
ਪੰਜਾਬ ਨੂੰ ਨਸ਼ਾ ਮੁਕਤ ਕਰਨ ਲਈ ਮੁਹਿੰਮ ਸ਼ੁਰੂ
ਨੌਜਵਾਨਾਂ ਨੂੰ ਨਸ਼ਿਆਂ ਦੇ ਸ਼ਿਕੰਜੇ ਵਿਚੋਂ ਕਢਣਾ ਸਾਡਾ ਸਾਰਿਆਂ ਦਾ ਫ਼ਰਜ਼ : ਕੈਪਟਨ
ਖਟਕੜ ਕਲਾਂ (ਨਵਾਂਸ਼ਹਿਰ), ਬੰਗਾ 23 ਮਾਰਚ (ਚੇਤ ਰਾਮ, ਨਰਿੰਦਰ ਮਾਹੀ, ਸੁਖਵਿੰਦਰ ਬਨਵੈਤ): ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੇ ਸ਼ਹੀਦੀ ਦਿਵਸ ਮੌਕੇ ਦੇਸ਼ ਦੇ ਮਹਾਨ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਦਿਆਂ ਨੌਜਵਾਨਾਂ ਦੇ ਸਸ਼ਕਤੀਕਰਨ ਦਾ ਤਹਈਆ ਕੀਤਾ। ਇਸ ਮੌਕੇ ਪੰਜਾਬ ਵਾਸੀਆਂ ਨੂੰ ਸੂਬੇ ਵਿਚੋਂ ਨਸ਼ਿਆਂ ਦੀ ਅਲਾਮਤ ਨੂੰ ਜੜ੍ਹੋਂ ਪੁੱਟ ਦੇਣ ਲਈ ਸੂਬਾ ਸਰਕਾਰ ਵਲੋਂ ਕੀਤੇ ਜਾ ਰਹੇ ਯਤਨਾਂ ਨਾਲ ਸਹਿਯੋਗ ਕਰਨ ਦਾ ਸੱਦਾ ਦਿਤਾ। ਅੱਜ ਦਾ ਇਹ ਇਤਿਹਾਸਕ ਦਿਹਾੜਾ ਨੌਜਵਾਨਾਂ ਦੇ ਸਸ਼ਕਤੀਕਰਨ ਨੂੰ ਸਮਰਪਿਤ ਕਰਦਿਆਂ ਮੁੱਖ ਮੰਤਰੀ ਨੇ ਨਸ਼ਾ ਰੋਕੂ ਅਫ਼ਸਰ (ਡਰੱਗ ਐਬਿਊਜ਼ ਪ੍ਰੀਵੈਨਸ਼ਨ ਅਫ਼ਸਰ) ਨਾਮ ਹੇਠ ਨਿਵੇਕਲੇ ਉਪਰਾਲੇ ਦਾ ਆਗਾਜ਼ ਕੀਤਾ ਜਿਸ ਤਹਿਤ ਨਸ਼ਿਆਂ ਵਿਰੁਧ ਵਿੱਢੀ ਜੰਗ ਵਿਚ ਪੰਜਾਬ ਦੇ ਨਾਗਰਿਕਾਂ ਅਤੇ ਸਰਕਾਰੀ ਮੁਲਾਜ਼ਮਾਂ ਨੂੰ ਵੀ ਨਾਲ ਜੋੜਿਆ ਗਿਆ ਹੈ। ਸੂਬਾ ਭਰ ਵਿਚ ਹਲਫ਼ ਦਿਵਾਉਣ ਲਈ ਕਰਵਾਏ ਸਮਾਗਮਾਂ ਦੀ ਲੜੀ ਵਿਚ ਇਸ ਸੂਬਾ ਪਧਰੀ ਸਮਾਗਮ ਦੌਰਾਨ ਦੁਪਹਿਰ ਠੀਕ 12 ਵਜੇ ਮੌਕੇ ਕੈਪਟਨ ਅਮਰਿੰਦਰ ਸਿੰਘ ਨੇ ਨਸ਼ਾ ਰੋਕੂ ਵਾਲੰਟੀਅਰ ਦੀ ਖ਼ੁਦ ਸਹੁੰ ਚੁਕਦਿਆਂ ਬਾਕੀ ਵਲੰਟੀਅਰਾਂ ਨੂੰ ਵੀ ਹਲਫ਼ ਦਿਵਾਇਆ।
Bhagat Singh's martyr's day
