
ਲਾਲ ਕਿਲ੍ਹੇ ’ਤੇ ਹੋਈ ਘਟਨਾ ਨੂੰ ਹਵਾ ਆਮ ਆਦਮੀ ਪਾਰਟੀ ਨੇ ਦਿਤੀ : ਡਾ. ਵੇਰਕਾ
ਲੱਖਾ ਸਿਧਾਣਾ ਵਿਰੁਧ ਪੰਜਾਬ ਵਿਚ ਕੋਈ ਮਾਮਲਾ ਦਰਜ ਨਹੀਂ
ਅੰਮ੍ਰਿਤਸਰ, 23 ਫ਼ਰਵਰੀ (ਅਮਨਦੀਪ ਸਿੰਘ ਕੱਕੜ): ਬਠਿੰਡਾ ਵਿਚ ਹੋਈ ਰੈਲੀ ਵਿਚ ਲੱਖਾ ਸਿਧਾਣਾ ਦੀ ਸ਼ਮੂਲੀਅਤ ਨੂੰ ਲੈ ਕੇ ਆਮ ਆਦਮੀ ਪਾਰਟੀ ਵਲੋਂ ਪੰਜਾਬ ਸਰਕਾਰ ’ਤੇ ਨਿਸ਼ਾਨਾ ਸਾਧਿਆ ਜਾ ਰਿਹਾ ਹੈ ਜਿਸ ਦਾ ਜਵਾਬ ਦਿੰਦਿਆਂ ਅੰਮ੍ਰਿਤਸਰ ਤੋਂ ਕਾਂਗਰਸੀ ਵਿਧਾਇਕ ਅਤੇ ਕੈਬਨਿਟ ਰੈਂਕ ਮੰਤਰੀ ਡਾ. ਰਾਜ ਕੁਮਾਰ ਵੇਰਕਾ ਨੇ ਕਿਹਾ ਕਿ ਜੋ ਕੁੱਝ ਵੀ 26 ਜਨਵਰੀ ਨੂੰ ਲਾਲ ਕਿਲ੍ਹੇ ’ਤੇ ਹੋਇਆ ਹੈ ਉਹ ਆਮ ਆਦਮੀ ਪਾਰਟੀ ਦੀ ਸ਼ਹਿ ’ਤੇ ਹੀ ਹੋਇਆ ਹੈ।
ਉਨ੍ਹਾਂ ਕਿਹਾ ਕਿ ਜੇਕਰ ਲਾਲ ਕਿਲੇ੍ਹ ਵਿਚ ਕਿਸੇ ਬਾਹਰੀ ਵਿਅਕਤੀ ਨੇ ਪਹੁੰਚਣਾ ਹੈ ਤਾਂ ਉਸ ਦੀ ਗ੍ਰਿਫ਼ਤਾਰੀ ਪੁਲਿਸ ਵਲੋਂ ਤੁਰਤ ਹੋ ਸਕਦੀ ਸੀ, ਪਰ ਉਥੇ ਦੋ ਘੰਟੇ ਚਲੇ ਡਰਾਮੇ ਵਿਚ ਆਮ ਆਦਮੀ ਪਾਰਟੀ ਅਤੇ ਕੇਂਦਰ ਵਿਚਲੀ ਭਾਜਪਾ ਸਰਕਾਰ ਦਾ ਪੂਰਾ ਹੱਥ ਹੈ। ਡਾ. ਵੇਰਕਾ ਨੇ ਕਿਹਾ ਕਿ ਲੱਖਾ ਸਿਧਾਣਾ ਵਿਰੁਧ ਪੰਜਾਬ ਵਿਚ ਕੋਈ ਮਾਮਲਾ ਦਰਜ ਨਹੀਂ ਹੈ, ਫਿਰ ਪੰਜਾਬ ਪੁਲਿਸ ਉਸ ਨੂੰ ਕਿਸ ਤਰ੍ਹਾਂ ਗ੍ਰਿਫ਼ਤਾਰ ਕਰ ਸਕਦੀ ਹੈ, ਜੇਕਰ ਦਿੱਲੀ ਪੁਲਿਸ ਕੋਈ ਸੰਮਨ ਲੈ ਕੇ ਆਉਂਦੀ ਹੈ ਤਾਂ ਪੰਜਾਬ ਪੁਲਿਸ ਦਿੱਲੀ ਪੁਲਿਸ ਨੂੰ ਪੂਰਾ ਸਹਿਯੋਗ ਦੇਵੇਗੀ।