
ਪਿਛਲੇ ਦਸ ਸਾਲਾਂ ਵਿਚ ਅਕਾਲੀ ਭਾਜਪਾ ਸਰਕਾਰ ਨੇ ਕੋਈ ਕੰਮ ਨਹੀਂ ਕੀਤਾ ਤਾਂ ਲੋਕਾਂ ਨੇ ਉਨ੍ਹਾਂ ਨੂੰ ਬਾਹਰ ਦਾ ਰਸਤਾ ਵਿਖਾ ਦਿਤਾ......
ਚੰਡੀਗੜ੍ਹ : ਪਿਛਲੇ ਦਸ ਸਾਲਾਂ ਵਿਚ ਅਕਾਲੀ ਭਾਜਪਾ ਸਰਕਾਰ ਨੇ ਕੋਈ ਕੰਮ ਨਹੀਂ ਕੀਤਾ ਤਾਂ ਲੋਕਾਂ ਨੇ ਉਨ੍ਹਾਂ ਨੂੰ ਬਾਹਰ ਦਾ ਰਸਤਾ ਵਿਖਾ ਦਿਤਾ। ਹੁਣ ਦੋ ਸਾਲ ਲੰਘ ਗਏ ਆਪਾ ਵੀ ਉਸੀ ਰਸਤੇ ਚਲੇ ਗਏ ਹਾਂ ਕਿਤੇ ਅਪਣਾ ਵੀ ਅਕਾਲੀਆਂ ਵਾਲਾ ਹਾਲ ਨਾ ਕਰ ਦੇਣ ਲੋਕ। ਇਹ ਚਿਤਾਵਨੀ ਕਾਂਗਰਸ ਦੇ ਵਿਧਾਇਕ ਸੰਗਤ ਸਿੰਘ ਗਿਲਜੀਆ ਨੇ ਅਪਣੇ ਸਵਾਲ ਦਾ ਤਸੱਲੀਬਖ਼ਸ਼ ਜਵਾਬ ਨਾ ਮਿਲਣ 'ਤੇ ਜਲ ਸਪਲਾਈ ਮੰਤਰੀ ਰਜ਼ੀਆ ਸੁਲਤਾਨਾ ਨੂੰ ਕਹੀ। ਸ. ਗਿਲਜੀਆਂ ਨੇ ਅਪਣੇ ਸਵਾਲ ਵਿਚ ਪੁਛਿਆ ਸੀ ਕਿ ਜ਼ਿਲ੍ਹਾ ਹੁਸ਼ਿਆਰਪੁਰ ਦੇ ਬਲਾਕ ਭੁੰਮਾ ਵਿਚ ਪੀਣ ਵਾਲੇ ਪਾਣੀ ਦੀ ਭਾਰੀ ਕਮੀ ਹੈ ਤੇ ਪਾਣੀ ਪ੍ਰਦੂਸ਼ਤ ਹੈ।
ਲੋਕ ਬੀਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ। ਕੀ ਇਸ ਇਲਾਕੇ ਲਈ ਪੀਣ ਦੇ ਪਾਣੀ ਦੀ ਕਿਲਤ ਦੂਰ ਕਰਨ ਦੀ ਕੋਈ ਸਕੀਮ ਵਿਚਾਰ ਅਧੀਨ ਹੈ। ਰਜ਼ੀਆ ਸੁਲਤਾਨਾ ਜਲ ਸਪਲਾਈ ਮੰਤਰੀ ਨੇ ਅਪਣੇ ਜਵਾਬ ਵਿਚ ਕਿਹਾ ਕਿ ਉਪਰੋਕਤ ਬਲਾਕ ਵਿਚ ਪਾਣੀ ਸਪਲਾਈ ਸਕੀਮਾਂ ਰਾਹੀਂ ਜੋ ਪਾਣੀ ਦਿਤਾ ਜਾ ਰਿਹਾ ਹੈ, ਉਹ ਪੂਰੀ ਤਰ੍ਹਾਂ ਪੀਣ ਯੋਗ ਹੈ ਅਤੇ ਦੂਸ਼ਿਤ ਨਹੀਂ। ਉਨ੍ਹਾਂ ਇਹ ਵੀ ਦਸਿਆ ਕਿ ਸਰਕਾਰ ਵਲੋਂ ਕੰਢੀ ਏਰੀਏ ਵਿਚ ਪੀਣ ਵਾਲੇ ਪਾਣੀ ਦੀਆਂ ਸਕੀਮਾਂ ਲਈ 10 ਕਰੋੜ ਰੁਪਏ ਦੀ ਰਕਮ ਪ੍ਰਵਾਨ ਕੀਤੀ ਹੈ।
15ਵੇਂ ਵਿੱਤ ਕਮਿਸ਼ਨ ਨੂੰ ਵੀ ਕੰਢੀ ਖੇਤਰ ਦੇ ਸੁਧਾਰ ਲਈ ਸਕੀਮ ਭੇਜੀ ਗਈ ਹੈ। ਜਦ ਮੰਤਰੀ ਤੋਂ ਪੁਛਿਆ ਗਿਆ ਕਿ ਬਲਾਕ ਭੁੰਮਾ ਦੀ ਸਮੱਸਿਆ ਕਦੋਂ ਦੂਰ ਹੋਵੇਗੀ। ਮੰਤਰੀ ਨੇ ਕਿਹਾ ਕਿ ਫ਼ੰਡ ਮਿਲਣ ਉਪਰੰਤ ਕੰਮ ਕਰ ਦਿਆਂਗੇ। ਵਿਧਾਇਕ ਨੇ ਕਿਹਾ ਕਿ ਹਲਕੇ ਵਿਚ ਲੋਕ ਉਨ੍ਹਾਂ ਨੂੰ ਪੁਛਦੇ ਹਨ ਕਿ 10 ਸਾਲ ਤਾਂ ਅਕਾਲੀਆਂ ਨੇ ਲਾਰਿਆਂ ਵਿਚ ਕੱਢ ਦਿਤੇ ਅਤੇ ਦੋ ਸਾਲ ਸਾਡੀ ਸਰਕਾਰ ਨੂੰ ਹੋ ਗਏ। ਲੋਕ ਬੇਹੱਦ ਔਖੇ ਹਨ। ਅਸੀਂ ਉਨ੍ਹਾਂ ਨੂੰ ਕੋਈ ਜਵਾਬ ਨਹੀਂ ਦੇ ਸਕਦੇ। ਵਿਧਾਇਕ ਨੇ ਦੁਖੀ ਹੋ ਕੇ ਕਿਹਾ ਕਿ ਕਿਤੇ ਲੋਕ ਅਪਣਾ ਵੀ ਅਕਾਲੀਆਂ ਵਾਲਾ ਹਾਲ ਨਾ ਕਰ ਦੇਣ।