
ਗੁਰਦਵਾਰਾ ਕਮੇਟੀ ਦਾ ਹਿਸਾਬ ਕਿਤਾਬ ਆਨਲਾਈਨ ਕਰਨ ਦੇ ਵਾਅਦਿਆਂ ਤੋਂ ਬਾਦਲਾਂ ਨੇ ਦਿੱਲੀ ਦੇ ਸਿੱਖਾਂ ਨਾਲ ਕਿਉਂ ਕੀਤਾ ਧੋਖਾ? ਰਮਨਦੀਪ ਸਿੰਘ
ਨਵੀਂ ਦਿੱਲੀ, 23 ਮਾਰਚ (ਅਮਨਦੀਪ ਸਿੰਘ): ਸ਼੍ਰੋਮਣੀ ਅਕਾਲੀ ਦਲ ਦਿੱਲੀ ਯੂਥ ਵਿੰਗ ਦੇ ਪ੍ਰਧਾਨ ਸ.ਰਮਨਦੀਪ ਸਿੰਘ ਨੇ ਦਿੱਲੀ ਗੁਰਦਵਾਰਾ ਕਮੇਟੀ ’ਤੇ 2013 ਤੇ 2017 ਵਿਚ ਚੋਣ ਵਾਅਦਿਆਂ ਦੇ ਨਾਂ ’ਤੇ ਦਿੱਲੀ ਦੇ ਸਿੱਖਾਂ ਨਾਲ ਧੋਖਾ ਕਰਨ ਦਾ ਦੋਸ਼ ਲਾਇਆ ਹੈ। ਉਨ੍ਹਾਂ ਕਿਹਾ,“ਸ਼੍ਰੋਮਣੀ ਅਕਾਲੀ ਦਲ ਬਾਦਲ ਨੇ 2013 ਅਤੇ 2017 ਵਿਚ ਹੋਈਆਂ ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਵਿਚ ਦਿੱਲੀ ਦੇ ਸਿੱਖਾਂ ਨਾਲ ਵਾਅਦਾ ਕੀਤਾ ਸੀ ਕਿ ਉਹ ਕਮੇਟੀ ਦੇ ਖ਼ਾਤਿਆਂ ਨੂੰ ਆਨਲਾਈਨ ਕਰ ਦੇਣਗੇ ਤੇ ਕੋਈ ਵੀ ਸਿੱਖ ਵੈੱਬਸਾਈਟ ’ਤੇ ਸਾਰਾ ਹਿਸਾਬ ਕਿਤਾਬ ਵੇਖ ਸਕੇਗਾ। ਪਰ ਅੱਜ 8 ਸਾਲ ਬਾਅਦ ਖਾਤੇ ਆਨਲਾਈਨ ਕਰਨਾ ਤਾਂ ਦੂਰ ਰਿਹਾ, ਸਗੋਂ ਗੁਰੂ ਦੀ ਗੋਲਕ ਵਿਚ ਹੇਰਾਫੇਰੀਆਂ ਕਰਨ ਦੇ ਦੋਸ਼ ਵਿਚ ਬਾਦਲਾਂ ਦੇ ਦੋ ਦੋ ਪ੍ਰਧਾਨਾਂ ’ਤੇ ਐਫ਼ ਆਈ ਆਰਾਂ ਦਰਜ ਹੋ ਚੁਕੀਆਂ ਹਨ, ਜਿਸ ਨਾਲ ਸਿੱਖਾਂ ਦੀ ਬਦਨਾਮੀ ਵਖਰੀ ਹੋਈ ਹੈ।’’