
ਰਾਹੁਲ ਤੇ ਸੋਨੀਆ ਗਾਂਧੀ ਨੇ ਸ਼ਿਕਾਇਤ ਮਿਲਣ 'ਤੇ ਵੀ ਕਿਉਂ ਨਾ ਕੀਤੀ ਕਾਰਵਾਈ? : ਰਾਘਵ ਚੱਢਾ
ਵੀ ਕਿਉਂ ਨਾ ਕੀਤੀ ਕਾਰਵਾਈ? : ਰਾਘਵ ਚੱਢਾ
ਚੰਨੀ 'ਤੇ ਵਿਕਰਮ ਮਜੀਠੀਆ 'ਤੇ 111 ਦਿਨਾਂ 'ਚ 1111 ਕਰੋੜ ਕਮਾਉਣ ਦੇ ਦੋਸ਼, ਕੀ ਅਰਵਿੰਦ ਕੇਜਰੀਵਾਲ ਵਾਂਗ ਮਜੀਠੀਆ 'ਤੇ ਮਾਣਹਾਨੀ ਦਾ ਕੇਸ ਕਰਨਗੇ ਚੰਨੀ ?
ਚੰਡੀਗੜ੍ਹ, 23 ਜਨਵਰੀ (ਸ.ਸ.ਸ.) : ਆਮ ਆਦਮੀ ਪਾਰਟੀ (ਆਪ) ਦੇ ਪੰਜਾਬ ਮਾਮਲਿਆਂ ਦੇ ਸਹਿ-ਇੰਚਾਰਜ ਰਾਘਵ ਚੱਢਾ ਨੇ ਕਾਂਗਰਸ ਦੀ ਲੀਡਰਸ਼ਿਪ ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ 'ਤੇ ਸਵਾਲ ਉਠਾਉਂਦੇ ਹੋਏ ਕਿਹਾ ਕਿ ਜਦੋਂ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੂੰ ਰੇਤ ਮਾਫ਼ੀਆ ਚਲਾਉਣ ਲਈ ਚਰਨਜੀਤ ਸਿੰਘ ਚੰਨੀ ਵਿਰੁਧ ਲਿਖਤੀ ਸ਼ਿਕਾਇਤ ਕੀਤੀ ਸੀ ਤਾਂ ਉਸ ਖ਼ਿਲਾਫ਼ ਕਾਰਵਾਈ ਕਿਉਂ ਨਹੀਂ ਕੀਤੀ? ਚੱਢਾ ਨੇ ਕਿਹਾ ਕਿ ਕਾਂਗਰਸ ਲੀਡਰਸ਼ਿਪ ਨੇ ਚੰਨੀ 'ਤੇ ਕਾਰਵਾਈ ਕਰਨ ਦੀ ਬਜਾਏ ਉਨ੍ਹਾਂ ਨੂੰ ਮੁੱਖ ਮੰਤਰੀ ਬਣਾ ਦਿਤਾ |
ਚੱਢਾ ਨੇ ਕਾਂਗਰਸ ਦੀ ਸਿਖਰਲੀ ਲੀਡਰਸ਼ਿਪ ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਨੂੰ ਸਵਾਲ ਕੀਤਾ ਕਿ ਜਦੋਂ ਉਨ੍ਹਾਂ ਨੂੰ ਪਤਾ ਲੱਗ ਗਿਆ ਸੀ ਕਿ ਚੰਨੀ ਰੇਤ ਮਾਫ਼ੀਆ ਨਾਲ ਜੁੜੇ ਹੋਏ ਹਨ ਤਾਂ ਉਨ੍ਹਾਂ ਨੂੰ ਮੁੱਖ ਮੰਤਰੀ ਕਿਉਂ ਬਣਾਇਆ ਗਿਆ? ਮੁੱਖ ਮੰਤਰੀ ਬਣਨ ਤੋਂ ਬਾਅਦ ਵੀ ਜਦੋਂ ਚੰਨੀ ਦੇ ਰਿਸ਼ਤੇਦਾਰਾਂ 'ਤੇ ਈਡੀ ਦੇ ਛਾਪੇ 'ਚ ਕਰੋੜਾਂ ਰੁਪਏ ਅਤੇ ਕਈ ਬੇਨਾਮੀ ਜਾਇਦਾਦ ਦੇ ਕਾਗਜ਼ ਮਿਲੇ ਤਾਂ ਚੰਨੀ ਨੂੰ ਪਾਰਟੀ 'ਚੋਂ ਮੁਅੱਤਲ ਕਿਉਂ ਨਹੀਂ ਕੀਤਾ ਗਿਆ? ਉਨ੍ਹਾਂ ਸਵਾਲ ਉਠਾਇਆ ਕਿ ਕੀ ਰੇਤ ਮਾਫ਼ੀਆ ਦਾ ਪੈਸਾ ਕਾਂਗਰਸ ਲੀਡਰਸ਼ਿਪ ਤਕ ਵੀ ਪਹੁੰਚ ਰਿਹਾ ਹੈ, ਇਸੇ ਕਰ ਕੇ ਕਾਂਗਰਸ ਲੀਡਰਸ਼ਿਪ ਮੁੱਖ ਮੰਤਰੀ ਚੰਨੀ ਵਿਰੁਧ ਕਾਰਵਾਈ ਕਰਨ ਤੋਂ ਗੁਰੇਜ ਕਰ ਰਹੀ ਹੈ? ਰਾਘਵ ਚੱਢਾ ਨੇ ਕਿਹਾ ਕਿ ਮਾਮਲੇ ਨੂੰ ਲੈ ਕੇ ਰਾਜਪਾਲ ਨਾਲ ਮੁਲਾਕਾਤ ਲਈ ਸਮਾਂ ਮੰਗਿਆ ਗਿਆ ਹੈ |
ਚੱਢਾ ਨੇ ਕਿਹਾ ਕਿ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਕ ਬਿਆਨ ਜਾਰੀ ਕਰ ਕੇ ਕਿਹਾ ਹੈ ਕਿ ਜਦੋਂ ਉਹ ਮੁੱਖ ਮੰਤਰੀ ਸਨ ਤਾਂ ਉਨ੍ਹਾਂ ਨੇ ਚਮਕੌਰ ਸਾਹਿਬ 'ਚ ਗ਼ੈਰ-ਕਾਨੂੰਨੀ ਮਾਈਨਿੰਗ ਦੇ ਮਾਮਲੇ 'ਚ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੂੰ ਤਤਕਾਲੀ ਮੰਤਰੀ ਚਰਨਜੀਤ ਸਿੰਘ ਚੰਨੀ ਵਿਰੁਧ ਲਿਖ਼ਤੀ ਤੌਰ 'ਤੇ ਸ਼ਿਕਾਇਤ ਕੀਤੀ ਸੀ, ਪਰ ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਨੇ ਰੇਤ ਮਾਫ਼ੀਆ ਲਈ ਚੰਨੀ ਵਿਰੁਧ ਕਾਰਵਾਈ ਕਰਨ ਦੀ ਬਜਾਏ ਉਨ੍ਹਾਂ ਨੂੰ ਇਸਦਾ ਇਨਾਮ ਦੇ ਕੇ ਮੁੱਖ ਮੰਤਰੀ ਬਣਾ ਦਿਤਾ | ਉਨ੍ਹਾਂ ਕਿਹਾ ਕਿ ਜੇਕਰ ਕਾਂਗਰਸ ਦੀ ਸਿਖਰਲੀ ਲੀਡਰਸ਼ਿਪ ਪੰਜਾਬ ਵਿਚ ਹੋ ਰਹੇ ਰੇਤ ਮਾਫ਼ੀਆ, ਡਰੱਗ ਮਾਫ਼ੀਆ ਅਤੇ ਹੋਰ ਮਾਫ਼ੀਆ ਦੀ ਚਿੰਤਾ ਹੁੰਦੀ ਤਾਂ ਉਹ ਰੇਤ ਮਾਫ਼ੀਆ ਨੂੰ ਚਲਾਉਣ ਵਾਲੇ ਚਰਨਜੀਤ ਸਿੰਘ ਚੰਨੀ ਨੂੰ ਕਦੇ ਵੀ ਪੰਜਾਬ ਦਾ ਮੁੱਖ ਮੰਤਰੀ ਨਾ ਬਣਾਉਂਦੀ |
ਅਕਾਲੀ ਆਗੂ ਵਿਕਰਮ ਸਿੰਘ ਮਜੀਠੀਆ ਵਲੋਂ ਮੁੱਖ ਮੰਤਰੀ ਚੰਨੀ 'ਤੇ ਲਾਏ ਗਏ ਗੰਭੀਰ ਦੋਸ਼ਾਂ 'ਤੇ ਚੱਢਾ ਨੇ ਕਿਹਾ ਕਿ ਮਜੀਠੀਆ ਨੇ ਕਿਹਾ ਹੈ ਕਿ ਚੰਨੀ, ਉਸ ਦੇ ਰਿਸ਼ਤੇਦਾਰ ਹਨੀ ਐਂਡ ਮਨੀ (ਪੈਸਾ) ਦਾ ਇਕ 'ਨੇਕਸਸ' ਚਲ ਰਿਹਾ ਹੈ ਅਤੇ ਰੇਤ ਮਾਫ਼ੀਆ ਦਾ ਕਰੋੜਾਂ ਰੁਪਏ ਦਾ ਧੰਦਾ ਹੋ ਰਿਹਾ ਹੈ | ਮਜੀਠੀਆ ਨੇ ਇਹ ਵੀ ਦੋਸ਼ ਲਾਇਆ ਕਿ ਮੁੱਖ ਮੰਤਰੀ ਚੰਨੀ ਦੇ ਰਿਸ਼ਤੇਦਾਰਾਂ ਨੇ ਜੰਗਲਾਤ ਵਿਭਾਗ, ਜਿਥੇ ਖ਼ੁਦਾਈ ਨਹੀਂ ਹੋ ਸਕਦੀ, ਮਾਈਨਿੰਗ ਕਰਵਾਈ ਅਤੇ ਪੈਸੇ ਬਟੋਰੇ | ਮਜੀਠੀਆ ਨੇ ਚੰਨੀ 'ਤੇ 111 ਦਿਨਾਂ 'ਚ 1111 ਕਰੋੜ ਰੁਪਏ ਕਮਾਉਣ ਦਾ ਦੋਸ਼ ਲਗਾਇਆ | ਚੱਢਾ ਨੇ ਮੁੱਖ ਮੰਤਰੀ ਚੰਨੀ ਨੂੰ ਸਵਾਲ ਕਰਦੇ ਹੋਏ ਕਿਹਾ ਕਿ ਕੀ ਹੁਣ ਚੰਨੀ ਵੀ ਆਮ ਆਦਮੀ ਪਾਰਟੀ ਅਤੇ ਅਰਵਿੰਦ ਕੇਜਰੀਵਾਲ ਵਾਂਗ ਬਿਕਰਮ ਮਜੀਠੀਆ 'ਤੇ ਮਾਣਹਾਨੀ ਦਾ ਮੁਕੱਦਮਾਂ ਦਰਜ ਕਰਨਗੇ?
