ਮਾਮਲਿਆਂ ਨੂੰ ਨਿਪਟਾਇਆ ਗਿਆ ਅਤੇ ਇਸ ਦੌਰਾਨ 12 ਸਰਕਾਰੀ ਬਿਲ ਪੇਸ਼ ਕੀਤੇ ਗਏ ਅਤੇ 9 ਬਿਲ ਪਾਸ ਕੀਤੇ ਗਏ। ਸਿਫਰ ਕਾਲ ਦੌਰਾਨ 563 ਮਾਮਲੇ ਚੁੱਕੇ ਗਏ। ਇਸ ਦੌਰਾਨ ਕੋਵਿਡ-19 ਗਲੋਬਲ ਮਹਾਂਮਾਰੀ ਅਤੇ ਜਲਵਾਯੂ ਪਰਿਵਰਤਨ ਵਿਸ਼ਿਆਂ ’ਤੇ ਸੰਖੇਪ ਚਰਚਾ ਹੋਈ। ਸੰਸਦ ਦੇ ਸੈਸ਼ਨ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਕਾਂਗਰਸ ਪ੍ਰਧਾਨ ਸੋਨੀਆ ਗਾਂਧੀ, ਰਖਿਆ ਮੰਤਰੀ ਰਾਜਨਾਥ ਸਿੰਘ ਅਤੇ ਵਿਰੋਧੀ ਧਿਰ ਦੇ ਨੇਤਾ ਮੌਜੂਦ ਰਹੇ।
ਰਾਜ ਸਭਾ ਦੀ ਕਾਰਵਾਈ ਵੀ ਤੈਅ ਸਮੇਂ ਤੋਂ ਇਕ ਦਿਨ ਪਹਿਲਾਂ ਅਣਮਿੱਥੇ ਸਮੇਂ ਲਈ ਮੁਲਤਵੀ ਕਰ ਦਿਤੀ ਗਈ। ਇਸ ਪੂਰੇ ਸੈਸ਼ਨ ’ਚ ਇਕ ਵੀ ਦਿਨ ਸੁਚਾਰੂ ਢੰਗ ਨਾਲ ਕੰਮਕਾਜ ਨਹੀਂ ਹੋ ਸਕਿਆ। ਵਿਰੋਧੀ ਧਿਰ ਦੇ 12 ਮੈਂਬਰਾਂ ਨੂੰ ਮੁਅੱਤਲ ਕੀਤੇ ਜਾਣ ਦਾ ਵਿਰੋਧ ਵਿਰੋਧੀ ਧਿਰ ਕਰਦਾ ਰਿਹਾ। ਇਸ ਦੌਰਾਨ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੇ ਮਿਸ਼ਰਾ ਟੇਨੀ ਨੂੰ ਕੈਬਨਿਟ ’ਚੋਂ ਹਟਾਏ ਜਾਣ ਦੀ ਮੰਗ ਨੂੰ ਲੈ ਕੇ ਵਿਰੋਧੀ ਧਿਰ ਹੰਗਾਮਾ ਕਰਦਾ ਰਿਹਾ, ਜਿਸ ਕਾਰਨ ਪੂਰਾ ਸੈਸ਼ਨ ਹੰਗਾਮੇ ਦੀ ਭੇਟ ਚੜ੍ਹ ਗਿਆ। ਤਿ੍ਰਣਮੂਲ ਕਾਂਗਰਸ ਦੇ ਸਦਨ ਵਿਚ ਨੇਤਾ ਡੇਰੇਕ ਓ ਬਰਾਇਨ ਨੂੰ ਕਲ ਸਭਾਪਤੀ ਦੇ ਆਸਨ ਵਲ ਰੂਲ ਬੁੱਕ ਸੁੱਟਣ ’ਤੇ ਸੈਸ਼ਨ ਦੇ ਬਾਕੀ ਸਮੇਂ ਲਈ ਮੁਅੱਤਲ ਕਰ ਦਿਤਾ ਗਿਆ ਸੀ। (ਏਜੰਸੀ)