
ਭਾਰਤ ’ਚ ਵਾਰੀ-ਵਾਰੀ ਨਾਲ ਚਾਰ ਰਾਜਧਾਨੀਆਂ ਹੋਣੀਆਂ ਚਾਹੀਦੀਆਂ ਹਨ : ਮਮਤਾ ਬੈਨਰਜੀ
ਦੇਸ਼ ਦੀ ਇਕੋ ਰਾਜਧਾਨੀ ਕਿਉਂ ਹੋਵੇ?
ਕੋਲਕਾਤਾ, 23 ਜਨਵਰੀ : ਪਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਸਨਿਚਰਵਾਰ ਨੂੰ ਕਿਹਾ ਕਿ ਭਾਰਤ ’ਚ ਵਾਰੀ ਵਾਰੀ ਨਾਲ ਚਾਰ ਰਾਜਧਾਨੀਆਂ ਹੋਣੀਆਂ ਚਾਹੀਦੀਆਂ ਹਨ ਅਤੇ ਦੇਸ ਦੇ ਵੱਖ-ਵੱਖ ਥਾਵਾਂ ’ਤੇ ਸੰਸਦ ਸੈਸ਼ਨ ਹੋਣੇ ਚਾਹੀਦੇ ਹਨ।
ਬੈਨਰਜੀ ਨੇ 23 ਜਨਵਰੀ ਨੂੰ ਨੇਤਾ ਜੀ ਸੁਭਾਸ ਚੰਦਰ ਬੋਸ ਦੇ ਜਨਮ ਦਿਵਸ ਨੂੰ ‘ਪਰਾਕਰਾਮ ਦਿਵਸ’ ਵਜੋਂ ਮਨਾਉਣ ਦੇ ਫ਼ੈਸਲੇ ਲਈ ਕੇਂਦਰ ਦੀ ਨਿੰਦਾ ਕੀਤੀ ਅਤੇ ਕਿਹਾ ਕਿ ਨਰਿੰਦਰ ਮੋਦੀ ਸਰਕਾਰ ਨੇ ਐਲਾਨ ਕਰਨ ਤੋਂ ਪਹਿਲਾਂ ਉਨ੍ਹਾਂ ਨਾਲ ਸਲਾਹ ਨਹੀਂ ਕੀਤੀ। ਉਨ੍ਹਾਂ ਨੇਤਾ ਜੀ ਨੂੰ ਉਨ੍ਹਾਂ ਦੀ 125 ਵੀਂ ਜਯੰਤੀ ’ਤੇ ਸ਼ਰਧਾਂਜਲੀ ਭੇਟ ਕਰਨ ਲਈ ਇਕ ਵਿਸਾਲ ਜਲੂਸ ਵਿਚ ਸਾਮਲ ਹੋਣ ਤੋਂ ਬਾਅਦ ਇਥੇ ਇਕ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ,‘‘ਬਿ੍ਰਟਿਸ਼ ਕਾਲ ਦੌਰਾਨ ਕੋਲਕਾਤਾ ਦੇਸ਼ ਦੀ ਰਾਜਧਾਨੀ ਸੀ। ਮੇਰੇ ਖ਼ਿਆਲ ਵਿਚ ਸਾਨੂੰ ਇਕ-ਇਕ ਕਰ ਕੇ ਚਾਰ ਰਾਜਧਾਨੀ ਮਿਲਣੀ ਚਾਹੀਦੀ ਹੈ। ਦੇਸ ਦੀ ਇਕੋ ਰਾਜਧਾਨੀ ਕਿਉਂ ਹੋਣੀ ਚਾਹੀਦੀ ਹੈ? ਦੇਸ ਵਿਚ ਵੱਖ-ਵੱਖ ਥਾਵਾਂ ’ਤੇ ਸੰਸਦ ਦਾ ਸੈਸ਼ਨ ਹੋਣਾ ਚਾਹੀਦਾ ਹੈ? ਸਾਨੂੰ ਅਪਣੀ ਧਾਰਣਾ ਬਦਲਣੀ ਪਏਗੀ।”
ਉਨ੍ਹਾਂ ਇਹ ਸਵਾਲ ਵੀ ਉਠਾਇਆ ਕਿ ਬੋਸ ਦਾ ਜਨਮਦਿਨ ‘ਦੇਸ਼ਨਾਇਕ ਦਿਵਸ’ ਕਿਉਂ ਨਹੀਂ ਮਨਾਇਆ ਜਾਣਾ ਚਾਹੀਦਾ? ਬੈਨਰਜੀ ਨੇ ਕਿਹਾ, “ਪਰਾਕਰਮ ਦਾ ਕੀ ਅਰਥ ਹੈ? ਹੋ ਸਕਦਾ ਹੈ ਕਿ ਉਹ ਮੈਨੂੰ ਰਾਜਨੀਤਿਕ ਤੌਰ ’ਤੇ ਨਾਪਸੰਦ ਕਰਦੇ ਹੋਣਗੇ, ਪਰ ਮੇਰੇ ਨਾਲ ਸਲਾਹ-ਮਸ਼ਵਰਾ ਕਰ ਸਕਦੇ ਸਨ। ਸ਼ਬਦ ਦੀ ਚੋੋਣ ਕਰਨ ਤੋਂ ਪਹਿਲਾਂ ਉਹ ਨੇਤਾ ਜੀ ਦੇ ਪੋਤੇ ਸੁਗਤ ਬੋਸ ਜਾਂ ਸੁਮੰਤਰ ਬੋਸ ਨਾਲ ਸਲਾਹ-ਮਸ਼ਵਰਾ ਕਰ ਸਕਦੇ ਸਨ। ਉਨ੍ਹਾਂ ਇਹ ਵੀ ਪੁਛਿਆ, ‘ਪਰਾਕਰਮ ’ ਨਾਂ ਕਿਸਨੇ ਦਿਤਾ ਹੈ’? ਅਸੀਂ ਇਸ ਦਿਨ ਨੂੰ ਇਥੇ ‘ਦੇਸ਼ਨਾਇਕ ਦਿਵਸ’ ਵਜੋਂ ਮਨਾ ਰਹੇ ਹਾਂ, ਕਿਉਂਕਿ ਇਸਦਾ ਇਕ ਇਤਿਹਾਸ ਹੈ। ਰਬਿੰਦਰਨਾਥ ਟੈਗੋਰ ਨੇ ਨੇਤਾ ਜੀ ਨੂੰ ‘ਦੇਸ਼ਨਾਇਕ’ ਕਿਹਾ ਸੀ। ਇਸੇ ਲਈ ਅਸੀਂ ਅੱਜ ਇਸ ਨਾਂ ਦੀ ਵਰਤੋਂ ਬੰਗਾਲ ਦੀਆਂ ਦੋ ਮਹਾਨ ਸਖ਼ਸ਼ੀਅਤਾਂ ਨੂੰ ਜੋੜਨ ਲਈ ਕੀਤੀ ਹੈ।”
(ਪੀਟੀਆਈ)