ਚੱਢਾ ਨੇ ਕਿਹਾ ਕਿ ਅਸੀਂ ਕੁੱਝ ਹਫ਼ਤੇ ਪਹਿਲਾਂ ਹੀ ਮੀਡੀਆ ਦੇ ਕੈਮਰਿਆਂ ਸਾਹਮਣੇ ਮੁੱਖ ਮੰਤਰੀ ਚੰਨੀ ਦੇ ਵਿਧਾਨ ਸਭਾ ਹਲਕੇ ਚਮਕੌਰ ਸਾਹਿਬ 'ਚ ਹੋ ਰਹੇ ਰੇਤ ਮਾਫ਼ੀਆ ਦਾ ਪਰਦਾਫ਼ਾਸ਼ ਕੀਤਾ ਸੀ ਅਤੇ ਪੰਜਾਬ ਦੇ ਲੋਕਾਂ ਨੂੰ ਦਸਿਆ ਸੀ ਕਿ ਮੁੱਖ ਮੰਤਰੀ ਚੰਨੀ ਅਤੇ ਉਨ੍ਹਾਂ ਦੇ ਰਿਸ਼ਤੇਦਾਰਾਂ ਰਾਹੀਂ ਇਥੇ ਰੇਤ ਮਾਫ਼ੀਆ ਦਾ ਕਾਰੋਬਾਰ ਚਲਾਇਆ ਜਾ ਰਿਹਾ ਹੈ | ਈਡੀ ਦੀ ਛਾਪੇਮਾਰੀ 'ਚ ਮੁੱਖ ਮੰਤਰੀ ਦੇ ਭਤੀਜੇ ਦੇ ਘਰੋਂ ਕਰੋੜਾਂ ਰੁਪਏ ਦੀ ਬਰਾਮਦਗੀ ਸਾਡੀ ਗੱਲ ਸਹੀ ਸਾਬਤ ਹੋਈ |
ਚੱਢਾ ਨੇ ਹੈਰਾਨੀ ਜਾਹਰ ਕੀਤੀ ਕਿ ਉਨ੍ਹਾਂ ਦੇ ਸਿਰਫ਼ ਇਕ ਭਤੀਜੇ ਤੋਂ 11 ਕਰੋੜ ਰੁਪਏ ਮਿਲੇ ਹਨ | ਪਤਾ ਨਹੀਂ ਮੁੱਖ ਮੰਤਰੀ ਦੇ ਅਜਿਹੇ ਹੋਰ ਕਿੰਨੇ ਰਿਸ਼ਤੇਦਾਰ ਹਨ | ਜੇਕਰ ਮੁੱਖ ਮੰਤਰੀ ਚੰਨੀ 'ਤੇ ਰੇਡ ਪਏ ਤਾਂ ਅੰਦਾਜ਼ਾ ਲਗਾਉਣਾ ਮੁਸ਼ਕਲ ਹੈ ਕਿ ਕਿੰਨੇ ਰੁਪਏ ਮਿਲਣਗੇ! ਚੱਢਾ ਨੇ ਕਿਹਾ ਕਿ ਜਦੋਂ ਚੰਨੀ ਨੇ 111 ਦਿਨਾਂ 'ਚ ਇੰਨੇ ਕਰੋੜ ਬਣਾਏ, ਜੇਕਰ ਉਹ 5 ਸਾਲ ਪੰਜਾਬ ਦੇ ਮੁੱਖ ਮੰਤਰੀ ਰਹਿੰਦੇ ਤਾਂ ਫਿਰ ਕਿੰਨੇ ਪੈਸੇ ਬਣਾਉਂਦੇ! ਚੱਢਾ ਨੇ ਕਿਹਾ ਕਿ ਅੱਜ ਕਲ ਪੰਜਾਬ ਵਿਚ ਇੱਕ ਨਵਾਂ ਨਾਹਰਾ ਚੱਲ ਰਿਹਾ ਹੈ, ''ਗਲੀ ਗਲੀ ਵਿਚ ਸ਼ੋਰ ਹੈ, ਚੰਨੀ ਰੇਤ ਚੋਰ ਹੈ' |