
ਭਾਜਪਾ ਆਗੂ ਨੇ ਹੈਰਾਨੀ ਜਤਾਈ ਕਿ ਕਾਂਗਰਸ ਦੇ ਸੰਸਦ ਮੈਂਬਰ ਕਾਂਗਰਸ ਸਰਕਾਰ ਖਿਲਾਫ਼ ਹਥਿਆਰ ਕਿਉਂ ਉਠਾ ਰਹੇ ਹਨ।
ਚੰਡੀਗੜ੍ਹ: ਭਾਜਪਾ ਦੇ ਕੌਮੀ ਜਨਰਲ ਸਕੱਤਰ ਤਰੁਣ ਚੁੱਘ ਨੇ ਅੰਮ੍ਰਿਤਸਰ ਤੋਂ ਕਾਂਗਰਸ ਦੇ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਵਲੋਂ ਨਸ਼ਿਆਂ ਖ਼ਿਲਾਫ਼ ਅੰਮ੍ਰਿਤਸਰ ਵਿਚ ਅੰਦੋਲਨ ਸ਼ੁਰੂ ਕਰਨ ਦੀ ਚਿਤਾਵਨੀ ਦੇਣ ਸਬੰਧੀ ਬਿਆਨ ’ਤੇ ਤੰਜ਼ ਕੱਸਿਆ ਹੈ। ਤਰੁਣ ਚੁੱਘ ਨੇ ਕਿਹਾ ਕਿ ਜਦੋਂ ਕਾਂਗਰਸ ਦੀ ਸਰਕਾਰ ਸੀ ਤਾਂ ਔਜਾਲਾ ਪੰਜ ਸਾਲ ਸੁੱਤੇ ਰਹੇ ਅਤੇ ਹੁਣ ਜਦੋਂ ਕਾਂਗਰਸ ਨੂੰ ਨਮੋਸ਼ੀ ਭਰੀ ਹਾਰ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤਾਂ ਉਹ ਨਸ਼ਿਆਂ ਵਿਰੁੱਧ ਆਵਾਜ਼ ਬੁਲੰਦ ਕਰ ਰਹੇ ਹਨ।
ਉਹਨਾਂ ਕਿਹਾ, "ਕਾਂਗਰਸ ਦੇ ਸੰਸਦ ਮੈਂਬਰ ਵੱਲੋਂ ਇਸ ਪੜਾਅ 'ਤੇ ਇਸ ਮੁੱਦੇ ਨੂੰ ਉਠਾਉਣਾ ਸ਼ਰਮ ਦੀ ਗੱਲ ਹੈ, ਜਦੋਂ ਪੰਜਾਬ ਪਹਿਲਾਂ ਹੀ ਕਾਂਗਰਸ ਨੂੰ ਸੱਤਾ ਤੋਂ ਬਾਹਰ ਕਰਨ ਦਾ ਫੈਸਲਾ ਕਰ ਚੁੱਕਾ ਹੈ"। ਚੁੱਘ ਨੇ ਹੈਰਾਨੀ ਪ੍ਰਗਟਾਈ ਕਿ ਜੇਕਰ ਉਹ ਅੱਜ ਮੰਨਦੇ ਹਨ ਕਿ ਅੰਮ੍ਰਿਤਸਰ ਡਰੱਗ ਮਾਫੀਆ ਦਾ ਗੜ੍ਹ ਰਿਹਾ ਹੈ ਤਾਂ ਇੰਨੇ ਸਾਲ ਚੁੱਪ ਕਿਉਂ ਰਹੇ? ਚੁੱਘ ਨੇ ਕਿਹਾ, "ਔਜਾਲਾ ਅੰਮ੍ਰਿਤਸਰ ਵਿਚ ਲੋਕਾਂ ਨੂੰ ਧੋਖਾ ਦੇ ਰਹੇ ਹਨ ਅਤੇ ਹੁਣ ਦੋਹਰੀ ਖੇਡ ਖੇਡ ਰਹੇ ਹਨ।"
ਭਾਜਪਾ ਆਗੂ ਨੇ ਹੈਰਾਨੀ ਜਤਾਈ ਕਿ ਕਾਂਗਰਸ ਦੇ ਸੰਸਦ ਮੈਂਬਰ ਕਾਂਗਰਸ ਸਰਕਾਰ ਖਿਲਾਫ਼ ਹਥਿਆਰ ਕਿਉਂ ਉਠਾ ਰਹੇ ਹਨ। ਚੁੱਘ ਨੇ ਕਿਹਾ, "ਜਸਬੀਰ ਡਿੰਪਾ, ਮਨੀਸ਼ ਤਿਵਾੜੀ, ਪ੍ਰਨੀਤ ਕੌਰ ਜਾਂ ਗੁਰਜੀਤ ਔਜਾਲਾ ਕੋਈ ਵੀ ਪਾਰਟੀ ਨਾਲ ਖੜ੍ਹਾ ਨਹੀਂ ਜਾਪਦਾ ਅਤੇ ਕਾਂਗਰਸ ਸੂਬੇ ਆਪਣੇ ਸੰਸਦ ਮੈਂਬਰਾਂ ਦੀ ਫੌਜ ਨੂੰ ਇਕੱਠਾ ਨਹੀਂ ਰੱਖ ਸਕਦੀ, ਇਸ ਨਾਲ ਉਹ ਭੰਬਲਭੂਸੇ ਵਾਲੇ ਸੰਕੇਤ ਦੇ ਰਹੀ ਹੈ”। ਤਰੁਣ ਚੁੱਘ ਨੇ ਅੱਗੇ ਕਿਹਾ ਕਿ ਇਹ ਕਾਂਗਰਸ ਹਾਈਕਮਾਨ ਦੀ ਨਾਕਾਮੀ ਹੈ ਅਤੇ ਹੁਣ ਪੰਜਾਬ ਵਿਚੋਂ ਕਾਂਗਰਸ ਦਾ ਸਫਾਇਆ ਹੋਣ ਜਾ ਰਿਹਾ ਹੈ।