
ਲੋਕ ਸਭਾ ਚੋਣਾਂ ਤੋਂ ਪਹਿਲਾਂ ਪਿੰਡਾਂ ਅਤੇ ਸ਼ਹਿਰਾਂ ਵਿਚ ਅਪਣਾ ਪੱਕਾ ਨੈਟਵਰਕ ਤਿਆਰ ਕਰਨ ਅਤੇ ਕਾਂਗਰਸ ਦੇ ਪੱਕੇ ਵਰਕਰਾਂ ਦੀ ਫ਼ੌਜ ਤਿਆਰ.......
ਚੰਡੀਗੜ੍ਹ : ਲੋਕ ਸਭਾ ਚੋਣਾਂ ਤੋਂ ਪਹਿਲਾਂ ਪਿੰਡਾਂ ਅਤੇ ਸ਼ਹਿਰਾਂ ਵਿਚ ਅਪਣਾ ਪੱਕਾ ਨੈਟਵਰਕ ਤਿਆਰ ਕਰਨ ਅਤੇ ਕਾਂਗਰਸ ਦੇ ਪੱਕੇ ਵਰਕਰਾਂ ਦੀ ਫ਼ੌਜ ਤਿਆਰ ਕਰਨ ਦੀ ਲਹਿਰ ਵਿਚ ਕਾਂਗਰਸ ਕਾਫੀ ਸਫ਼ਲ ਰਹੀ ਹੈ। ਉਨ੍ਹਾਂ ਨੈਟਵਰਕ ਤਿਆਰ ਕਰਨ ਲਈ ਪਾਰਟੀ ਦੀ ਤਹਿ ਨੀਤੀ ਅਨੁਸਾਰ ਪੰਚਾਇਤ ਸੰਮਤੀਆਂ, ਜ਼ਿਲ੍ਹਾ ਪ੍ਰੀਸ਼ਦਾਂ, ਨਗਰ ਪਾਲਕਾਵਾਂ ਅਤੇ ਮਿਉਂਸਪਲ ਕਾਰਪੋਰੇਸ਼ਨ ਦੀਆਂ ਚੋਣਾਂ ਕਰਵਾ ਕੇ ਲੱਗਭਗ ਪੂਰੀ ਤਰ੍ਹਾਂ ਕਬਜ਼ ਜਮਾ ਲਿਆ ਹੈ। ਪਰ ਪੰਚਾਇਤਾਂ ਅਤੇ ਪ੍ਰੀਸ਼ਦਾਂ ਉਪਰ ਅਪਣਾ ਕਬਜ਼ਾ ਜਮਾਉਣ ਲਈ ਜੋ ਢੰਗ ਤਰੀਕਾ ਅਪਣਾਇਆ ਗਿਆ ਉਸ ਨੇ ਵੱਡੀ ਪੱਧਰ 'ਤੇ ਸ਼ਹਿਰਾਂ ਅਤੇ ਪਿੰਡਾਂ ਵਿਚ ਕੁੜਤਣ ਪੈਦਾ ਕੀਤੀ ਹੈ।
ਇਹ ਕੁੜਤਣ ਕਾਂਗਰਸ ਪਾਰਟੀ ਲਈ ਨੂਕਸਾਨਦੇਹ ਵੀ ਸਾਬਤ ਹੋ ਸਕਦੀ ਹੈ। ਪਾਰਟੀ ਨੇ ਨੀਤੀ ਤਹਿ ਕੀਤੀ ਸੀ ਕਿ ਲੋਕ ਸਭਾ ਚੋਣਾਂ ਤੋਂ ਪਹਿਲਾਂ ਪਿੰਡਾਂ ਅਤੇ ਸ਼ਹਿਰਾਂ ਅਪਣੇ ਪੱਕੇ ਨੁਮਾਇੰਦੇ ਲਾਏ ਜਾਣ ਅਤੇ ਫਿਰ ਇਨ੍ਹਾਂ ਨੁਮਾਇੰਦਿਆਂ ਰਾਹੀਂ ਹੀ ਸ਼ਹਿਰਾਂ ਅਤੇ ਪਿੰਡਾਂ ਵਿਚ ਵਿਕਾਸ ਦੇ ਕੰਮ ਕਰਵਾਏ ਜਾਣ। ਤਹਿ ਨੀਤੀ ਅਨੁਸਾਰ ਹੀ ਪਿਛਲੇ ਦਿਨੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਾਂਗਰਸੀ ਵਿਧਾਇਕਾਂ ਨਾਲ ਤਿੰਨ ਦਿਨ ਮੀਟਿੰਗ ਕੀਤੀ ਅਤੇ ਉਨ੍ਹਾਂ ਨੂੰ ਵਿਕਾਸ ਦੇ ਕੰਮਾਂ ਦੀਆਂ ਸੂਚੀਆਂ ਦੇਣ ਦੀ ਹਦਾਇਤ ਵੀ ਕੀਤੀ।
