
ਗੀਤ ਲੀਕ ਹੋਣ ਦੀ ਸ਼ਿਕਾਇਤ ਤੋਂ ਬਾਅਦ ਜਗਤਾਰ ਨੇ ਲਾਰੈਂਸ ਨਾਲ ਮਿਲਾਇਆ ਸੀ ਹੱਥ
ਮੋਹਾਲੀ : ਸਿੱਧੂ ਮੂਸੇਵਾਲਾ ਕਤਲ ਕੇਸ ਵਿੱਚ ਪੁਲਿਸ ਨੇ 7 ਦੋਸ਼ੀਆਂ ਖਿਲਾਫ ਅਦਾਲਤ ਵਿੱਚ ਸਪਲੀਮੈਂਟਰੀ ਚਲਾਨ ਪੇਸ਼ ਕੀਤਾ ਹੈ। ਚਲਾਨ ਗੈਂਗਸਟਰ ਲਾਰੈਂਸ ਦੇ ਕਰੀਬੀ ਮਨਪ੍ਰੀਤ ਤੂਫ਼ਾਨ, ਮਨੀ ਰਈਆ, ਸ਼ੂਟਰ ਦੀਪਕ ਮੁੰਡੀ, ਬਿੱਟੂ, ਰਾਜਿੰਦਰ ਜੋਕਰ, ਕਪਿਲ ਪੰਡਿਤ ਤੋਂ ਇਲਾਵਾ ਸਿੱਧੂ ਮੂਸੇਵਾਲਾ ਦੇ ਗੁਆਂਢੀ ਜਗਤਾਰ ਸਿੰਘ ਦੇ ਨਾਮ ਸ਼ਾਮਲ ਹਨ। ਜਗਤਾਰ ਉਹੀ ਵਿਅਕਤੀ ਹੈ ਜੋ ਅਕਤੂਬਰ ਵਿੱਚ ਅੰਮ੍ਰਿਤਸਰ ਹਵਾਈ ਅੱਡੇ ਤੋਂ ਦੁਬਈ ਜਾਣ ਵਾਲੀ ਫਲਾਈਟ ਵਿੱਚ ਸਵਾਰ ਹੋਣ ਤੋਂ ਪਹਿਲਾਂ ਫੜਿਆ ਗਿਆ ਸੀ।
ਸਿੱਧੂ ਮੂਸੇਵਾਲਾ ਕਤਲ ਕੇਸ ਦੀ SIT ਨੇ ਅਦਾਲਤ ਵਿੱਚ ਪੇਸ਼ ਕੀਤੇ ਚਲਾਨ ਵਿੱਚ ਸਿੱਧੂ ਮੂਸੇਵਾਲਾ ਨਾਲ ਗੁਆਂਢੀ ਜਗਤਾਰ ਦੀ ਦੁਸ਼ਮਣੀ ਦਾ ਜ਼ਿਕਰ ਕੀਤਾ ਹੈ। ਦਰਅਸਲ ਫਰਵਰੀ 2020 ਵਿੱਚ ਸਿੱਧੂ ਮੂਸੇਵਾਲਾ ਦਾ ਇੱਕ ਗੀਤ ਲੀਕ ਹੋਇਆ ਸੀ। ਜਿਸ ਨੂੰ ਕਿਸੇ ਹੋਰ ਨੇ ਨਹੀਂ ਸਗੋਂ ਗੁਆਂਢੀ ਜਗਤਾਰ ਸਿੰਘ ਨੇ ਲੀਕ ਕੀਤਾ ਸੀ। 24 ਫਰਵਰੀ 2020 ਨੂੰ ਥਾਣਾ ਅਨੰਦਪੁਰ ਸਾਹਿਬ ਦੀ ਪੁਲਿਸ ਨੇ ਜਗਤਾਰ ਸਿੰਘ ਦੇ ਖ਼ਿਲਾਫ਼ ਆਈ.ਟੀ. ਐਕਟ ਦੇ ਤਹਿਤ ਮਾਮਲਾ ਦਰਜ ਕੀਤਾ ਸੀ। ਜਗਤਾਰ ਨੇ ਇਸ ਰੰਜਿਸ਼ ਨੂੰ ਆਪਣੇ ਦਿਲ ਵਿਚ ਰੱਖਿਆ ਅਤੇ ਲਾਰੈਂਸ, ਗੋਲਡੀ ਬਰਾੜ ਅਤੇ ਜੱਗੂ ਭਗਵਾਨਪੁਰੀਆ ਨਾਲ ਹੱਥ ਮਿਲਾਇਆ।