ਮੁੱਖ ਮੰਤਰੀ ਨੇ ਨਸ਼ਿਆਂ ਦੀ ਸਮੱਸਿਆ ਦੇ ਮੁਕੰਮਲ ਖ਼ਾਤਮੇ ਲਈ ਉਨ੍ਹਾਂ ਦੀ ਸਰਕਾਰ ਦੇ ਯਤਨਾਂ ਦਾ ਸਾਥ ਦੇਣ ਲਈ ਵਲੰਟੀਅਰਾਂ ਦਾ ਧਨਵਾਦ ਵੀ ਕੀਤਾ। ਸੂਬੇ ਦੇ ਜ਼ਿਲ੍ਹਾ ਹੈੱਡਕੁਆਰਟਰਾਂ 'ਤੇ ਕੈਬਨਿਟ ਮੰਤਰੀਆਂ ਨੇ ਵੀ ਨਾਲਂੋ-ਨਾਲ ਵਲੰਟੀਅਰਾਂ ਨੂੰ ਨਸ਼ਾ ਰੋਕੂ ਅਫ਼ਸਰ ਦੀ ਸਹੁੰ ਚੁਕਵਾਈ।ਭਗਤ ਸਿੰਘ ਦੇ ਜੱਦੀ ਪਿੰਡ ਖਟਕੜ ਕਲਾਂ ਵਿਖੇ ਸ਼ੁਰੂ ਹੋਈ ਇਸ ਵਿਲੱਖਣ ਮੁਹਿੰਮ ਦੀ ਅਗਵਾਈ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਸੂਬੇ ਦੇ ਪਹਿਲੇ ਨਸ਼ਾ ਰੋਕੂ ਵਲੰਟੀਅਰ ਬਣੇ ਅਤੇ ਐਸ.ਟੀ.ਐਫ਼. ਦੇ ਮੁਖੀ ਹਰਪ੍ਰੀਤ ਸਿੰਘ ਸਿੱਧੂ ਨੇ ਮੁੱਖ ਮੰਤਰੀ ਨੂੰ ਡੈਪੋ ਦਾ ਸ਼ਨਾਖ਼ਤੀ ਕਾਰਡ ਸੌਂਪਿਆ। ਇਸ ਤੋਂ ਬਾਅਦ ਮੁੱਖ ਮੰਤਰੀ ਨੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਅਤੇ ਦੋ ਹੋਰ ਨੌਜਵਾਨ ਵਲੰਟੀਅਰਾਂ ਨੂੰ ਇਹ ਸ਼ਨਾਖ਼ਤੀ ਕਾਰਡ ਸੌਂਪੇ। ਯੁਵਾ ਸਸ਼ਕਤੀਕਰਨ ਦਿਵਸ ਮੌਕੇ ਆਰੰਭ ਕੀਤੇ ਡੈਪੋ ਪ੍ਰੋਗਰਾਮ ਦੌਰਾਨ ਇਕੱਠ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਦਸਿਆ ਕਿ ਇਸ ਮੁਹਿੰਮ ਤਹਿਤ ਆਪੋ-ਅਪਣੇ ਆਲੇ-ਦੁਆਲੇ, ਮੁਹੱਲਿਆਂ ਜਾਂ ਸਬੰਧਤ ਥਾਵਾਂ 'ਤੇ ਕੰਮ ਕਰਨ ਲਈ ਹੋਰ ਸਮਰਪਿਤ ਵਲੰਟੀਅਰ ਨਾਲ ਜੋੜੇ ਜਾਣਗੇ ਜੋ ਸਥਾਨਕ ਪ੍ਰਸ਼ਾਸਨ, ਪੁਲਿਸ ਅਤੇ ਐਸ.ਟੀ.ਐਫ਼. ਨਾਲ ਤਾਲਮੇਲ ਬਿਠਾਉਣਗੇ। ਉਨ੍ਹਾਂ ਦਸਿਆ ਕਿ ਸਰਕਾਰ ਦੀ ਮੁਹਿੰਮ ਦੌਰਾਨ ਡੈਪੋ ਦੀ ਵੈੱਬਸਾਈਟ 'ਤੇ ਹੁਣ ਤਕ 4.25 ਲੱਖ ਵਲੰਟੀਅਰ ਰਜਿਸਟਰ ਵੀ ਹੋ ਚੁੱਕੇ ਹਨ ਅਤੇ ਇਸ ਸਬੰਧੀ ਹੋਰ ਅਰਜ਼ੀਆਂ ਆਉਣ ਦੀ ਸੰਭਾਵਨਾ ਹੈ। ਮੁੱਖ ਮੰਤਰੀ ਨੇ ਹਰ ਪੰਜਾਬੀ ਨੂੰ ਸਰਕਾਰ ਦੀ ਨਸ਼ਾ ਵਿਰੋਧੀ ਮੁਹਿੰਮ ਦਾ ਹਿੱਸਾ ਬਣਨ ਦੀ ਅਪੀਲ ਕਰਦਿਆਂ ਕਿਹਾ ਕਿ ਨੌਜਵਾਨਾਂ ਨੂੰ ਨਸ਼ਿਆਂ ਦੇ ਸ਼ਿਕੰਜੇ ਵਿਚੋਂ ਕਢਣਾ ਸਾਡਾ ਸਾਰਿਆਂ ਦਾ ਫ਼ਰਜ਼ ਬਣਦਾ ਹੈ ਕਿਉਂਕਿ ਜੇਕਰ ਅਸੀਂ ਅਜਿਹਾ ਨਾ ਕੀਤਾ ਤਾਂ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਤਬਾਹ ਹੋ ਜਾਣਗੀਆਂ।