
ਸ਼ਹੀਦੀ ਸਮਾਗਮ ਮੌਕੇ ਕਿਸਾਨਾਂ ਦਾ ਠਾਠਾਂ ਮਾਰਦਾ ਇੱਕਠ ਹੋਇਆ
ਫ਼ਸਲਾਂ ਤੇ ਨਸਲਾਂ ਦੀ ਲੜਾਈ ਅੰਤਰਰਾਸ਼ਟਰੀ ਪੱਧਰ 'ਤੇ ਫੈਲੀ : ਬਲਬੀਰ ਸਿੰਘ ਰਾਜੇਵਾਲ
ਨਵਾਂਸ਼ਹਿਰ/ਖਟਕੜ ਕਲਾਂ, 23 ਮਾਰਚ (ਦੀਦਾਰ ਸਿੰਘ ਸ਼ੇਤਰਾ, ਸੁਖਜਿੰਦਰ ਭੰਗਲ, ਜਸਵੀਰ ਸਿੰਘ ਮੰਗੂਵਾਲ): ਸੰਯੁਕਤ ਕਿਸਾਨ ਮੋਰਚੇ ਵਲੋਂ ਸ਼ਹੀਦ ਭਗਤ ਸਿੰਘ, ਰਾਜਗੁਰੂ, ਸੁਖਦੇਵ ਨੂੰ ਸ਼ਰਧਾਂਜਲੀ ਭੇਂਟ ਕਰਦਿਆਂ ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਅਤੇ ਦੂਸਰੇ ਕਿਸਾਨ ਅਤੇ ਧਾਰਮਕ ਆਗੂਆਂ ਨੇ ਕਿਹਾ ਕਿ ਜਦੋਂ ਤਕ ਕੇਂਦਰ ਦੀ ਹੈਂਕੜਬਾਜ਼ ਸਰਕਾਰ ਖੇਤੀ ਸਬੰਧੀ ਜਾਰੀ ਕੀਤੇ ਤਿੰਨ ਕਾਲੇ ਕਾਨੂੰਨ ਰੱਦ ਨਹੀਂ ਕਰ ਦਿੰਦੀ ਅਤੇ ਐਮ.ਐਸ.ਪੀ. ਗਾਰੰਟੀ ਕਾਨੂੰਨ ਹੋਂਦ ਵਿਚ ਨਹੀਂ ਆ ਜਾਂਦਾ ਇਹ ਘੋਲ ਨਿਰੰਤਰ ਚਲਦਾ ਰਹੇਗਾ | ਉਨ੍ਹਾਂ ਸਰਕਾਰੀ ਦਖ਼ਲ ਦੇ ਬਾਵਜੂਦ ਰੈਲੀ ਵਿਚ ਪੁੱਜੇ ਠਾਠਾਂ ਮਾਰਦੇ ਕਿਸਾਨਾਂ ਦੇ ਇੱਕਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਦੀਆਂ ਫ਼ਸਲਾਂ ਅਤੇ ਨਸਲਾਂ ਦੀ ਲੜਾਈ ਦਾ ਇਹ ਘੋਲ ਅੱਜ ਭਾਰਤ ਭਰ ਦਾ ਹੀ ਨਾ ਹੋ ਕੇ ਦੁਨੀਆਂ ਭਰ ਦੇ ਲੋਕਾਂ ਦਾ ਅਪਣੀ ਹੋਂਦ ਬਚਾਉਣ ਦਾ ਘੋਲ ਬਣ ਗਿਆ ਹੈ |
ਸ. ਬਲਬੀਰ ਸਿੰਘ ਰਾਜੇਵਾਲ ਨੇ ਅਪਣੇ ਸੰਬੋਧਨ ਵਿਚ 2017 ਤੋਂ ਇਸ ਘੋਲ ਦੇ ਬੀਜੇ ਗਏ ਬੀਜਾਂ ਨੂੰ ਅੱਜ ਫੁੱਲ ਅਤੇ ਫੱਲ ਪੈ ਰਿਹਾ ਹੈ | ਇਹ ਘੋਲ ਅੱਜ ਨਿਰੋਲ ਕਿਸਾਨਾਂ ਦਾ ਘੋਲ ਨਾ ਹੋ ਕੇ ਦੇਸ਼ ਭਰ ਦੇ ਕਿਰਤੀ ਕਾਮਿਆਂ ਦੂਕਾਨਦਾਰਾਂ ਛੋਟੇ ਕਾਰੋਬਾਰੀਆਂ ਸਮੇਤ ਦੇਸ਼ ਦੇ ਸਧਾਰਨ 90 ਫ਼ੀ ਸਦੀ ਲੋਕਾਂ ਦਾ ਘੋਲ ਬਣ ਗਿਆ ਹੈ | ਇਸ ਮੌਕੇ ਸੰਤ ਬਾਬਾ ਨਿਹਾਲ ਸਿੰਘ ਹਰੀਆਂ ਵੇਲਾਂ, ਬਾਬਾ ਬਲਬੀਰ ਸਿੰਘ ਪੰਥ ਅਕਾਲੀ ਬੁੱਢਾ ਦਲ, ਸੰਤ ਬਾਬਾ ਅਜੀਤ ਸਿੰਘ ਨਿਰਮਲ ਕੁਟੀਆ ਜੌਹਲਾਂ ਨੇ ਇਕੱਠ ਨੂੰ ਵਿਸ਼ਵਾਸ ਦਿਵਾਇਆ ਕਿ ਜਦੋਂ ਤਕ ਇਹ ਤਿੰਨੇ ਕਾਨੂੰਨ ਰੱਦ ਨਹੀਂ ਹੋ ਜਾਂਦੇ ਉਹ ਅਪਣੇ ਲੋਕਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਡਟੇ ਰਹਿਣਗੇ |
ਨੌਜਵਾਨ ਪੰਜਾਬੀ ਗਾਇਕ ਬੱਬੂ ਮਾਨ ਨੇ ਕਿਹਾ ਕਿ ਦੋਆਬੇ ਵਾਲਿਆਂ ਜਿਵੇਂ ਸਾਰੀਆਂ ਕਿਸਾਨ ਜਥੇਬੰਦੀਆਂ ਨੂੰ ਇੱਕਠਿਆਂ ਕਰ ਕੇ ਕਿਸਾਨਾਂ ਦੀ ਇਕ ਜਥੇਬੰਦੀ ਬਣਾ ਲਈ ਹੈ, ਉਸੇ ਤਰ੍ਹਾਂ ਮਾਝੇ ਅਤੇ ਮਾਲਵੇ ਵਾਲੇ ਵੀ ਸਾਰੀਆਂ ਕਿਸਾਨ ਜਥੇਬੰਦੀਆਂ ਨਾਲ ਰਲ ਕੇ ਇਕ ਜਥੇਬੰਦੀ ਬਣਾਉਣ ਦਾ ਉਪਰਾਲਾ ਕਰਨ | ਵਰਨਣਯੋਗ ਹੈ ਕਿ ਮੌਸਮ ਖ਼ਰਾਬ ਹੋਣ ਕਰ ਕੇ ਖਟਕੜ ਕਲਾਂ ਵਿਖੇ ਕਿਸਾਨ ਜਥੇਬੰਦੀਆਂ ਵਲੋਂ ਕੀਤੀ ਜਾਣ ਵਾਲੀ ਇਹ ਕਿਸਾਨ ਰੈਲੀ ਮੌਕੇ ਉਤੇ ਹੀ ਫ਼ੈਸਲਾ ਲੈ ਕੇ
ਬੰਗਾ ਦੀ ਦਾਣਾ ਮੰਡੀ ਵਿਖੇ ਕੀਤੀ ਗਈ | ਸੰਯੁਕਤ ਕਿਸਾਨ ਮੋਰਚੇ ਦੀ ਇਸ ਰੈਲੀ ਨੂੰ ਪ੍ਰਸਿੱਧ ਕਿਸਾਨ ਆਗੂਆਂ ਨਿਰਭੈ ਸਿੰਘ ਢੁੱਡੀਕੇ, ਡਾ.ਦਰਸ਼ਨ ਪਾਲ, ਬੇਅੰਤ ਸਿੰਘ, ਹਰਦੀਪ ਸਿੰਘ ਡਿਬਡਿਬਾ, ਸੰਤ imageਅਵਤਾਰ ਸਿੰਘ, ਜਥੇਦਾਰ ਨਿਹਾਲ ਸਿੰਘ, ਜੁਬੈਦਾ ਖਾਨ, ਸੁਰਿੰਦਰ ਸਿੰਘ ਬੈਂਸ, ਅਮਿਤੋਜ ਮਾਨ, ਮਨਜੀਤ ਸਿੰਘ ਰਾਏ, ਕੁਲਦੀਪ ਸਿੰਘ ਦਿਆਲ, ਜੱਸ ਬਾਜਵਾ, ਹਰਫ ਚੀਮਾ, ਸੋਨੀਆ ਮਾਨ ਆਦਿ ਸਮੇਤ ਹੋਰ ਵੱਖ ਵੱਖ ਆਗੂਆਂ ਨੇ ਵੀ ਸੰਬੋਧਨ ਕੀਤਾ |