
ਮੋਰਚੇ ਦੌਰਾਨ ਸ਼ਹੀਦ ਹੋਏ ਕਿਸਾਨਾਂ ਦੇ ਸੁਪਨੇ ਪੂਰੇ ਕਰਨੇ ਹੀ ਹੋਵੇਗੀ ਸੱਚੀ ਸ਼ਰਧਾਂਜਲੀ : ਬਾਪੂ ਹਰਦੀਪ ਸਿੰਘ
ਅੰਮ੍ਰਿਤਸਰ, 23 ਮਾਰਚ (ਸੁਰਜੀਤ ਸਿੰਘ ਖ਼ਾਲਸਾ): 26 ਜਨਵਰੀ 2021 ਨੂੰ ਦਿੱਲੀ ਵਿਖੇ ਕਿਸਾਨਾਂ ਵਲੋਂ ਕੀਤੀ ਗਈ ਟਰੈਕਟਰ ਪਰੇਡ ਦੌਰਾਨ ਸ਼ਹੀਦ ਹੋਏ ਨੌਜਵਾਨ ਕਿਸਾਨ ਨਵਰੀਤ ਸਿੰਘ ਦੇ ਜੱਦੀ ਪੁਰਖੀ ਪਿੰਡ ਬੰਡਾਲਾ ਵਿਖੇ ਸੰਤ ਬਾਬਾ ਲਛਮਣ ਸਿੰਘ ਲੰਗਰ ਹਾਲ ਵਿਚ ਸ਼ਰਧਾਂਜਲੀ ਸਮਾਗਮ ਭੁਪਿੰਦਰ ਸਿੰਘ ਰੰਧਾਵਾ ਵਲੋਂ ਸਮੂਹ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਕਰਵਾਇਆ ਗਿਆ।
ਇਸ ਮੌਕੇ ਰਖਵਾਏ ਗਏ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਠ ਦੇ ਭੋਗ ਪਾਏ ਗਏ ਤੇ ਉਪਰੰਤ ਸ੍ਰੀ ਹਰਿਮੰਦਰ ਸਾਹਿਬ ਤੋਂ ਆਏ ਭਾਈ ਸੁਖਜੀਤ ਸਿੰਘ ਦੇ ਕੀਰਤਨੀ ਜਥੇ ਵਲੋਂ ਵੈਰਾਗਮਈ ਕੀਰਤਨ ਕੀਤਾ ਗਿਆ ਜਿਸ ਤੋਂ ਉਪਰੰਤ ਕਿਸਾਨ ਆਗੂਆਂ ਤੇ ਹੋਰਨਾਂ ਵਲੋਂ ਅਪਣੇ ਤੌਰ ਤੇ ਸ਼ਰਧਾਂਜਲੀਆਂ ਭੇਂਟ ਕੀਤੀਆਂ ਗਈਆਂ। ਇਸ ਸਮਾਗਮ ਵਿਚ ਸ਼ਹੀਦ ਹੋਏ ਨੌਜਵਾਨ ਨਵਰੀਤ ਸਿੰਘ ਦੇ ਦਾਦਾ ਬਾਪੂ ਹਰਦੀਪ ਸਿੰਘ ਡਿੱਬਡਿੱਬਾ ਨੇ ਉਚੇਚੇ ਤੌਰ ’ਤੇ ਹਾਜ਼ਰੀ ਲੁਆਈ। ਇਸ ਮੌਕੇ ਇਕੱਤਰ ਹੋਈਆਂ ਸੰਗਤਾਂ ਨੂੰ ਸੰਬੋਧਨ ਕਰਦਿਆ ਬਾਪੂ ਹਰਦੀਪ ਸਿੰਘ ਆਖਿਆ ਕਿ ਖੇਤੀ ਵਿਦਾਵਤ ਬਿਲਾਂ ਨੂੰ ਰੱਦ ਕਰਨ ਲਈ ਦੇਸ਼ ਦੇ ਸਮੂਹ ਕਿਸਾਨਾਂ ਵਲੋਂ ਦਿੱਲੀ ਦੇ ਵੱਖ-ਵੱਖ ਬਾਰਡਰਾਂ ਤੇ ਕੀਤੇ ਜਾ ਰਹੇ ਰੋਸ ਪ੍ਰਦਰਸ਼ਨ ਦੌਰਾਨ ਸ਼ਹੀਦੀਆਂ ਪਾਉਣ ਵਾਲੇ ਕਿਸਾਨਾਂ ਨੂੰ ਸੱਚੀ ਸ਼ਰਧਾਂਜਲੀ ਕਾਲੇ ਬਿੱਲ ਰੱਦ ਕਰਵਾ ਕੇ ਹੀ ਹੋਵੇਗੀ।
ਉਨ੍ਹਾਂ ਨੇ ਸਮੂਹ ਲੋਕਾਂ ਨੂੰ ਅਪੀਲ ਕੀਤੀ ਕਿ ਵੱਧ ਤੋਂ ਵੱਧ ਕਿਸਾਨਾਂ ਦਾ ਸਾਥ ਦੇਣ ਤੇ ਜਥੇਬੰਦੀਆਂ ਵੀ ਏਕਤਾ ਬਣਾਈ ਰੱਖਣ ਤੇ ਯਕੀਨੀ ਤੌਰ ਤੇ ਮੋਰਚਾ ਫ਼ਤਹਿ ਹੋਵੇਗਾ। ਉਨ੍ਹਾਂ ਨੇ ਸਮੂਹ ਨੌਜਵਾਨਾਂ ਨੂੰ ਅਪੀਲ ਕੀਤੀ ਕਿ 25 ਮਾਰਚ ਨੂੰ ਨੌਜਵਾਨਾਂ ਦਾ ਕਾਫਲਾ ਦਿੱਲੀ ਬਾਰਡਰ ਜਾਵੇਗਾ ਜਿਸ ਵਿਚ ਵੱਧ ਚੜ੍ਹ ਕੇ ਨੌਜਵਾਨ ਹਿੱਸਾ ਲੈਣ।