
ਲੱਖਾਂ ਦੀ ਗਿਣਤੀ 'ਚ ਲੋਕਾਂ ਨੇ ਹਾਜ਼ਰੀ ਭਰੀ
ਫਤਿਹਗੜ੍ਹ ਸਾਹਿਬ : ਪੰਜਾਬੀ ਇੰਡਸਟਰੀ ਦੇ ਮਸ਼ਹੂਰ ਅਦਾਕਾਰ ਦੀਪ ਸਿੱਧੂ ਦੀ ਬੀਤੇ ਦਿਨੀਂ ਭਿਆਨਕ ਸੜਕ ਹਾਦਸੇ ’ਚ ਮੌਤ ਹੋ ਗਈ ਸੀ। ਜਿਸ ਨਾਲ ਉਨ੍ਹਾਂ ਦੇ ਪ੍ਰਸ਼ੰਸਕ ਅਤੇ ਪਰਿਵਾਰ ਵਾਲਿਆਂ ਨੂੰ ਗਹਿਰਾ ਸਦਮਾ ਲੱਗਿਆ ਹੈ। ਅੱਜ 24 ਫਰਵਰੀ ਨੂੰ ਗੁਰਦੁਆਰਾ ਸ੍ਰੀ ਫ਼ਤਿਹਗੜ੍ਹ ਸਾਹਿਬ ਦੇ ਦੀਵਾਨ ਟੋਡਰ ਮੱਲ ਹਾਲ ਵਿਚ ਅਦਾਕਾਰ ਦੀਪ ਸਿੱਧੂ ਦੀ ਅੰਤਿਮ ਅਰਦਾਸ ਹੋਈ।
Deep Sidhu
ਦੀਪ ਸਿੱਧੂ ਦੀ ਅੰਤਿਮ ਅਰਦਾਸ ਵਿਚ ਲੱਖਾਂ ਦੀ ਗਿਣਤੀ 'ਚ ਲੋਕਾਂ ਨੇ ਹਾਜ਼ਰੀ ਭਰੀ। ਨੌਜਵਾਨਾਂ ਤੋਂ ਇਲਾਵਾ ਬਜ਼ੁਰਗ, ਬੀਬੀਆਂ ਤੇ ਬੱਚਿਆਂ ਨੇ ਵੀ ਹਾਜ਼ਰੀ ਭਰੀ। ਦੱਸ ਦੇਈਏ ਫਤਿਹਗੜ੍ਹ ਸਾਹਿਬ ਦੀ ਧਰਤੀ 'ਤੇ ਪੈਰ ਰੱਖਣ ਦੀ ਜਗ੍ਹਾਂ ਨਹੀਂ ਸੀ। ਚਾਰੇ ਪਾਸੇ ਸੰਗਤਾਂ ਦਾ ਭਾਰੀ ਇਕੱਠ ਸੀ।
Deep Sidhu
ਇਸ ਸੋਗਮਈ ਸਮਾਗਮ ਵਿੱਚ ਸਿਰਫ਼ ਪੰਜਾਬ ਤੋਂ ਹੀ ਨਹੀਂ ਸਗੋਂ ਭਾਰਤ ਦੇ ਕਈ ਸ਼ਹਿਰਾਂ ਤੋਂ ਸੰਗਤਾਂ ਸ੍ਰੀ ਫਤਹਿਗੜ੍ਹ ਸਾਹਿਬ ਵਿਖੇ ਦੀਪ ਸਿੱਧੂ ਦੀ ਅੰਤਿਮ ਅਰਦਾਸ ਵਿੱਚ ਪਹੁੰਚੀਆਂ ਸਨ, ਇਸ ਮੌਕੇ ਕਈ ਲੋਕਾਂ ਦਾ ਤਾਂ ਇਹ ਵੀ ਕਹਿਣਾ ਹੈ ਕਿ ਦੀਪ ਸਿੱਧੂ ਦਾ ਐਕਸੀਡੈਂਟ ਨਹੀਂ ਹੋਇਆ ਬਲਕਿ ਸੋਚੀ ਸਮਝੀ ਸਾਜ਼ਿਸ਼ ਨਾਲ ਦੀਪ ਸਿੱਧੂ ਦਾ ਕਤਲ ਕੀਤਾ ਗਿਆ ਹੈ ਤੇ ਉਨ੍ਹਾਂ ਨੇ ਇਸ ਕਤਲ ਦੀ ਜਾਂਚ ਕਰਨ ਦੀ ਮੰਗ ਵੀ ਕੀਤੀ ਹੈ। ਉੱਥੇ ਹੀ ਇਸ ਮੌਕੇ ਸਿੱਖ ਜੱਥੇਬੰਦੀਆਂ ਵਲੋਂ ਦੀਪ ਸਿੱਧੂ ਦੇ ਪਰਿਵਾਰਿਕ ਮੈਂਬਰਾਂ ਨੂੰ ਸਿਰੋਪਾਓ ਪਾਕੇ ਸਨਮਾਨ ਵੀ ਕੀਤਾ ਗਿਆ।
ਸਿਮਰਨਜੀਤ ਸਿੰਘ ਮਾਨ ਨੇ ਬੋਲਦਿਆਂ ਆਖਿਆ ਕਿ ਜਦੋਂ ਬਹਾਦਰ ਯੋਧੇ ਸ਼ਹੀਦ ਹੋ ਜਾਂਦੇ ਹਨ ਤਾਂ ਉਨ੍ਹਾਂ ਦੀ ਅੰਤਿਮ ਅਰਦਾਸ ਕਦੇ ਨਹੀਂ ਹੁੰਦੀ। ਜਦੋਂ ਵੀ ਉਹਨਾਂ ਨੂੰ ਯਾਦ ਕਰਦੇ ਹਾਂ, ਅੰਦਰੋਂ ਅਰਦਾਸ ਹੁੰਦੀ ਹੈ। ਦੀਪ ਸਿੱਧੂ ਨੇ ਆਪਣੀ ਛੋਟੀ ਉਮਰ ਵਿੱਚ ਬਹੁਤ ਕੁਝ ਹਾਸਲ ਕੀਤਾ। ਜਦੋਂ ਸਿੱਖ ਕੌਮ ਆਪਣੀ ਆਜ਼ਾਦੀ ਦੀ ਲੜਾਈ ਲੜ ਰਹੀ ਸੀ ਤਾਂ ਉਦੋਂ ਦੀਪ ਸਿੱਧੂ ਦੇ ਪਰਿਵਾਰ ਨੂੰ ਬਹੁਤ ਦੁੱਖ ਝੱਲਣੇ ਪਏ ਸਨ। ਫ਼ੌਜ ਉਨ੍ਹਾਂ ਦੀਆਂ ਜ਼ਮੀਨਾਂ ਨੂੰ ਲੁੱਟਦੀ ਸੀ।
ਫ਼ਸਲ ਪੈਦਾ ਕਰਨ ਦੀ ਇਜਾਜ਼ਤ ਨਹੀਂ ਸੀ। ਦੀਪ ਸਿੱਧੂ ਬਹੁਤ ਔਖੇ ਸਮੇਂ ਵਿੱਚੋਂ ਨਿਕਲਿਆ ਹੈ। ਇਸ ਦੌਰਾਨ ਪਰਿਵਾਰ ਵੱਲੋਂ ਦੀਪ ਸਿੱਧੂ ਨੂੰ ਬਾਹਰ ਕੱਢ ਕੇ ਸ਼ਿਮਲਾ ਦੇ ਬਿਸ਼ਪ ਕਾਟਨ ਸਕੂਲ ਭੇਜਿਆ ਗਿਆ। ਉੱਥੇ ਜਾਣ ਤੋਂ ਬਾਅਦ, ਦੀਪ ਨੇ ਲੰਡਨ ਦੇ ਕਿੰਗਜ਼ ਕਾਲਜ ਵਿੱਚ ਪੜ੍ਹਾਈ ਕੀਤੀ। ਉੱਥੋਂ ਉਸ ਨੇ ਕਾਨੂੰਨ ਦੀ ਡਿਗਰੀ ਹਾਸਲ ਕੀਤੀ।