
ਹਿਮਾਚਲ ਦੇ ਮੁੱਖ ਮੰਤਰੀ ਵਲੋਂ ਦਿਤਾ ਬਿਆਨ ਸਿੱਖ ਆਗੂ ਪ੍ਰਤੀ ਨਫ਼ਰਤੀ ਸੋਚ ਦਾ ਪ੍ਰਗਟਾਵਾ : ਐਡਵੋਕੇਟ ਧਾਮੀ
ਅੰਮਿ੍ਤਸਰ, 23 ਮਾਰਚ (ਸੁਖਵਿੰਦਰਜੀਤ ਸਿੰਘ ਬਹੋੜੂ): ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਜੈ ਰਾਮ ਠਾਕੁਰ ਵਲੋਂ ਸਿੱਖ ਝੰਡਿਆਂ ਅਤੇ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆਂ ਦੀ ਤਸਵੀਰ ਦੇ ਮਾਮਲੇ ਵਿਚ ਦਿਤੇ ਬਿਆਨ 'ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਮੁੱਖ ਮੰਤਰੀ ਨੂੰ ਪੱਤਰ ਲਿਖ ਕੇ ਸਖ਼ਤ ਇਤਰਾਜ਼ ਪ੍ਰਗਟ ਕੀਤਾ ਹੈ |
ਐਡਵੋਕੇਟ ਧਾਮੀ ਨੇ ਕਿਹਾ ਕਿ ਸੂਬੇ ਦਾ ਮੁਖੀ ਹਰ ਫ਼ਿਰਕੇ ਦੀ ਸੁਰੱਖਿਆ ਲਈ ਜ਼ਿੰਮੇਵਾਰ ਹੁੰਦਾ ਹੈ, ਉਸ ਦਾ ਫ਼ਿਰਕੂਵਾਦੀ ਬਿਆਨ ਦੇਸ਼ ਦੀ ਸ਼ਾਂਤੀ ਨੂੰ ਨੁਕਸਾਨ ਪਹੁੰਚਾ ਸਕਦਾ ਹੈ | ਭਾਰਤ ਬਹੁਧਰਮੀ ਅਤੇ ਬਹੁਭਾਸ਼ੀ ਦੇਸ਼ ਹੈ, ਜਿਸ ਵਿਚ ਹਰ ਇਕ ਨੂੰ ਧਾਰਮਕ ਆਜ਼ਾਦੀ ਹੈ | ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲੇ ਸਿੱਖਾਂ ਦੇ ਕੌਮੀ ਸ਼ਹੀਦ ਹਨ, ਜਿਨ੍ਹਾਂ ਨੂੰ ਸਿੱਖ ਕੌਮ ਦੇ ਸਰਵਉੱਚ ਅਸਥਾਨ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸ਼ਹੀਦ ਦਾ ਖ਼ਿਤਾਬ ਬਖ਼ਸ਼ਿਆ ਹੋਇਆ ਹੈ | ਹਿਮਾਚਲ ਪ੍ਰਦੇਸ਼ ਵਿਚ ਬਹੁਤ ਸਾਰੇ ਸਿੱਖ ਗੁਰਧਾਮ ਆਉਂਦੇ ਹਨ, ਜਿਨ੍ਹਾਂ ਦੇ ਦਰਸ਼ਨਾਂ ਲਈ ਜਾਂਦੇ ਸ਼ਰਧਾਲੂਆਂ ਨੂੰ ਰੋਕ ਕੇ ਉਨ੍ਹਾਂ ਦੀਆਂ ਗੱਡੀਆਂ ਤੋਂ ਨਿਸ਼ਾਨ ਸਾਹਿਬ ਅਤੇ ਸਿੱਖ ਸ਼ਹੀਦਾਂ ਦੀਆਂ ਤਸਵੀਰਾਂ ਜਬਰੀ ਲੁਹਾਈਆਂ ਜਾ ਰਹੀਆਂ ਹਨ | ਹਿਮਾਚਲ ਦੇ ਮੁੱਖ ਮੰਤਰੀ ਨੂੰ ਇਹ ਨਹੀਂ ਭੁਲਣਾ ਚਾਹੀਦਾ ਕਿ ਜੇਕਰ ਅੱਜ ਪੂਰਾ ਦੇਸ਼ ਆਜ਼ਾਦੀ ਦਾ ਨਿੱਘ ਮਾਣ ਰਿਹਾ ਹੈ ਤਾਂ ਉਹ ਸਿੱਖਾਂ ਦੀ ਵੱਡੀ ਭੂਮਿਕਾ ਦੀ ਬਦੌਲਤ ਹੈ | ਮਾਮਲੇ 'ਤੇ ਪੁਲਿਸ ਪ੍ਰਸ਼ਾਸਨ ਨੂੰ ਰੋਕਣ ਦੀ ਬਜਾਏ ਸੂਬੇ ਦੇ ਮੁੱਖ ਮੰਤਰੀ ਜੈ ਰਾਮ ਠਾਕੁਰ ਵਲੋਂ ਸਿੱਖ ਭਾਵਨਾਵਾਂ ਵਿਰੁਧ ਬਿਆਨਬਾਜ਼ੀ ਕੀਤੀ ਗਈ ਹੈ |