
Ludhiana News : ਮੁਲਜ਼ਮ ਨਾਬਾਲਗ਼ 'ਤੇ ਵਿਆਹ ਲਈ ਦਬਾਅ ਪਾ ਰਿਹਾ ਸੀ
Father and daughter swallow poison in Ludhiana Latest news in Punjabi : ਲੁਧਿਆਣਾ ਵਿਚ ਇਕ ਨੌਜਵਾਨ ਵਲੋਂ ਨਾਬਾਲਗ਼ ਕੁੜੀ ਨਾਲ ਵਿਆਹ ਕਰਨ ਦੇ ਦਬਾਅ ਤੋਂ ਪ੍ਰੇਸ਼ਾਨ ਹੋ ਕੇ ਕੁੜੀ ਤੇ ਉਸ ਦੇ ਪਿਤਾ ਨੇ ਜ਼ਹਿਰੀਲਾ ਪਦਾਰਥ ਨਿਗਲ ਲਿਆ ਹੈ। ਮਾਮਲਾ ਜਲੰਧਰ ਬਾਈਪਾਸ ਕਾਲੀ ਸੜਕ ਇਲਾਕੇ ਦਾ ਹੈ। ਦੋਵੇਂ ਬਾਪ-ਬਾਟੀ ਨੂੰ ਸਿਵਲ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ। ਜਿਥੇ ਦੋਵਾਂ ਦੀ ਹਾਲਤ ਨਾਜ਼ੁਕ ਦਸੀ ਜਾ ਰਹੀ ਹੈ। ਦਸਿਆ ਜਾ ਰਿਹਾ ਹੈ ਕਿ 16 ਸਾਲਾ ਪੀੜਤਾ 10ਵੀਂ ਜਮਾਤ ਦੀ ਵਿਦਿਆਰਥਣ ਹੈ।
ਜਾਣਕਾਰੀ ਅਨੁਸਾਰ ਦੋਵਾਂ ਨੇ ਇਹ ਕਦਮ ਇਸ ਲਈ ਚੁਕਿਆ ਕਿਉਂਕਿ ਉਨ੍ਹਾਂ ਨੂੰ ਇਕ ਨੌਜਵਾਨ ਲਗਾਤਾਰ ਤੰਗ-ਪ੍ਰੇਸ਼ਾਨ ਕਰ ਰਿਹਾ ਸੀ। ਲੜਕੀ ਦੇ ਪਿਤਾ ਮਨੋਜ ਨੇ ਦਸਿਆ ਕਿ ਇਕ ਨੌਜਵਾਨ ਉਸ ਦੀ ਧੀ ਨੂੰ ਸਕੂਲ ਜਾਣ ਵੇਲੇ ਤੰਗ ਕਰਦਾ ਸੀ। ਉਹ ਜਬਰਦਸਤੀ ਵਿਆਹ ਲਈ ਦਬਾਅ ਪਾ ਰਿਹਾ ਸੀ ਅਤੇ ਪਰਵਾਰ ਨੂੰ ਬਦਨਾਮ ਕਰਨ ਦੀਆਂ ਧਮਕੀਆਂ ਦੇ ਰਿਹਾ ਸੀ।
ਪੀੜਤਾ ਨੇ ਦਸਿਆ ਕਿ ਮੁਲਜ਼ਮ ਨੇ ਉਸ ਦੇ ਭਰਾ ਨੂੰ ਜਾਨੋਂ ਮਾਰਨ ਦੀ ਧਮਕੀ ਵੀ ਦਿਤੀ ਸੀ। ਪਰਵਾਰ ਨੇ ਸ਼ਨੀਵਾਰ ਨੂੰ ਬਸਤੀ ਜੋਧੇਵਾਲ ਥਾਣੇ ਵਿਚ ਸ਼ਿਕਾਇਤ ਦਰਜ ਕਰਵਾਈ ਸੀ। ਇਸ ਦੇ ਬਾਵਜੂਦ, ਨੌਜਵਾਨ ਅਜੇ ਵੀ ਉਨ੍ਹਾਂ ਨੂੰ ਤੰਗ ਕਰ ਰਿਹਾ ਸੀ। ਇਸ ਤੋਂ ਤੰਗ ਆ ਕੇ, ਅਸੀਂ ਜ਼ਹਿਰੀਲਾ ਪਦਾਰਥ ਖਾ ਲਿਆ।
ਜੋਧੇਵਾਲ ਬਸਤੀ ਥਾਣੇ ਦੀ ਪੁਲਿਸ ਨੇ ਹਸਪਤਾਲ ਵਿਚ ਬਾਪ ਅਤੇ ਬੇਟੀ ਦੇ ਬਿਆਨ ਦਰਜ ਕਰ ਲਏ ਹਨ। ਮਾਮਲੇ ਦੀ ਜਾਂਚ ਸ਼ੁਰੂ ਕਰਦਿਆਂ ਮੁਲਜ਼ਮ ਦੀ ਭਾਲ ਸ਼ੁਰੂ ਕਰ ਦਿਤੀ ਹੈ।