
ਸ਼ਹੀਦੀ ਦਿਵਸ ਮੌਕੇ ਦਿੱਲੀ ਦੀਆਂ ਹੱਦਾਂ ’ਤੇ ਪੰਜਾਬ ਸਣੇ ਸੱਭ ਕਿਸਾਨ ਮੋਰਚਿਆਂ ’ਤੇ ਕਮਾਨ ਨੌਜਵਾਨਾਂ ਹੱਥ ਰਹੀ
ਚੰਡੀਗੜ੍ਹ, 23 ਮਾਰਚ (ਗੁਰਉਪਦੇਸ਼ ਭੁੱਲਰ): ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ਹੇਠ ਦਿੱਲੀ ਦੀਆਂ ਹੱਦਾਂ ’ਤੇ ਪੰਜਾਬ, ਹਰਿਆਣਾ ਸਮੇਤ ਹੋਰ ਰਾਜਾਂ ਵਿਚ ਚਲ ਰਹੇ ਕਿਸਾਨ ਅੰਦੋਲਨ ਦੇ ਅੱਜ 118ਵੇਂ ਦਿਨ ਕਿਸਾਨ ਮੋਰਚਿਆਂ ਵਿਚ ਬੜੇ ਹੀ ਇਨਕਲਾਬੀ ਜੋਸ਼ ਨਾਲ ਸ਼ਹੀਦੀ ਦਿਵਸ ਮਨਾਉਂਦਿਆਂ ਸ਼ਹੀਦ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਨੂੰ ਸ਼ਰਧਾਂਜਲੀਆਂ ਭੇਂਟ ਕੀਤੀਆਂ ਗਈਆਂ।
ਜ਼ਿਕਰਯੋਗ ਹੈ ਕਿ ਅੱਜ ਸਾਰੇ ਕਿਸਾਨ ਮੋਰਚਿਆਂ ਦੀ ਅਗਵਾਈ ਨੌਜਵਾਨਾਂ ਦੇ ਹੱਥ ਵਿਚ ਹੀ ਰਹੀ ਅਤੇ ਦਿੱਲੀ ਦੀਆਂ ਹੱਦਾਂ ਉਪਰ ਵੀ ਵੱਖ ਵੱਖ ਰਾਜਾਂ ਵਿਚ ਹਜ਼ਾਰਾਂ ਦੀ ਗਿਣਤੀ ਵਿਚ ਨੌਜਵਾਨ ਮੁੰਡੇ ਕੁੜੀਆਂ ਨੇ ਕਾਫ਼ਲਿਆਂ ਦੇ ਰੂਪ ਵਿਚ ਪਹੁੰਚ ਕੇ ਅੰਦੋਲਨ ਨੂੰ ਇਕ ਵਾਰ ਵੱਡਾ ਹੁਲਾਰਾ ਦਿਤਾ ਹੈ। ਨੌਜਵਾਨ ਮੁੰਡੇ ਕੁੜੀਆਂ ਦੇ ਵੱਡੇ ਕਾਫ਼ਲੇ ਪੰਜਾਬ ਤੇ ਹੋਰ ਕਈ ਰਾਜਾਂ ਤੋਂ ਬਸੰਤੀ ਪੱਗਾਂ ਬੰਨ੍ਹ ਕੇ ਚੁੰਨੀਆਂ ਲੈ ਕੇ ਪਹੁੰਚੇ। ਨੌਜਵਾਨਾਂ ਵਲੋਂ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕਰਦਿਆਂ ਉਨ੍ਹਾਂ ਪੂਰਨ ਆਜ਼ਾਦੀ ਦੇ ਅਧੂਰੇ ਸੁਫ਼ਨਿਆਂ ਨੂੰ ਪੂਰਾ ਕਰਨ ਲਈ ਜਦੋ ਜਹਿਦ ਜਾਰੀ ਰੱਖਣ ਦਾ ਸੰਕਲਪ ਲਿਆ। ਕਿਸਾਨੀ ਮੋਰਚੇ ਵਿਚ ਵੀ ਕਾਲੇ ਖੇਤੀ ਕਾਨੂੰਨ ਵਾਪਸ ਕਰਵਾਉਣ ਲਈ ਪੂਰਾ ਸਾਥ ਦੇਣ ਦੇ ਐਲਾਨ ਕੀਤੇ ਗਏ। ਦਿੱਲੀ ਦੀਆਂ ਹੱਦਾਂ ਟਿਕਰੀ, ਸਿੰਘੂ, ਗਾਜ਼ੀਪੁਰ ਬਾਰਡਰ ਤੇ ਹੋਏ ਵਿਸ਼ਾਲ ਪ੍ਰੋਗਰਾਮਾਂ ਵਿਚ 60 ਤੋਂ ਵੱਧ ਨੌਜਵਾਨ ਬੁਲਾਰਿਆਂ ਨੇ ਵਿਚਾਰ ਰੱਖੇ।
ਪੰਜਾਬ ਵਿਚ ਵੀ 100 ਤੋਂ ਵੱਧ ਥਾਵਾਂ ’ਤੇ ਸ਼ਹੀਦੀ ਦਿਵਸ ਵਿਚ ਨੌਜਵਾਨਾਂ ਨੇ ਵਿਚਾਰ ਪੇਸ਼ ਕੀਤੇ। ਅੱਜ ਦੀ ਇਕ ਜ਼ਿਕਰਯੋਗ ਹੈ ਇਹ ਵੀ ਰਹੀ ਕਿ ਪੰਜਾਬ ਦੀਆਂ ਸ਼ਹੀਦਾਂ ਨਾਲ ਜੁੜੀਆਂ ਇਤਿਹਾਸਕ ਥਾਵਾਂ ਖਟਕੜ ਕਲਾਂ, ਹੁਸੈਨੀਵਾਲਾ, ਸਰਾਭਾ, ਸ਼ਹੀਦ ਊਧਮ ਸਿੰਘ ਵਾਲਾ ਸੁਨਾਮ, ਫ਼ਤਿਹਗੜ੍ਹ ਸਾਹਿਬ ਤੇ ਅਨੰਦਪੁਰ ਸਾਹਿਬ ਤੋਂ ਨੌਜਵਾਨਾਂ ਦੇ ਜਥੇ ਪੈਦਲ ਮਾਰਚ ਕਰਦੇ ਹੋਏ ਉਥੋਂ ਦੀ ਮਿੱਟੀ ਲੈ ਕੇ ਦਿੱਲੀ ਹੱਦਾਂ ’ਤੇ ਹੋਏ ਸਮਾਗਮਾਂ ਵਿਚ ਪਹੁੰਚੇ। ਉਘੇ ਪੰਜਾਬੀ ਗਾਇਕ ਮਲਕੀਤ, ਰਵਿੰਦਰ ਗਰੇਵਾਲ ਤੇ ਹਰਜੀਤ ਹਰਮਨ ਆਦਿ ਵੀ ਇਨ੍ਹਾਂ ਸ਼ਹੀਦੀ ਸਮਾਗਮਾਂ ਵਿਚ ਸ਼ਾਮਲ ਹੋਏ। ਇਨਕਲਾਬੀ ਗੀਤਾਂ ਤੇ ਨਾਟਕਾਂ ਦੇ ਪ੍ਰੋਗਰਾਮ ਵੀ ਹੋਏ।