
ਮਾਰਚ ’ਚ ਵਧਿਆ ਗਰਮੀ ਦਾ ਕਹਿਰ, 35 ਡਿਗਰੀ ਨਾਲ ਆਦਮਪੁਰ ਰਿਹਾ ਸੱਭ ਤੋਂ ਗਰਮ
ਆਦਮਪੁਰ, 23 ਮਾਰਚ (ਕਰਮਵੀਰ ਸਿੰਘ) : ਉੱਤਰ ਭਾਰਤ ’ਚ ਗਰਮੀ ਨੇ ਹਾਲ ਬੇਹਾਲ ਕੀਤਾ ਹੋਇਆ ਹੈ। ਮਾਰਚ ਮਹੀਨੇ ’ਚ ਪੈਂਦੀ ਗਰਮੀ ਨੇ ਜੂਨ ਦਾ ਅਹਿਸਾਸ ਕਰਵਾ ਦਿਤਾ ਹੈ। ਮੌਸਮ ਮਾਹਰਾਂ ਨੇ ਤਾਂ ਪਹਿਲਾਂ ਹੀ ਚੇਤਾਵਨੀ ਦਿਤੀ ਸੀ ਕਿ 2022 ’ਚ ਰਿਕਾਰਡਤੋੜ ਗਰਮੀ ਪੈ ਸਕਦੀ ਹੈ। ਆਈ.ਐਮ.ਡੀ ਮੁਤਾਬਕ ਮਾਰਚ ਤੋਂ ਮਈ ਤਕ ਪੱਛਮ ਤੋਂ ਲੈ ਕੇ ਮੱਧ ਅਤੇ ਉੱਤਰ-ਪੱਛਮੀ ਭਾਰਤ ਤਕ ਦੇ ਪੂਰੇ ਖੇਤਰ ’ਚ ਸਖ਼ਤ ਗਰਮੀ ਹੋਵੇਗੀ। ਪੰਜਾਬ ਦੀ ਗੱਲ ਕੀਤੀ ਜਾਏ ਤਾਂ ਇਥੇ ਵੱਧ ਤੋਂ ਵੱਧ ਤਾਪਮਾਨ 35-36 ਡਿਗਰੀ ਸੈਲਸੀਅਸ ਰੀਕਾਰਡ ਕੀਤਾ ਜਾ ਰਿਹਾ ਹੈ।
ਮੌਸਮ ਵਿਭਾਗ ਤੋਂ ਮਿਲੀ ਤਾਜ਼ਾ ਜਾਣਕਾਰੀ ਅਨੁਸਾਰ ਪੰਜਾਬ ’ਚ ਸੱਭ ਤੋਂ ਗਰਮ ਸ਼ਹਿਰ ਆਦਮਪੁਰ (35.6 ਡਿਗਰੀ ਸੈਲਸੀਅਸ) ਰੀਕਾਰਡ ਕੀਤਾ ਗਿਆ। ਜਦਕਿ ਘੱਟੋ-ਘੱਟ ਤਾਪਮਾਨ 13.4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਮਾਹਰਾਂ ਮੁਤਾਬਕ ਮਾਰਚ ਮਹੀਨੇ ’ਚ ਇਸ ਤਰ੍ਹਾਂ ਦੀ ਗਰਮੀ ਫ਼ਸਲਾਂ ਲਈ ਨੁਕਸਾਨਦੇਹ ਹੋ ਸਕਦੀ ਹੈ। ਇਸ ਸਮੇਂ ਖੇਤਾਂ ’ਚ ਕਣਕ ਦੀ ਖੜੀ ਫ਼ਸਲ ਵਾਢੀ ਲਈ ਲਗਭਗ ਤਿਆਰ ਹੋ ਚੁੱਕੀ ਹੈ। ਇਸ ਕਰ ਕੇ ਇਸ ਗਰਮੀ ਕਿਸਾਨਾਂ ਨੂੰ ਅਪਣੀ ਫ਼ਸਲ ਦਾ ਖ਼ਾਸ ਧਿਆਨ ਰਖਣਾ ਚਾਹੀਦਾ ਹੈ। ਖ਼ਾਸ ਕਰ ਕੇ ਸੁੱਕੇ ਇਲਾਕਿਆਂ ’ਚ ਫ਼ਸਲਾਂ ਨੂੰ ਚੰਗੀ ਤਰ੍ਹਾਂ ਪਾਣੀ ਲਾਇਆ ਜਾਣਾ ਚਾਹੀਦਾ ਹੈ ਕਿਉਂਕਿ ਵੱਧ ਮੀਂਹ ਪੈਣ ਕਾਰਨ ਝਾੜ ਘਟਣ ਦੀ ਸੰਭਾਵਨਾ ਰਹਿੰਦੀ ਹੈ ਅਤੇ ਦਾਣਾ ਬਰੀਕ ਹੋ ਜਾਂਦਾ ਹੈ ਅਤੇ ਫ਼ਸਲ ਨੂੰ ਤੇਜ਼ ਧੁੱਪ ਤੋਂ ਬਚਾਉਣ ਲਈ ਪਾਣੀ ਲਾਉਣਾ ਹੀ ਬੇਹਤਰ ਹੈ।
ਮੌਸਮ ਵਿਭਾਗ ਦੀ ਮੰਨੀ ਜਾਏ ਤਾਂ ਸਾਹ ਸੁਕਾਉਣ ਵਾਲੀ ਗਰਮੀ ਅਗਲੇ ਇਕ ਹਫ਼ਤੇ ਤਕ ਇਸ ਤਰ੍ਹਾਂ ਪ੍ਰੇਸ਼ਾਨ ਕਰਦੀ ਰਹੇਗੀ।