
ਅੰਮਿ੍ਤਸਰ 'ਚ ਸ਼ਰੇਆਮ ਵਿਕਦੇ ਨਸ਼ੇ ਨੂੰ ਲੈ ਕੇ ਠੋਸ ਕਦਮ ਚੁਕਣ ਦੀ ਕੀਤੀ ਅਪੀਲ, ਨਹੀਂ ਤਾਂ ਧਰਨਾ ਦੇਵਾਂਗਾ
ਅੰਮਿ੍ਤਸਰ, 23 ਫ਼ਰਵਰੀ (ਸੁਖਵਿੰਦਰਜੀਤ ਸਿੰਘ ਬਹੋੜੂ): ਕਾਂਗਰਸੀ ਸੰਸਦ ਮੈਂਬਰ ਗੁਰਜੀਤ ਔਜਲਾ ਨੇ ਡੀਜੀਪੀ ਵੀਰੇਸ ਕੁਮਾਰ ਭਾਵਰਾ ਨੂੰ ਪੱਤਰ ਲਿਖ ਕੇ ਅੰਮਿ੍ਤਸਰ ਵਿਚ ਸ਼ਰੇਆਮ ਵਿਕ ਰਹੇ ਨਸ਼ੇ ਨੂੰ ਲੈ ਕੇ ਠੋਸ ਕਦਮ ਚੁੱਕਣ ਲਈ ਕਿਹਾ ਹੈ | ਉਨ੍ਹਾਂ ਨੇ ਪੁਲਿਸ 'ਤੇ ਨਸਾ ਵੇਚਣ ਵਾਲਿਆਂ ਵਿਰੁਧ ਕਾਰਵਾਈ ਨਾ ਕਰਨ ਦਾ ਦੋਸ਼ ਲਾਇਆ ਹੈ | ਡੀਜੀਪੀ ਨੂੰ ਲਿਖੇ ਪੱਤਰ ਵਿਚ ਸਾਂਸਦ ਨੇ ਕਿਹਾ ਹੈ ਕਿ ਪੰਜਾਬ ਸੂਬੇ ਦੇ ਲੋਕ ਜੋ ਕਦੇ ਅਪਣੀ ਸੂਝ-ਬੂਝ ਅਤੇ ਬਹਾਦਰੀ ਲਈ ਜਾਣੇ ਜਾਂਦੇ ਸਨ, ਉਨ੍ਹਾਂ ਨੂੰ ਹੁਣ ਅੰਤਰਰਾਸ਼ਟਰੀ ਮੰਚਾਂ ਵਿਚ ਨਸ਼ਈ ਕਿਹਾ ਜਾਂਦਾ ਹੈ |
ਪੰਜਾਬ ਰਾਜ ਵਿਚ ਨਸ਼ਿਆਂ ਅਤੇ ਨਸ਼ਿਆਂ ਨਾਲ ਹੋਣ ਵਾਲੀਆਂ ਮੌਤਾਂ ਦੀ ਗਿਣਤੀ ਵਿਚ ਤੇਜ਼ੀ ਨਾਲ ਵਾਧਾ ਹੋਇਆ ਹੈ, ਜਿਸ ਦੀ ਜ਼ਿੰਮੇਵਾਰੀ ਪੁਲਿਸ ਪ੍ਰਸ਼ਾਸਨ ਦੀ ਹੈ | ਉਹ ਲੰਬੇ ਸਮੇਂ ਤੋਂ ਨਸ਼ੇ ਵਿਰੁਧ ਕੰਮ ਕਰ ਰਹੇ ਹਨ | ਉਹ ਕਈ ਮੌਕਿਆਂ 'ਤੇ ਜ਼ਿਲ੍ਹਾ ਪੁਲਿਸ ਨੂੰ ਕਾਰਵਾਈ ਕਰਨ ਲਈ ਸੁਚੇਤ ਕਰ ਚੁੱਕੇ ਹਨ, ਪਰ ਸਥਾਨਕ ਪੁਲਿਸ ਦੇ ਸ਼ਾਂਤ ਰਵਈਏ ਕਾਰਨ ਵਸਨੀਕਾਂ ਦਾ ਉਨ੍ਹਾਂ ਤੋਂ ਵਿਸ਼ਵਾਸ ਉੱਠ ਗਿਆ ਹੈ | ਗੁਰਜੀਤ ਔਜਲਾ ਨੇ ਕਿਹਾ ਹੈ ਕਿ ਜ਼ਿਆਦਾਤਰ ਝੁੱਗੀ-ਝੌਂਪੜੀ ਵਾਲੇ ਇਲਾਕਿਆਂ ਵਿਚ ਨਾਜਾਇਜ਼ ਨਸ਼ੇ, ਨਾਜਾਇਜ਼ ਸ਼ਰਾਬ ਅਤੇ ਸੱਟੇਬਾਜ਼ੀ ਆਮ ਹੁੰਦੀ ਜਾ ਰਹੀ ਹੈ ਅਤੇ ਇਸ ਕਾਰਨ ਲੋਕਾਂ ਵਿਚ ਨਿਰਾਸ਼ਾ ਪਾਈ ਜਾ ਰਹੀ ਹੈ | ਉਨ੍ਹਾਂ ਕਿਹਾ ਕਿ ਜ਼ਿਆਦਾਤਰ ਝੁੱਗੀ ਝੌਂਪੜੀ ਵਾਲੇ ਲੋਕ ਇਨ੍ਹਾਂ ਗ਼ਲਤ ਕੰਮਾਂ ਵਲ ਜਾ ਰਹੇ ਹਨ |
ਇਹ ਨਿਰਾਸ਼ਾ ਹੇਠਲੇ ਅਤੇ ਮੱਧ ਵਰਗ ਦੇ ਨਿਵਾਸੀਆਂ ਨੂੰ ਅਪਾਹਜ਼ ਕਰ ਰਹੀ ਹੈ | ਨਸਾ ਤਸਕਰੀ ਦੀ ਜਾਂਚ ਵਿਚ ਕਈ ਸੀਨੀਅਰ ਅਧਿਕਾਰੀਆਂ ਅਤੇ ਸਿਆਸਤਦਾਨਾਂ ਦੇ ਨਾਮ ਕਈ ਵਾਰ ਸਾਹਮਣੇ ਆ ਚੁੱਕੇ ਹਨ ਪਰ ਉਹ ਕਾਰਵਾਈ ਕਰਨ ਦੀ ਬਜਾਏ ਸੀਲਬੰਦ ਲਿਫ਼ਾਫ਼ੇ ਵਿਚ ਪਏ ਹਨ | ਉਨ੍ਹਾਂ ਨੇ ਇਹ ਮਾਮਲਾ ਲੋਕ ਸਭਾ ਵਿਚ ਵੀ ਉਠਾਇਆ ਹੈ | ਪੁਲਿਸ ਸਟੇਸ਼ਨ ਪੱਧਰ 'ਤੇ ਖਪਤ ਅਤੇ ਫੜੇ ਗਏ ਸਮਾਨ ਦੀ ਮਾਤਰਾ ਬਹੁਤ ਘੱਟ ਹੈ ਪਰ ਪੁਲਿਸ ਉਸ ਤੋਂ ਅੱਗੇ ਵੱਡੀਆਂ ਮੱਛੀਆਂ ਤਕ ਪਹੁੰਚਣ ਦੀ ਕੋਸ਼ਿਸ਼ ਵੀ ਨਹੀਂ ਕਰਦੀ | ਅਜੋਕੇ ਸਮੇਂ ਵਿਚ ਵੱਖ-ਵੱਖ ਰਾਜਾਂ ਦੇ ਪੁਲਿਸ ਵਿਭਾਗਾਂ ਨੇ ਰਵਾਇਤੀ ਤਰੀਕਿਆਂ ਨੂੰ ਛੱਡ ਕੇ ਆਧੁਨਿਕ ਸਾਧਨਾਂ ਅਤੇ ਤਕਨੀਕਾਂ ਨਾਲ ਅਪਣੇ ਖੇਤਰਾਂ ਵਿਚ ਇਸ ਖ਼ਤਰੇ ਨੂੰ ਰੋਕਣ ਦੀ ਪੂਰੀ ਜ਼ਿੰਮੇਵਾਰੀ ਲਈ ਹੈ | ਪੰਜਾਬ ਵਿਚ ਵੀ ਅਜਿਹਾ ਹੀ ਕੀਤਾ ਜਾਣਾ ਚਾਹੀਦਾ ਹੈ | ਉਨ੍ਹਾਂ ਨੇ ਡੀਜੀਪੀ ਨੂੰ ਅਪੀਲ ਕੀਤੀ ਹੈ ਕਿ ਉਹ ਵੀ ਅਸਾਮ ਤੇ ਆਂਧਰਾ ਪ੍ਰਦੇਸ਼ ਦੀ ਤਰਜ 'ਤੇ ਪੰਜਾਬ ਵਿਚ ਨਸ਼ਿਆ ਵਿਰੁਧ ਕਦਮ ਚੁਕਣ ਨਹੀਂ ਤਾਂ ਉਹ ਡੀਜੀਪੀ ਦੇ ਦਫ਼ਤਰ ਸ਼ਾਹਮਣੇ ਧਰਨਾ ਮਾਰਨਗੇ |