ਹੁਣ ਕਾਂਗਰਸੀ ਵਿਧਇਕ ਆਪੋ-ਅਪਣੇ ਹਲਕਿਆਂ ਦੇ ਪਿੰਡਾਂ ਅਤੇ ਮੁਹਲਿਆਂ ਵਿਚ ਕੀਤੇ ਜਾਣ ਵਾਲੇ ਵਿਕਾਸ ਕੰਮਾਂ ਦੀਆਂ ਸੂਚੀਆਂ ਪੰਚਾਇਤਾਂ ਅਤੇ ਨਗਰ ਪਾਲਕਾਵਾਂ ਦੇ ਅਪਣੇ ਪੱਕੇ ਨੁਮਾਇੰਦਿਆਂ ਦੀ ਸਲਾਹ ਨਾਲ ਤਿਆਰ ਕਰਨਗੇ ਅਤੇ ਜਿਥੇ ਉਥੇ ਹੀ ਵਿਕਾਸ ਲਈ ਫ਼ੰਡ ਜਾਰੀ ਹੋਣਗੇ। ਕਾਂਗਸ ਪਾਰਟੀ ਬੇਸ਼ਕ ਪਿੰਡਾਂ ਵਿਚ ਪੱਕੇ ਨੁਮਾਇੰਦੇ ਬਣਾਉਣ ਵਿਚ ਸਫ਼ਲ ਰਹੀ ਹੈ ਜੋ ਲੋਕ ਸਭਾ ਚੋਣਾਂ ਲਈ ਵੋਟਾਂ ਬਣਾਉਣ ਤੋਂ ਲੈ ਕੇ ਵੋਟਾਂ ਭੁਗਤਾਣ ਅਤੇ ਬੂਥਾਂ ਦਾ ਪ੍ਰਬੰਧ ਵੇਖਣਗੇ। ਪਰ ਪੰਜਾਬ ਦੇ ਵੱਖ-ਵੱਖ ਹਿੱਸਿਆਂ ਤੋਂ ਇਨ੍ਹਾਂ ਚੋਣਾਂ ਸਮੇਂ ਹੋਈਆਂ ਧਕੇਸ਼ਾਹੀਆਂ ਨੇ ਵਿਰੋਧੀਆਂ ਦੀ ਕਤਾਰ ਵੀ ਬਹੁਤ ਲੰਮੀ ਬਣਾ ਦਿਤੀ ਹੈ।
ਜੇਕਰ ਪਾਰਟੀ 2 ਜਾਂ ਤਿੰਨ ਦਰਜਨ ਨੁਮਾਇੰਦੇ ਪਿੰਡਾਂ ਵਿਚ ਬਣਾਉਣ ਵਿਚ ਸਫ਼ਲ ਹੋਈ ਹੈ ਤਾਂ ਇਨ੍ਹਾਂ ਨਾਲ ਧਕੇਸ਼ਾਹੀ ਹੋਈ ਉਨ੍ਹਾਂ ਦੀ ਕਤਾਰ ਵੀ ਬਹੁਤ ਲੰਮੀ ਹੋ ਗਈ ਹੈ। ਲੋਕ ਸਭਾ ਚੋਣਾਂ ਤਕ ਵਿਰੋਧੀਆਂ ਦਾ ਗੁਸਾ ਇਸੀ ਤਰ੍ਹਾਂ ਕਾਇਮ ਰਹਿੰਦਾ ਹੈ ਤਾਂ ਕਾਂਗਰਸ ਇਸ ਨੂੰ ਠੰਢਾ ਕਰਨ ਵਿਚ ਸਫ਼ਲ ਹੁੰਦੀ ਹੈ ਤਾਂ ਇਹੀ ਤਹਿ ਕਰੇਗਾ ਕਿ ਪੱਕੇ ਬਣਾਏ ਨੁਮਾਇੰਦਿਆਂ ਦਾ ਪਾਰਟੀ ਨੂੰ ਨੁਕਸਾਨ ਹੋਇਆ ਹੈ ਜਾਂ ਲਾਭ।