
ਸਿੱਖ ਸਦਭਾਵਨਾ ਦਲ ਨੇ ਪਾਵਨ ਸਰੂਪਾਂ ਦੇ ਮਾਮਲੇ ਨੂੰ ਲੈ ਕੇ ਸੁੱਖ ਸਰਕਾਰੀਆ ਦੇ ਘਰ ਦੇ ਬਾਹਰ ਕੀਰਤਨ ਕਰ ਕੇ ਦਿਤਾ ਪੰਥਕ ਹੋਕਾ
ਅੰਮ੍ਰਿਤਸਰ, 23 ਜਨਵਰੀ (ਅਮਨਦੀਪ ਸਿੰਘ ਕੱਕੜ): ਸ਼੍ਰੋ.ਗੁ.ਪ੍ਰ.ਕਮੇਟੀ ਵਲੋਂ 328 ਸਰੂਪਾਂ ਦੇ ਲਾਪਤਾ ਮਾਮਲੇ ਤੋਂ ਬਾਅਦ ਲਗਾਤਾਰ ਸਿੱਖ ਸਦਭਾਵਨਾ ਦਲ ਵਲੋਂ ਸ੍ਰੀ ਦਰਬਾਰ ਸਾਹਿਬ ਜਾਣ ਵਾਲੇ ਰਸਤੇ ਹੈਰੀਟੇਜ਼ ਸਟਰੀਟ ’ਤੇ ਬੈਠ ਕੇ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਇਸ ਨਾਲ ਮੰਤਰੀਆਂ ਦੇ ਘਰਾਂ ਦੇ ਬਾਹਰ ਵੀ ਕੀਰਤਨ ਕਰ ਕੇ ਪੰਥਕ ਹੋਕਾ ਦਿਤਾ ਜਾ ਰਿਹਾ ਹੈ। ਸਿੱਖ ਸਦਭਾਵਨਾ ਦਲ ਵਲੋਂ ਪੁਲਿਸ ਕਮਿਸ਼ਨਰ ਦੇ ਘਰ ਦੇ ਬਾਹਰ ਵੀ ਪ੍ਰਦਰਸ਼ਨ ਕੀਤਾ ਗਿਆ ਸੀ।
ਅੱਜ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਸ. ਸੁਖਬਿੰਦਰ ਸਿੰਘ ਸਰਕਾਰੀਆ ਦੇ ਘਰ ਦੇ ਬਾਹਰ ਕੀਰਤਨ ਕਰ ਕੇ ਪੰਥਕ ਹੋਕਾ ਦਿਤਾ ਗਿਆ। ਇਸ ਸਮੇਂ ਭਾਈ ਬਲਦੇਵ ਸਿੰਘ ਵਡਾਲਾ ਨੇ ਕਿਹਾ ਕਿ ਉਨ੍ਹਾਂ ਵਲੋਂ ਪੰਜਾਬ ਦੇ ਹਰ ਇਕ ਪਿੰਡ ਵਿਚ ਪਹੁੰਚ ਕੇ ਇਸੇ ਤਰ੍ਹਾਂ ਕੀਰਤਨ ਕਰ ਕੇ ਪੰਥਕ ਹੋਕਾ ਦਿਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਉਤੇ ਕਾਬਜ਼ ਬਾਦਲ ਦਲੀਆਂ ਵਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ 328 ਪਾਵਨ ਸਰੂਪ ਚੋਰੀ ਵੇਚੇ ਗਏ। ਜਿਨ੍ਹਾਂ ਬਾਬਤ ਦੋਸ਼ੀਆਂ ਵਿਰੁਧ ਕਾਰਵਾਈ ਕਰਵਾਉਂਣ ਲਈ ਗੁਰਦੁਆਰਾ ਪ੍ਰਬੰਧ ਸੁਧਾਰ ਲਹਿਰ ਤਹਿਤ ਸਿੱਖ ਸਦਭਾਵਨਾ ਦਲ ਅਤੇ ਗੁ: ਸ੍ਰੀ ਅਕਾਲ ਬੁੰਗਾ ਸਾਹਿਬ ਸੁਭਾਨਾ ਵਲੋਂ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ 4 ਨਵੰਬਰ ਤੋਂ ਪੰਥਕ ਹੋਕੇ ਦੀ ਅਰੰਭਤਾ ਕੀਤੀ ਗਈ ਜਿਸ ਵਲ ਪੰਜਾਬ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਬਿਲਕੁਲ ਧਿਆਨ ਨਹੀਂ ਦੇ ਰਿਹਾ ਅਤੇ ਬਾਦਲ ਦਲੀਆਂ ਨੂੰ ਬਚਾਉਂਦਾ ਨਜ਼ਰ ਆ ਰਿਹਾ ਹੈ। ਇਸ ਲਈ ਸੰਘਰਸ਼ ਨੂੰ ਹੋਰ ਤਿੱਖਾ ਕਰਨ ਲਈ ਪੰਜਾਬ ਸਰਕਾਰ ਦੇ ਮੰਤਰੀਆਂ ਦੇ ਘਰ ਦੇ ਬਾਹਰ ਜ਼ਮੀਰ ਜਗਾਉ ਪੰਥਕ ਹੋਕਾ ਦਿਤਾ ਜਾ ਰਿਹਾ ਹੈ।
ਵਰਨਣਯੋਗ ਹੈ ਕਿ ਕੈਬਨਿਟ ਮੰਤਰੀ ਸ. ਸੁਖਬਿੰਦਰ ਸਿੰਘ ਸਰਕਾਰੀਆ ਇਸ ਸਮੇਂ ਘਰ ਵਿਚ ਮਜੂਦ ਨਹੀਂ ਸਨ। ਇਸ ਮੌਕੇ ਭਾਈ ਗੁਰਬਿੰਦਰ ਸਿੰਘ ਭਾਗੋਵਾਲ, ਭਾਈ ਬਲਵਿੰਦਰ ਸਿੰਘ, ਭਾਈ ਇਕਬਾਲ ਸਿੰਘ ਮਨਾਵਾ ਆਦਿ ਹਾਜ਼ਰ ਸਨ।
ਫ਼ੋਟੋ ਕੈਪਸ਼ਨ- ਸੁਖ ਸਰਕਾਰੀਆ ਦੇ ਘਰ ਦੇ ਬਾਹਰ ਕੀਰਤਨ ਕਰਦੇ ਹੋਏ ਸਿੱਖ ਸਦਭਾਵਨਾ ਦਲ ਦੇ ਮੈਂਬਰ।