
ਉਹ ਕੋਰੋਨਾ ਮਹਾਮਾਰੀ ਤੋਂ ਜੂਝ ਰਹੇ ਹਨ ਤੇ ਉਨ੍ਹਾਂ ਦਾ ਇਲਾਜ ਚਲ ਰਿਹਾ ਹੈ।
ਮੁਹਾਲੀ: ਅੰਤਰਰਾਸ਼ਟਰੀ ਪ੍ਰਸਿੱਧੀ ਪ੍ਰਾਪਤ ਪੰਜਾਬੀ ਲੋਕ ਅਤੇ ਪੰਜਾਬੀ ਗਾਇਕ ਸਰਦੂਲ ਸਿਕੰਦਰ ਦੀ ਹਾਲਤ ਬੇਹੱਦ ਨਾਜ਼ੁਕ ਦੱਸੀ ਜਾ ਰਹੀ ਹੈ। ਉਹ ਪਿਛਲੇ ਡੇਢ ਮਹੀਨੇ ਤੋਂ ਮੁਹਾਲੀ ਦੇ ਫੇਜ਼ 8 ਵਿਖੇ ਫੋਰਟਿਸ 'ਚ ਦਾਖ਼ਲ ਹਨ। ਮਿਲੀ ਜਾਣਕਾਰੀ ਤੋਂ ਪਤਾ ਲਗਾ ਕਿ ਉਹ ਕੋਰੋਨਾ ਮਹਾਮਾਰੀ ਤੋਂ ਜੂਝ ਰਹੇ ਹਨ ਤੇ ਉਨ੍ਹਾਂ ਦਾ ਇਲਾਜ ਚਲ ਰਿਹਾ ਹੈ। ਸਰਦੂਲ ਸਿਕੰਦਰ ਦਾ ਇਲਾਜ ਵੱਖ ਵੱਖ ਹਸਪਤਾਲਾਂ ਵਿਚ ਕੀਤਾ ਗਿਆ ਪਰ ਆਖ਼ਿਰ ਹੁਣ ਉਨ੍ਹਾਂ ਨੂੰ ਮੁਹਾਲੀ ਦੇ ਫੇਜ਼ 8 ਵਿਖੇ ਫੋਰਟਿਸ 'ਚ ਦਾਖ਼ਲ ਕੀਤਾ ਗਿਆ।
Punjabi singer 'Sardul Sikandar'
ਪੰਜਾਬੀ ਗਾਇਕੀ ਨੂੰ ਪੰਜਾਬ ਤੋਂ ਬਾਹਰ ਦੇਸ਼ਾਂ ਵਿਦੇਸ਼ਾਂ ਵਿਚ ਪ੍ਰਸਿੱਧੀ ਪ੍ਰਾਪਤ ਕਰਵਾਉਣ ਵਿਚ ਅਹਿਮ ਯੋਗਦਾਨ ਪਾਉਣ ਵਾਲੇ ਸਰਦੂਲ ਦਾ ਹਾਲ ਚਾਲ ਜਾਣਨ ਲਈ ਕੋਈ ਵੀ ਸਰਕਾਰੀ ਅਧਿਕਾਰੀ ਜਾਂ ਨੁਮਾਇੰਦਾ ਹਸਪਤਾਲ ਵਿਚ ਨਹੀਂ ਪੁੱਜਿਆ, ਜਿਸ ਨੂੰ ਲੈ ਕੇ ਕਲਾਕਾਰਾਂ ਅਤੇ ਪੰਜਾਬੀ ਚਿੰਤਕਾਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਕਰੀਬ ਪੰਜ ਸਾਲ ਪਹਿਲਾਂ ਸਰਦੂਲ ਸਿਕੰਦਰ ਨੇ ਅਪਣੀ ਕਿਡਨੀ ਵੀ ਟਰਾਂਸਪਲਾਂਟ ਕਰਵਾਈ ਸੀ।
ਹੈਰਾਨੀ ਦੀ ਗੱਲ ਇਹ ਹੈ ਕਿ ਸਰਕਾਰ ਇਕ ਪਾਸੇ ਤਾਂ ਕੋਰੋਨਾ ਮਹਾਮਾਰੀ ਦੌਰਾਨ ਲੋਕਾਂ ਦਾ ਮੁਫ਼ਤ ਇਲਾਜ ਕਰਵਾਉਣ ਦੇ ਵੱਡੇ ਵੱਡੇ ਦਾਅਵੇ ਕਰਦੀ ਹੈ ਪਰ ਫੋਰਟਿਸ ਹਸਪਤਾਲ ਵਿਚ ਦਾਖ਼ਲ ਸਰਦੂਲ ਦੇ ਇਲਾਜ ਲਈ ਸਰਕਾਰ ਵੱਲੋਂ ਕੋਈ ਮਦਦ ਦਾ ਐਲਾਨ ਨਹੀਂ ਕੀਤਾ ਗਿਆ। ਹਾਲਾਂਕਿ ਬੀਤੇ ਦਿਨ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਹਸਪਤਾਲ ਪਹੁੰਚ ਕੇ ਸਰਦੂਲ ਦਾ ਹਾਲ ਚਾਲ ਜਾਣਿਆ ਅਤੇ ਇਲਾਜ ਲਈ ਮਦਦ ਕਰਨ ਦਾ ਭਰੋਸਾ ਦਿੱਤਾ।