
ਕੁਲਦੀਪ ਸਿੰਘ (ਬਠਿੰਡਾ), ਹਰਪ੍ਰੀਤ ਸਿੰਘ (ਹਰਿਆਣਾ) ਤੇ ਜਸਪਾਲ ਸਿੰਘ (ਬਠਿੰਡਾ) ਵਜੋਂ ਹੋਈ ਮੁਲਜ਼ਮਾਂ ਦੀ ਪਛਾਣ
ਮਾਨਸਾ: ਸਮਾਜ ਵਿਰੋਧੀ ਅਨਸਰਾਂ ਵਿਰੁੱਧ ਕਾਰਵਾਈ ਕਰਦਿਆਂ ਮਾਨਸਾ ਪੁਲਿਸ ਨੇ ਦਵਿੰਦਰ ਬੰਬੀਹਾ ਅਤੇ ਤਖ਼ਤ ਮੱਲ ਗੈਂਗ ਨਾਲ ਸਬੰਧਤ 3 ਵਿਅਕਤੀਆਂ ਨੂੰ ਹਥਿਆਰਾਂ ਸਣੇ ਕਾਬੂ ਕੀਤਾ ਹੈ। ਪੁਲਿਸ ਅਨੁਸਾਰ ਇਹਨਾਂ ਵਿਅਕਤੀਆਂ ਖ਼ਿਲਾਫ਼ ਪੰਜਾਬ-ਹਰਿਆਣਾ ਸਮੇਤ ਥਾਣਿਆਂ ਵਿਚ ਵੱਖ-ਵੱਖ ਮਾਮਲੇ ਦਰਜ ਹਨ। ਮਾਨਸਾ ਪੁਲਿਸ ਵੱਲੋ ਜੌੜਕੀਆ ਦੇ ਨੇੜੇ ਕੁਸਲਾ ਹੈਡ ’ਤੇ ਨਾਕਾਬੰਦੀ ਕੀਤੀ ਗਈ ਸੀ, ਜਿਸ ਦੌਰਾਨ ਇਕ ਮੋਟਰਸਾਇਕਲ ’ਤੇ ਸਵਾਰ ਤਿੰਨ ਨੌਜਵਾਨ ਪੁਲਿਸ ਨੂੰ ਦੇਖ ਵਾਪਸ ਭੱਜੇ ਤਾਂ ਪੁਲਿਸ ਨੇ ਇਹਨਾਂ ਨੂੰ ਦਬੋਚ ਲਿਆ।
ਐਸਪੀਐਚ ਜਯੋਤੀ ਯਾਦਵ ਨੇ ਦੱਸਿਆ ਕਿ ਤਲਾਸ਼ੀ ਦੌਰਾਨ ਇੱਕ 32 ਬੋਰ ਰਿਵਾਲਵਰ, ਇੱਕ ਪਿਸਟਲ 32 ਬੋਰ, ਇੱਕ ਕੱਟਾ ਦੇਸੀ ਬੋਰ, ਤਿੰਨ ਦੇਸੀ ਕੱਟੇ 315 ਬੋਰ ਸਮੇਤ 10 ਜਿੰਦਾ ਕਰਤੂਸ ਅਤੇ ਮੋਟਰ ਸਾਇਕਲ ਬਰਾਮਦ ਹੋਏ ਹਨ।
ਇਹਨਾਂ ਵਿਅਕਤੀਆਂ ਦੀ ਪਛਾਣ ਕੁਲਦੀਪ ਸਿੰਘ ਉਰਫ ਕਾਲੀ ਵਾਸੀ ਸੀਗੋ ਬਠਿੰਡਾ, ਹਰਪ੍ਰੀਤ ਸਿੰਘ ਵਾਸੀ ਪੱਕਾ ਸ਼ਹੀਦਾਂ ਜਿਲ੍ਹਾ ਸਿਰਸਾ ( ਹਰਿਆਣਾ ), ਜਸਪਾਲ ਸਿੰਘ ਬੱਗਾ ਵਾਸੀ ਬਹਿਮਣ ਕੌਰ ਸਿੰਘ ਵਾਲਾ (ਬਠਿੰਡਾ) ਵਜੋਂ ਹੋਈ ਹੈ। ਇਹਨਾਂ ਖਿਲਾਫ਼ ਮਾਮਲਾ ਦਰਜ ਕਰਕੇ ਕਾਰਵਾਈ ਸੁਰੂ ਕਰ ਦਿੱਤੀ ਹੈ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਮੁੱਢਲੀ ਪੁੱਛਗਿੱਛ ਦੌਰਾਨ ਪਤਾ ਲੱਗਿਆ ਹੈ ਕਿ ਇਹਨਾਂ ਵਿਚੋਂ ਦੋ ਜੱਗਾ ਤੱਖਤ ਮੱਲ ਗੈਗ ਅਤੇ ਦਵਿੰਦਰ ਬੰਬੀਹਾ ਗੈਗ ਨਾਲ ਸਬੰਧ ਹਨ।