
ਗਿੱਦੜਬਾਹਾ ਦੇ ਪਿੰਡ ਥੇਹੜੀ ਵਿਖੇ ਉਸ ਸਮੇਂ ਮਾਹੌਲ ਤਣਾਅਪੂਰਨ ਹੋ ਗਿਆ ਜਦ ਸਥਾਨਕ ਪ੍ਰਸ਼ਾਸਨ ਨੇ ਪੁਲਿਸ ਦੀ ਮਦਦ ਨਾਲ ਸਰਕਾਰੀ ਪ੍ਰਾਇਮਰੀ ਸਕੂਲ ਵਿਚ ਪੋਸਟ ਟੈਸਟਿੰਗ......
ਗਿੱਦੜਬਾਹਾ : ਗਿੱਦੜਬਾਹਾ ਦੇ ਪਿੰਡ ਥੇਹੜੀ ਵਿਖੇ ਉਸ ਸਮੇਂ ਮਾਹੌਲ ਤਣਾਅਪੂਰਨ ਹੋ ਗਿਆ ਜਦ ਸਥਾਨਕ ਪ੍ਰਸ਼ਾਸਨ ਨੇ ਪੁਲਿਸ ਦੀ ਮਦਦ ਨਾਲ ਸਰਕਾਰੀ ਪ੍ਰਾਇਮਰੀ ਸਕੂਲ ਵਿਚ ਪੋਸਟ ਟੈਸਟਿੰਗ ਕਰਵਾਉਣੀ ਸ਼ੁਰੂ ਕਰ ਦਿਤੀ। ਇਸ ਸਬੰਧੀ ਅਧਿਆਪਕ ਆਗੂ ਰਣਜੀਤ ਸਿੰਘ ਭਲਾਈਆਣਾ ਨੇ ਦਸਿਆ ਕਿ ਬੀਤੇ ਦਿਨ ਮਲੋਟ ਵਿਖੇ ਜ਼ਿਲ੍ਹਾ ਸਿੱਖਿਆ ਅਫ਼ਸਰ ਅਤੇ ਅਧਿਆਪਕਾਂ ਦੀ ਹੋਈ ਤਕਰਾਰ ਤੋਂ ਬਾਅਦ ਮਲੋਟ ਪ੍ਰਸ਼ਾਸਨ ਵਲੋਂ ਅਧਿਆਪਕਾਂ ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰ ਵਿਚਕਾਰ ਸਮਝੌਤਾ ਕਰਵਾ ਦਿਤਾ ਗਿਆ ਸੀ।
ਜ਼ਿਲ੍ਹਾ ਸਿੱਖਿਆ ਅਫ਼ਸਰ ਨੇ ਮੰਨਿਆ ਸੀ ਕਿ ਬਿਨਾਂ ਅਧਿਆਪਕਾਂ ਦੀ ਇਜਾਜ਼ਤ ਸਕੂਲਾਂ ਵਿਚ ਪੋਸਟ ਟੈਸਟਿੰਗ ਨਹੀਂ ਕੀਤੀ ਜਾਵੇਗੀ ਪਰ ਅਪਣੇ ਵਾਅਦੇ ਤੋਂ ਮੁਨੱਕਰ ਹੁੰਦਿਆਂ ਅੱਜ ਜ਼ਿਲ੍ਹਾ ਸਿੱਖਿਆ ਅਫ਼ਸਰ ਨੇ ਸਥਾਨਕ ਪ੍ਰਸ਼ਾਸਨ ਨਾਲ ਗੱਲ ਕਰ ਕੇ ਧੱਕੇ ਨਾਲ ਥੇਹੜੀ ਸਕੂਲ ਵਿਚ ਪੋਸਟ ਟੈਸਟਿੰਗ ਸ਼ੁਰੂ ਕਰਵਾ ਦਿਤੀ। ਸਕੂਲ ਅਧਿਆਪਕਾਂ ਨੂੰ ਕਮਰਿਆਂ ਵਿਚ ਹੀ ਰੋਕ ਦਿਤਾ ਅਤੇ ਬੱਚਿਆਂ ਨੂੰ ਵੀ ਕਲਾਸਾਂ ਵਿਚੋਂ ਬਾਹਰ ਜਾਣ ਤੋਂ ਮਨ੍ਹਾਂ ਕਰ ਦਿਤਾ ਜਿਸ ਕਰ ਕੇ ਬੱਚਿਆਂ ਵਿਚ ਵੀ ਸਹਿਮ ਵੇਖਣ ਨੂੰ ਮਿਲਿਆ।
