
4 ਮਹੀਨੇ ਹਨੇਰੀ ਕੋਠੜੀ ’ਚ ਰਿਹਾ ਕੈਦ, ਕਿਸੇ ਰੀਪੋਰਟ ਵਿਚ ਸ਼ਾਮਲ ਨਹੀਂ ਸੀ ਨਾਮ
Patiala News: ਅਮਰੀਕਾ ਤੋਂ ਕੁੱਝ ਦਿਨਾਂ ਤੋਂ ਡੌਂਕੀ ਲਗਾ ਕੇ ਅਮਰੀਕਾ ਪੁੱਜੇ ਨੌਜਵਾਨਾਂ ਨੂੰ ਲਗਾਤਾਰ ਡਿਪੋਰਟ ਕਰ ਕੇ ਵਾਪਸ ਭੇਜਿਆ ਜਾ ਰਿਹਾ ਹੈ। ਜਬਰੀ ਵਾਪਸ ਭੇਜੇ ਜਾਣ ਵਾਲੇ ਨੌਜਵਾਨਾਂ ਦੀਆਂ ਕਹਾਣੀਆਂ ਬੇਹੱਦ ਦੁਖਦਾਈ ਹਨ। ਪਟਿਆਲਾ ਜ਼ਿਲ੍ਹੇ ਦੀ ਸਬ ਡਵੀਜ਼ਨ ਪਾਤੜਾਂ ਦੇ ਪਿੰਡ ਮੌਲਵੀਵਾਲਾ ਦੇ ਅਮਰੀਕਾ ਤੋਂ ਡਿਪੋਰਟ ਹੋ ਕੇ ਆਏ ਨੌਜਵਾਨ ਪ੍ਰਗਟ ਸਿੰਘ ਦੀ ਕਹਾਣੀ ਵੀ ਕੁੱਝ ਇਸ ਤਰ੍ਹਾਂ ਦੀ ਹੀ ਹੈ ਜਿਸ ਨੂੰ ਸੁਣ ਕੇ ਹਰ ਇਕ ਦੇ ਰੋਂਗਟੇ ਖੜੇ ਹੋ ਜਾਂਦੇ ਹਨ।
ਅਪਣੀ ਦੁੱਖ ਭਰੀ ਦਾਸਤਾਨ ਸੁਣਾਉਂਦਿਆਂ ਅਮਰੀਕਾ ਦੇ ਜੇਲ ਕੈਂਪ ਵਿਚ ਕਰੀਬ ਚਾਰ ਮਹੀਨੇ ਹਨੇਰ ਕੋਠੜੀ ਵਿਚ ਬਿਤਾ ਕੇ ਵਾਪਸ ਪਰਤੇ ਪ੍ਰਗਟ ਸਿੰਘ ਨੇ ਦਸਿਆ ਕਿ ਪਰਵਾਰ ਕਰੀਬ ਤਿੰਨ ਏਕੜ ਦੀ ਖੇਤੀ ਕਰਦਾ ਹੋਣ ਕਰ ਕੇ ਗੁਜ਼ਾਰਾ ਨਹੀਂ ਸੀ ਹੋ ਰਿਹਾ, ਜਿਸ ਨੂੰ ਦੇਖਦਿਆਂ ਹੋਰ ਨੌਜਵਾਨਾਂ ਦੀ ਤਰ੍ਹਾਂ ਉਸ ਨੇ ਬਹੁਤ ਸਾਰੀਆਂ ਉਮੀਦਾਂ ਲੈ ਕੇ ਅਪਣੀ ਡੇਢ ਕਿੱਲਾ ਜ਼ਮੀਨ ਵੇਚ ਕੇ ਅਮਰੀਕਾ ਵਲ ਰੁਖ਼ ਕਰ ਲਿਆ। ਦੋ ਟਰੈਵਲ ਏਜੰਟਾਂ ਵਲੋਂ ਕੀਤੀਆਂ ਗਈਆਂ ਕੋਸ਼ਿਸ਼ਾਂ ਮਗਰੋਂ ਜਦੋਂ ਉਹ ਨਾ ਜਾ ਸਕਿਆ ਤਾਂ ਤੀਜੇ ਏਜੰਟ ਨੇ ਉਸ ਨੂੰ ਬੀਤੀ ਸੱਤ ਜੂਨ ਨੂੰ ਜਹਾਜੇ ਚੜ੍ਹਾ ਦਿਤਾ। ਉਹ ਕਈ ਮਹੀਨੇ ਦੁਬਈ ਰਹਿਣ ਮਗਰੋਂ ਫਰਾਂਸ ਅਤੇ ਪਨਾਮਾ ਦੇ ਜੰਗਲਾਂ ਰਸਤੇ ਮੈਕਸੀਕੋ ਪੁੱਜਾ। ਦਿਲ ਦਹਿਲਾ ਦੇਣ ਵਾਲੀ ਘਟਨਾ ਦਾ ਜ਼ਿਕਰ ਕਰਦੇ ਉਸ ਨੇ ਦਸਿਆ ਕਿ ਜੰਗਲ ਪਾਰ ਕਰਦੇ ਸਮੇਂ ਉਨ੍ਹਾਂ ਨੂੰ ਬਹੁਤ ਔਕੜਾਂ ਆਈਆਂ। ਉਨ੍ਹਾਂ ਅੱਖੀ ਲਾਸ਼ਾਂ ਵੀ ਦੇਖੀਆਂ ਤੇ ਖਿਲਰੇ ਹੋਏ ਮਨੁੱਖੀ ਪਿੰਜਰ ਵੀ ਦੇਖੇ।
ਉਸ ਨੇ ਦਸਿਆ ਕਿ ਮੈਕਸੀਕੋ ਵਿਚ ਉਸ ਸਮੇਤ ਕਰੀਬ 40 ਨੌਜਵਾਨਾਂ ਨੂੰ ਮਾਫੀਏ ਨੇ ਫੜ ਲਿਆ ਤੇ ਪੈਸੇ ਲੈ ਕੇ ਛਡਿਆ। ਇਸ ਦੌਰਾਨ ਉਨਾਂ ਨੌਜਵਾਨਾਂ ਨਾਲ ਬਹੁਤ ਕੁੱਟਮਾਰ ਕੀਤੀ ਅਤੇ ਬਿਜਲੀ ਦਾ ਕਰੰਟ ਵੀ ਲਗਾਇਆ। ਉਸ ਨੇ ਦਸਿਆ ਕਿ ਮਾਫੀਆ ਗਰੁੱਪਾਂ ਨਾਲ ਸਬੰਧਤ ਇਹ ਲੋਕ ਪੂਰੀ ਗੁੰਡਾਗਰਦੀ ਕਰਦੇ ਹਨ। ਪੁਰਾਣੇ ਡਾਕੂਆਂ ਦੀ ਤਰ੍ਹਾਂ ਰੋਟੀ ਖਾਣ ਵੇਲੇ ਉਹ ਫ਼ਾਇਰ ਕਰ ਕੇ ਨੌਜਵਾਨਾਂ ਨੂੰ ਬੁਲਾਉਂਦੇ।
ਜਦੋਂ ਬਾਰਡਰ ਪਾਰ ਕਰ ਕੇ ਉਹ ਕੈਂਪ ਵਿਚ ਪੁੱਜੇ ਤਾਂ ਕੁਝ ਦਿਨ ਰੱਖਣ ਮਗਰੋਂ ਉਨ੍ਹਾਂ ਹਨੇਰ ਕੋਠੜੀ ਵਿਚ ਭੇਜ ਦਿਤਾ ਜਿੱਥੇ ਕਰੀਬ ਚਾਰ ਮਹੀਨੇ ਉਹ ਕੈਦ ਰਹੇ। ਉਸ ਨੇ ਦਸਿਆ ਕਿ ਉਸ ਨੂੰ ਅਕਤੂਬਰ ਵਿਚ ਡਿਪੋਰਟ ਕਰਨ ਦਾ ਆਰਡਰ ਆ ਗਏ ਸਨ ਪਰ ਉਸ ਦਾ ਪਾਸਪੋਰਟ ਡੌਂਕਰਾਂ ਵਲੋਂ ਖੋਹ ਲੈਣ ਕਰ ਕੇ ਨਹੀਂ ਆ ਸਕਿਆ ਤੇ ਹੁਣ ਵੀ ਉਸ ਨੂੰ ਤਿੰਨ ਹੋਰ ਨੌਜਵਾਨਾਂ ਸਮੇਤ ਭਾਰਤੀ ਅੰਬੈਸੀ ਵਲੋਂ ਜਾਰੀ ਚਿੱਟੇ ਪਾਸਪੋਰਟ ਉਤੇ ਹੱਥਕੜੀਆਂ ਲਗਾ ਕੇ ਦਿੱਲੀ ਭੇਜਿਆ ਗਿਆ ਹੈ ਪਰ ਉਸ ਦਾ ਨਾਮ ਅਮਰੀਕਾ ਵਲੋਂ ਡਿਪੋਰਟ ਕੀਤੇ ਜਾ ਰਹੇ ਨੌਜਵਾਨਾਂ ਵਾਲੀ ਕਿਸੇ ਸੂਚੀ ਵਿਚ ਸ਼ਾਮਲ ਨਹੀਂ ਹੈ। ਪ੍ਰਗਟ ਸਿੰਘ ਦੇ ਪਿਤਾ ਮੇਜਰ ਸਿੰਘ ਨੇ ਪਰਮਾਤਮਾ ਦਾ ਸ਼ੁਕਰਾਨਾ ਕਰਦਿਆਂ ਕਿਹਾ ਕਿ ਉਨ੍ਹਾਂ ਦਾ ਪੁੱਤ ਸੁਖੀ-ਸਾਂਦੀ ਘਰੇ ਪਹੁੰਚ ਗਿਆ। ਉਨ੍ਹਾਂ ਲਈ ਇਹੀ ਬਹੁਤ ਹੈ। ਆਪੇ ਮਿਹਨਤ ਕਰ ਕੇ ਰੋਟੀ ਜੋਗਾ ਗੁਜ਼ਾਰਾ ਕਰ ਲੈਣਗੇ ।
ਇਸ ਦੌਰਾਨ ਪਿੰਡ ਦੇ ਸਰਪੰਚ ਚਰਨਜੀਤ ਸਿੰਘ ਸੰਧੂ ਨੇ ਸਮਾਜ ਸੇਵੀ ਸੰਸਥਾਵਾਂ ਤੇ ਸੂਬਾ ਸਰਕਾਰ ਨੂੰ ਪਰਵਾਰ ਦੀ ਬਾਂਹ ਫੜਨ ਦੀ ਅਪੀਲ ਕੀਤੀ।