
ਬਠਿੰਡਾ ’ਚ ਮੀਟਿੰਗ ਕਰਨ ਆਏ ਭਾਜਪਾ ਆਗੂ ਮਨੋਰਜੰਨ ਕਾਲੀਆ ਨੂੰ ਕਿਸਾਨਾਂ ਨੇ ਘੇਰਿਆ
ਕਿਸਾਨਾਂ ਦੇ ਰੋਹ ਨੂੰ ਦੇਖਦਿਆਂ ਭਾਜਪਾ ਆਗੂ ਪਿਛਲੇ ਦਰਵਾਜ਼ਿਉਂ ਨਿਕਲੇ
ਬਠਿੰਡਾ, 23 ਜਨਵਰੀ (ਸੁਖਜਿੰਦਰ ਮਾਨ): ਖੇਤੀ ਬਿਲਾਂ ਨੂੰ ਵਾਪਸ ਲੈਣ ਦੀ ਮੰਗ ਨੂੰ ਲੈ ਕੇ ਪਿਛਲੇ ਪੰਜ ਮਹੀਨਿਆਂ ਤੋਂ ਸੰਘਰਸ਼ ਕਰ ਰਹੇ ਕਿਸਾਨਾਂ ਨੇ ਅੱਜ ਬਠਿੰਡਾ ਪੁੱਜੇ ਸਾਬਕਾ ਮੰਤਰੀ ਮਨੋਰਜੰਨ ਕਾਲੀਆ ਦਾ ਘਿਰਾਉ ਕਰ ਲਿਆ।
ਸਥਾਨਕ ਸ਼ਹਿਰ ਦੇ ਇਕ ਹੋਟਲ ’ਚ ਨਿਗਮ ਚੋਣਾਂ ਨੂੰ ਲੈ ਕੇ ਭਾਜਪਾ ਆਗੂਆਂ ਨਾਲ ਮੀਟਿੰਗ ਕਰਨ ਪੁੱਜੇ ਮਨੋਰੰਜਨ ਕਾਲੀਆ ਨੂੰ ਕਿਸਾਨਾਂ ਦੇ ਰੋਹ ਨੂੰ ਦੇਖਦਿਆਂ ਪਿਛਲਿਉਂ ਦਰਵਾਜ਼ੇ ਬਚ ਕੇ ਨਿਕਲਣ ਲਈ ਮਜਬੂਰ ਹੋਣਾ ਪਿਆ। ਇਸ ਦੌਰਾਨ ਪੁਲਿਸ ਤੇ ਕਿਸਾਨਾਂ ਵਿਚਕਾਰ ਖਿੱਚਧੂਹ ਵੀ ਹੋਈ ਤੇ ਅੱਕੇ ਕਿਸਾਨਾਂ ਨੇ ਪੁਲਿਸ ਵਲੋਂ ਲਗਾਏ ਬੈਰੀਕੇਡਾਂ ਨੂੰ ਤੋੜਦਿਆਂ ਹੋਟਲ ਨੂੰ ਘੇਰ ਲਿਆ। ਇਸ ਮੌਕੇ ਭਾਜਪਾ ਦਾ ਇਕ ਸੂਬਾਈ ਆਗੂ ਸਕੂਟਰੀ ’ਤੇ ਬੈਠ ਅਪਣੀ ਗੱਡੀ ਤਕ ਪੁੱਜਿਆ। ਰੋਹ ਵਿਚ ਆਏ ਕਿਸਾਨਾਂ ਨੇ ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਦੇ ਸੀਨੀਅਰ ਆਗੂ ਮੋਠੂ ਸਿੰਘ ਕੋਟੜਾ ਦੀ ਅਗਵਾਈ ਹੇਠ ਭਾਜਪਾ ਸਰਕਾਰ ਵਿਰੁਧ ਨਾਹਰੇਬਾਜ਼ੀ ਕੀਤੀ। ਹਾਲਾਂਕਿ ਇਹ ਵੀ ਪਤਾ ਚਲਿਆ ਹੈ ਕਿ ਕਿਸਾਨਾਂ ਦੀ ਆਮਦ ਦਾ ਪਤਾ ਲਗਦਿਆਂ ਹੀ ਤਹਿਸੀਲਦਾਰ ਸੁਖਬੀਰ ਸਿੰਘ ਬਰਾੜ ਅਤੇ ਐਸਪੀ ਜਸਪਾਲ ਨੇ ਭਾਜਪਾ ਆਗੂਆਂ ਨੂੰ ਮੌਕੇ ਦੀ ਨਜ਼ਾਕਤ ਸਮਝਦਿਆਂ ਮੀਟਿੰਗ ਸਮਾਪਤ ਕਰ ਕੇ ਇਥੋਂ ਚਲੇ ਜਾਣ ਦੀ ਅਪੀਲ ਕੀਤੀ ਸੀ ਪ੍ਰੰਤੂ ਮਨੋਰੰਜਨ ਕਾਲੀਆ ਅਤੇ ਹੋਰਨਾਂ ਆਗੂਆਂ ਨੇ ਅਧਿਕਾਰੀਆਂ ਦਾ ਸਖ਼ਤ ਵਿਰੋਧ ਕੀਤਾ ਅਤੇ ਕਿਹਾ ਕਿ ਕੀ ਉਹ ਡਰ ਕਾਰਨ ਪੰਜਾਬ ਛੱਡ ਕੇ ਹੀ ਨਾ ਚਲੇ ਜਾਣ। ਪ੍ਰੰਤੂ ਬਾਅਦ ਵਿਚ ਕਿਸਾਨਾਂ ਦੇ ਰੋਹ ਨੂੰ ਦੇਖਦਿਆਂ ਭਾਜਪਾ ਆਗੂਆਂ ਨੂੰ ਅਪਣੇ ਵਚਨਾਂ ਤੋਂ ਵਾਪਸ ਮੁੜਣਾ ਪਿਆ।
ਦਸਣਾ ਬਣਦਾ ਹੈ ਕਿ ਭਾਜਪਾ ਵਲੋਂ ਸਾਬਕਾ ਮੰਤਰੀ ਮਨੋਰੰਜਨ ਕਾਲੀਆ ਨੂੰ ਬਠਿੰਡਾ ਨਿਗਮ ਚੋਣਾਂ ਲਈ ਚੋਣ ਇੰਚਾਰਜ ਨਿਯੁਕਤ ਕੀਤਾ ਹੋਇਆ ਹੈ। ਅੱਜ ਮਨੋਰੰਜਨ ਕਾਲੀਆ ਸਥਾਨਕ ਮਿੱਤਲ ਮਾਲ ਦੇ ਨਜ਼ਦੀਕ ਸਥਿਤ ਇਕ ਹੋਟਲ ਵਿਚ ਪਾਰਟੀ ਦੇ ਕੋਰ ਗਰੁਪ ਨਾਲ ਉਮੀਦਵਾਰਾਂ ਦੀ ਚੋਣ ਸਬੰਧੀ ਮੀਟਿੰਗ ਕਰਨ ਪੁੱਜੇ ਹੋਏ ਸਨ। ਇਸ ਦੌਰਾਨ ਭਾਜਪਾ ਆਗੂ ਦੀ ਆਮਦ ਦਾ ਪਤਾ ਕਿਸਾਨਾਂ ਨੂੰ ਵੀ ਲੱਗ ਗਿਆ ਜਿਸ ਤੋਂ ਬਾਅਦ ਜ਼ਿਲ੍ਹਾ ਆਗੂ ਮੋਠੂ ਸਿੰਘ ਕੋਟੜਾ ਦੀ ਅਗਵਾਈ ਹੇਠ ਵੱਡੀ ਗਿਣਤੀ ਵਿਚ ਕਿਸਾਨ ਮਰਦ ਤੇ ਔਰਤਾਂ ਹੋਟਲ ਨਜ਼ਦੀਕ ਪੁੱਜ ਗਏ। ਇਸ ਮੌਕੇ ਪੁਲਿਸ ਵਲੋਂ ਵੀ ਹੋਟਲ ਦੇ ਚਾਰ-ਚੁਫ਼ੇਰੇ ਵੱਡੀ ਗਿਣਤੀ ਵਿਚ ਪੁਲਿਸ ਮੁਲਾਜ਼ਮ ਤੈਨਾਤ ਕਰ ਕੇ ਮਜ਼ਬੂਤ ਬੈਰੀਕੇਡ ਲਗਾਏ ਹੋਏ ਸਨ। ਪੁਲਿਸ ਵਲੋਂ ਖਿੱਚਧੂਹ ਕਰਨ ’ਤੇ ਕਿਸਾਨਾਂ ਨੇ ਬੈਰੀਕੇਡਾਂ ਨੂੰ ਉਖਾੜ ਸੁੱਟਿਆ ਅਤੇ ਉਹ ਨਾਹਰੇਬਾਜ਼ੀ ਕਰਦੇ ਹੋਏ ਹੋਟਲ ਦੇ ਬਿਲਕੁਲ ਨਜ਼ਦੀਕ ਪੁੱਜ ਗਏ, ਜਿਸ ਦੇ ਚਲਦੇ ਪੁਲਿਸ ਨੂੰ ਹੱਥਾਂ ਪੈਰਾਂ ਦੀ ਪੈ ਗਈ। ਇਸ ਦੌਰਾਨ ਕਿਸਾਨਾਂ ਨੇ ਅਪਣੇ ਲਾਊਡ ਸਪੀਕਰ ਵਾਲੀ ਗੱਡੀ ਨੂੰ ਵੀ ਲਿਆਉਣ ਦੀ ਮੰਗ ਰੱਖੀ ਪ੍ਰੰਤੂ ਬਾਅਦ ਵਿਚ ਉਸ ਨੂੰ ਜਾਣ ਦਿਤਾ ਗਿਆ ਜਿਸ ਤੋਂ ਬਾਅਦ ਕਿਸਾਨ ਹੋਟਲ ਦੇ ਸਾਹਮਣੇ ਹੀ ਧਰਨੇ ਉਪਰ ਬੈਠ ਗਏ। ਮਨੋਰੰਜਨ ਕਾਲੀਆ ਤੋਂ ਇਲਾਵਾ ਸਮੂਹ ਭਾਜਪਾ ਆਗੂਆਂ ਦੇ ਇਕ-ਇਕ ਕਰ ਕੇ ਚਲੇ ਜਾਣ ਤੋਂ ਬਾਅਦ ਪੁਲਿਸ ਨੇ ਸਾਰੇ ਬੈਰੀਕੇਡ ਚੁੱਕ ਦਿਤੇ ਤੇ ਕਿਸਾਨ ਲੰਮਾ ਸਮਾਂ ਉਥੇ ਨਾਹਰੇਬਾਜ਼ੀ ਕਰਦੇ ਰਹੇ। ਉਧਰ ਇਹ ਵੀ ਪਤਾ ਚਲਿਆ ਕਿ ਹੋਟਲ ਵਿਚੋਂ ਜਾਣ ਤੋਂ ਬਾਅਦ ਮਨੋਰੰਜਨ ਕਾਲੀਆ ਸਥਾਨਕ ਸ਼ਹਿਰ ਦੇ ਆਗੂ ਰਾਜੇਸ਼ ਨੋਨੀ ਦੇ ਘਰ ਗਏ ਅਤੇ ਉਥੋਂ ਜਲੰਧਰ ਨੂੰ ਵਾਪਸ ਚਲੇ ਗਏ।