ਸਕੂਲ ਮੁਖੀ ਗੁਰਿੰਦਰਪਾਲ ਸਿੰਘ ਨੇ ਕਿਹਾ ਕਿ ਕਲ ਦੇ ਫ਼ੈਸਲੇ ਅਨੁਸਾਰ ਅਸੀਂ ਅੱਜ ਸਵੇਰੇ ਹੀ ਜ਼ਿਲ੍ਹਾ ਸਿੱਖਿਆ ਅਫ਼ਸਰ ਨੂੰ ਟੈਸਟਿੰਗ ਲਈ ਲਿਖਤੀ ਰੂਪ ਵਿਚ ਮਨ੍ਹਾ ਕਰ ਦਿਤਾ ਸੀ। ਬਾਵਜੂਦ ਇਸ ਦੇ ਪ੍ਰਸ਼ਾਸਨ ਨੇ ਪੁਲਿਸ ਦੀ ਮਦਦ ਨਾਲ ਟੈਸਟਿੰਗ ਦੀ ਕੋਸ਼ਿਸ਼ ਕੀਤੀ ਜਿਸ ਕਰ ਕੇ ਸਕੂਲ ਦਾ ਮਾਹੌਲ ਤਣਾਅਪੂਰਨ ਹੋ ਗਿਆ ਅਤੇ ਵੱਡੀ ਗਿਣਤੀ ਵਿਚ ਪੁੱਜੀ ਪੁਲਿਸ ਨੂੰ ਦੇਖ ਕੇ ਬੱਚੇ ਸਹਿਮ ਗਏ। ਅਧਿਆਪਕਾਂ ਨੇ ਕਿਹਾ ਕਿ ਸਰਕਾਰ ਡੇਟਸ਼ੀਟ ਲਿਆ ਕੇ ਤਰੀਕੇ ਨਾਲ ਟੈਸਟ ਲਵੇ ਅਤੇ ਉਹ ਖ਼ੁਦ ਟੈਸਟਿੰਗ ਕਰਵਾਉਣਗੇ ਪਰ ਸਰਕਾਰ ਅਤੇ ਪ੍ਰਸ਼ਾਸਨ ਦੇ ਤਾਨਾਸ਼ਾਹੀ ਰਵਈਏ ਅੱਗੇ ਉਹ ਝੁਕਣ ਵਾਲੇ ਨਹੀਂ ਹਨ।
ਉਪਰੰਤ ਅਧਿਆਪਕਾਂ ਨੇ ਪੰਜਾਬ ਸਰਕਾਰ, ਸਿੱਖਿਆ ਵਿਭਾਗ ਵਿਰੁਧ ਨਾਅਰੇਬਾਜ਼ੀ ਕੀਤੀ। ਜਦ ਇਸ ਸਬੰਧੀ ਮੌਕੇ 'ਤੇ ਮੌਜੂਦ ਤਹਿਸੀਲਦਾਰ ਗਿੱਦੜਬਾਹਾ ਗੁਰਮੇਲ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਪਿੰਡ ਵਾਸੀਆਂ ਅਤੇ ਸਕੂਲ ਸਟਾਫ਼ ਦੀ ਸਹਿਮਤੀ ਨਾਲ ਟੈਸਟਿੰਗ ਕੀਤੀ ਹੈ ਅਤੇ ਕੁਝ ਅਧਿਆਪਕ ਜਾਣਬੁੱਝ ਕੇ ਮਾਹੌਲ ਖਰਾਬ ਕਰਨਾ ਚਾਹੁੰਦੇ ਸਨ ਅਤੇ ਉਨ੍ਹਾਂ ਨੂੰ ਰੋਕਣ ਲਈ ਸਕੂਲ ਦਾ ਮੇਨ ਗੇਟ ਬੰਦ ਕਰਵਾਇਆ ਗਿਆ ਸੀ, ਟੈਸਟਿੰਗ ਉਪਰੰਤ ਗੇਟ ਖੋਲ੍ਹ ਦਿਤਾ ਗਿਆ ਹੈ।