ਮੁਲਜ਼ਮ ਜਗਤਾਰ ਨੇ ਸਿੱਧੂ ਮੂਸੇਵਾਲਾ ਨੂੰ ਮਾਰਨ ਵਿੱਚ ਮਦਦ ਲਈ ਆਪਣੇ ਘਰ ਦੇ ਬਾਹਰ ਲੱਗੇ ਸਾਰੇ ਸੀਸੀਟੀਵੀ ਕੈਮਰੇ ਸਿੱਧੂ ਮੂਸੇਵਾਲਾ ਦੇ ਘਰ ਵੱਲ ਮੂੰਹ ਕਰ ਕੇ ਲਗਾਏ ਹੋਏ ਸਨ। ਜਿਸ ਦੀ ਫੁਟੇਜ ਉਹ ਗੋਲਡੀ ਬਰਾੜ ਨੂੰ ਭੇਜ ਰਿਹਾ ਸੀ। ਜਿਸ ਕਾਰਨ ਗੋਲਡੀ ਨੂੰ ਸਾਫ ਪਤਾ ਲੱਗ ਜਾਂਦਾ ਸੀ ਕਿ ਸਿੱਧੂ ਕਦੋਂ ਇਕੱਲਾ ਘਰੋਂ ਬਾਹਰ ਨਿਕਲਿਆ ਹੈ ਤੇ ਕਦੋਂ ਸੁਰੱਖਿਆ ਨਾਲ।
ਮਨੀ ਰਈਆ ਪਹਿਲਾਂ ਸਿੱਧੂ ਮੂਸੇਵਾਲਾ ਨੂੰ ਘਰ 'ਚ ਹੀ ਮਾਰਨਾ ਚਾਹੁੰਦਾ ਸੀ। ਉਸ ਨੂੰ ਲਾਰੈਂਸ, ਗੋਲਡੀ ਬਰਾੜ ਅਤੇ ਜੱਗੂ ਦੇ ਕਹਿਣ 'ਤੇ ਅਜਿਹਾ ਕਰਨਾ ਪਿਆ। ਪਲੈਨਿੰਗ ਇਹ ਸੀ ਕਿ ਤੂਫ਼ਾਨ ਅਤੇ ਰਈਆ ਦੋਵੇਂ ਪੁਲਿਸ ਦੀ ਵਰਦੀ ਪਾ ਕੇ ਸਿੱਧੂ ਮੂਸੇਵਾਲਾ ਦੇ ਘਰ ਵੜਨਗੇ ਅਤੇ ਫਿਰ ਉਸ ਨੂੰ ਮਾਰ ਦੇਣਗੇ।
ਇਸ ਲਈ ਦੋਵਾਂ ਨੇ ਪੁਲਿਸ ਦੀ ਵਰਦੀ ਦਾ ਵੀ ਇੰਤਜ਼ਾਮ ਕੀਤਾ ਹੋਇਆ ਸੀ। ਕਈ ਵਾਰ ਦੋਵੇਂ ਇੱਕ ਆਲਟੋ ਕਾਰ ਵਿੱਚ ਪਿੰਡ ਮੂਸੇਵਾਲਾ ਦਾ ਗੇੜਾ ਵੀ ਮਾਰ ਚੁੱਕੇ ਸਨ। ਦਿੱਲੀ ਸਪੈਸ਼ਲ ਸੈੱਲ ਨੇ 4 ਜੁਲਾਈ, 2022 ਨੂੰ ਨਿਸ਼ਾਨੇਬਾਜ਼ ਅੰਕਿਤ ਸੇਰਸਾ ਅਤੇ ਸਚਿਨ ਚੌਧਰੀ ਨੂੰ ਗ੍ਰਿਫਤਾਰ ਕੀਤਾ ਅਤੇ ਉਨ੍ਹਾਂ ਦੀ ਕਾਰ ਤੋਂ ਇਹ ਪੁਲਿਸ ਵਰਦੀਆਂ ਬਰਾਮਦ ਕੀਤੀਆਂ।
ਜਗਤਾਰ ਨੂੰ 13 ਅਕਤੂਬਰ 2022 ਨੂੰ ਅੰਮ੍ਰਿਤਸਰ ਏਅਰਪੋਰਟ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ। ਸਿੱਧੂ ਮੂਸੇਵਾਲਾ ਕਤਲ ਕਾਂਡ ਤੋਂ ਬਾਅਦ ਤੋਂ ਉਹ ਫਰਾਰ ਸੀ ਪਰ ਇਸ ਦੌਰਾਨ ਉਸ ਨੇ ਦੁਬਈ ਜਾਣ ਦੀ ਯੋਜਨਾ ਬਣਾਈ। 13 ਅਕਤੂਬਰ ਨੂੰ ਉਹ ਫਲਾਈਟ ਫੜਨ ਲਈ ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਪਹੁੰਚਿਆ ਪਰ ਇਮੀਗ੍ਰੇਸ਼ਨ ਅਧਿਕਾਰੀਆਂ ਨੇ ਉਸ ਨੂੰ ਫੜ ਲਿਆ। ਮਾਨਸਾ ਪੁਲੀਸ ਵੱਲੋਂ ਉਸ ਦੇ ਨਾਂ ’ਤੇ ਲੁਕ ਆਊਟ ਸਰਕੂਲਰ ਜਾਰੀ ਕੀਤਾ ਹੋਇਆ ਸੀ।