
ਆਮ ਲੋਕਾਂ ਵਿਚ ਚਰਚਾ ਕਿ ਅੰਦਰੋਂ ਸੱਭ ਮਿਲੇ ਹੋਏ ਹਨ, ਵੋਟ ਪਾਉਣ ਦਾ ਕੋਈ ਫ਼ਾਇਦਾ ਨਹੀਂ
ਅੰਮਿ੍ਤਸਰ, 23 ਫ਼ਰਵਰੀ (ਸੁਖਵਿੰਦਰਜੀਤ ਸਿੰਘ ਬਹੋੜੂ): ਪੰਜਾਬ ਵਿਧਾਨ ਸਭਾ ਦੀਆਂ ਹੋਈਆਂ ਚੋਣਾਂ 'ਚ ਹੋਏ ਘੱਟ ਪਈਆਂ ਵੋਟਾਂ ਦੀ ਚਰਚਾ ਸਿਆਸੀ ਗਲਿਆਰਿਆਂ ਤੇ ਪਿੰਡਾਂ ਦੇ ਮਾਹੌਲ ਵਿਚ ਬੇਹੱਦ ਛਿੜ ਗਈ ਹੈ | ਸੂਬਾ ਸਰਕਾਰ ਦੇ ਅੰਕੜਿਆਂ ਅਨੁਸਾਰ ਪੰਜਾਬ ਵਿਚ 71.95 ਫ਼ੀ ਸਦੀ ਵੋਟਾਂ ਪਈਆਂ | ਵੋਟਾਂ ਤੋਂ ਪਹਿਲਾਂ ਤੇ ਹੁਣ ਤਕਰੀਬਨ ਸੱਭ ਸਿਆਸੀ ਪਾਰਟੀਆਂ ਪੰਜਾਬ ਦੀ ਸੱਤਾ ਵਿਚ ਕਾਬਜ਼ ਹੋਣ ਲਈ ਅਪਣੇ ਦਾਅਵੇ ਪੇਸ਼ ਕਰ ਰਹੀਆਂ ਹਨ ਪਰ ਘੱਟ ਮਤਦਾਨ ਨੇ ਉਨ੍ਹਾਂ ਨੂੰ ਸੋਚਣ ਵਿਚ ਮਜਬੂਰ ਕਰ ਦਿਤਾ ਹੈ |
ਸੂਬੇ ਵਿਚ ਅੰਮਿ੍ਤਸਰ ਪਛਮੀ 55.40, ਅੰਮਿ੍ਤਸਰ ਕੇਂਦਰੀ 59.19, ਅੰਮਿ੍ਤਸਰ ਦਖਣੀ 59.48, ਅੰਮਿ੍ਤਸਰ ਉੱਤਰੀ 60.97, ਅੰਮਿ੍ਤਸਰ ਪੂਰਬੀ 64.5 ਫ਼ੀ ਸਦੀ, ਵੋਟ ਤੋਂ ਸਾਫ ਸਪੱਸ਼ਟ ਹੋ ਰਿਹਾ ਹੈ ਕਿ ਮਤਦਾਨ ਆਸ ਮੁਤਾਬਕ ਘੱਟ ਰਿਹਾ ਹੈ | ਸਿਆਸੀ ਪੰਡਤਾਂ ਮੁਤਾਬਕ ਅੰਮਿ੍ਤਸਰ ਵਿਚ ਹੋਈ ਘੱਟ ਮਤਦਾਨ ਨੇ ਸੂਬੇ ਨੂੰ ਹੈਰਾਨ ਕਰ ਦਿਤਾ ਹੈ ਕਿਉਂਕਿ ਗੁਰੂ ਦੀ ਨਗਰੀ ਅੰਮਿ੍ਤਸਰ ਪੰਜਾਬ ਦਾ ਪਵਿੱਤਰ ਤੇ ਅਹਿਮ ਜ਼ਿਲ੍ਹਾ ਹੈ ਤੇ ਇਸ ਵਾਰ ਵਿਧਾਨ ਸਭਾ ਚੋਣਾਂ ਵਿਚ ਹੋਟ ਸੀਟ 'ਚ ਹਲਕਾ ਪੂਰਬੀ ਦੀ ਚਰਚਾ ਰਹੀ ਹੈ ਜਿਸ ਤੋਂ ਕਾਂਗਰਸ ਵਲੋਂ ਪ੍ਰਮੁੱਖ ਨੇਤਾ ਨਵਜੋਤ ਸਿੰਘ ਸਿੱਧੂ ਤੇ ਅਕਾਲੀ ਦਲ ਤੋਂ ਬਿਕਰਮ ਸਿੰਘ ਮਜੀਠੀਆ ਚੋਣ ਲੜ ਰਹੇ ਹਨ | ਹਲਕਾ ਕੇਂਦਰੀ ਤੋਂ ਵੀ ਕਾਂਗਰਸ ਦੇ ਉਪ ਮੁੱਖ ਮੰਤਰੀ ਓ.ਪੀ ਸੋਨੀ ਮੈਦਾਨ ਵਿਚ ਹਨ ਜਦਕਿ ਆਮ ਆਦਮੀ ਪਾਰਟੀ ਵਲੋਂ ਉੱਤਰੀ ਤੋਂ ਕੁੰਵਰ ਵਿਜੇ ਪ੍ਰਤਾਪ, ਅਕਾਲੀ ਦਲ ਤੋਂ ਅਨਿਲ ਜੋਸ਼ੀ ਚੋਣ ਮੈਦਾਨ ਵਿਚ ਹਨ ਪਰ ਫਿਰ ਵੀ ਵੋਟਰਾਂ ਨੇ ਅਪਣੀ ਕੋਈ ਖ਼ਾਸ ਦਿਲਚਸਪੀ ਨਹੀਂ ਦਿਖਾਈ | ਆਮ ਲੋਕਾਂ ਵਿਚ ਚਰਚਾ ਹੈ ਕਿ ਵੋਟ ਪਾਉਣ ਦਾ ਫ਼ਾਇਦਾ ਨਹੀਂ, ਸੱਭ ਰਲੇ ਹੋਏ ਹਨ, ਸਾਡਾ ਕਿਸੇ ਨੇ ਕੁੱਝ ਨਹੀਂ ਸਵਾਰਨਾ | ਇਹ ਵੀ ਕਹਿਣਾ ਗ਼ਲਤ ਨਹੀਂ ਹੋਵੇਗਾ ਕਿ ਸਿਆਸਤਦਾਨ ਵੋਟਰਾਂ ਦੇ ਮਨਾਂ ਨੂੰ ਟੋਹ ਨਹੀਂ ਸਕੇ | ਮੂਲ ਰੂਪ ਵਿਚ ਜ਼ਾਹਰ ਹੈ ਕਿ ਉਸਾਰੂ ਨੀਤੀਆਂ ਨੂੰ ਅਪਨਾਉਣ ਦੀ ਥਾਂ ਕੁੱਝ ਨੇਤਾਵਾਂ ਸਿਆਸੀ ਬਿਆਨਬਾਜ਼ੀ, ਜੁੰਮਲੇਬਾਜ਼ੀਆਂ ਕਾਰਨ ਵੋਟਰਾਂ ਨੇ ਉਤਸ਼ਾਹ ਨਹੀਂ ਦਿਖਾਇਆ |