
ਅਮਰੀਕਾ ਦੇ ਮਿਲੇਨੀਅਮ ਮੈਗਜ਼ੀਨ ਦੇ ਮੁੱਖ ਪੰਨੇ ਦਾ ਸ਼ਿੰਗਾਰ ਬਣੇ ਰੋਜ਼ਾਨਾ ਸਪੋਕਸਮੈਨ ਦੇ ਚੀਫ਼ ਬੀਊਰੋ ਡਾ. ਸੁਰਿੰਦਰ ਸਿੰਘ ਗਿੱਲ
ਵਾਸ਼ਿੰਗਟਨ, 23 ਮਾਰਚ (ਵਿਸ਼ੇਸ਼ ਪ੍ਰਤੀਨਿਧ) : ਅਮਰੀਕਾ ਦੇ ਮਿਲੇਨੀਅਮ ਮੈਗਜ਼ੀਨ ਦੇ ਨੌਂਵੇ ਅੰਕ ਨੂੰ ਨਿਊਯਾਰਕ ਵਿਚ ਜਾਰੀ ਕੀਤਾ ਗਿਆ। ਇਸ ਮੈਗਜ਼ੀਨ ਵਿਚ ਵਿਸ਼ਵ ਵਿਆਪੀ ਉੱਘੀਆਂ ਸ਼ਖ਼ਸੀਅਤਾਂ ਦੀਆਂ ਕਾਰਗੁਜ਼ਾਰੀਆਂ ਬਾਰੇ ਲਿਖਿਆ ਗਿਆ ਹੈ। ਇਹ ਮੈਗਜ਼ੀਨ 1898 ਵਿਚ ਐਲਬਰਟ ਨੈਲਸਨ ਮਾਰਕੀਊਜ਼ ਨੇ ਸ਼ੁਰੂ ਕੀਤਾ ਸੀ, ਜਿਸ ਵਿਚ ਗੁਪਤ ਤੌਰ ’ਤੇ ਉੱਘੀਆਂ ਹਸਤੀਆਂ ਜੋ ਸਮਾਜ, ਗ਼ਰੀਬਾਂ ਅਤੇ ਲੋੜਵੰਦਾਂ ਤੋਂ ਇਲਾਵਾ ਪੱਤਰਕਾਰੀ ਜਾਂ ਕਿਸੇ ਵਿਸ਼ੇਸ਼ ਖੇਤਰ ਵਿਚ ਸੇਵਾਵਾਂ ਦਿੰਦੀਆਂ ਹਨ, ਉਨ੍ਹਾਂ ਬਾਰੇ ਜਾਣਕਾਰੀ ਇਕੱਠੀ ਕਰ ਕੇ ਕਿਤਾਬਚਾ ਜਾਰੀ ਕੀਤਾ ਜਾਂਦਾ ਹੈ।
2022 ਦੇ ਮਿਲੇਨੀਅਮ ਮੈਗਜ਼ੀਨ ਵਿਚ ਇੱਕੋ-ਇਕ ਦਸਤਾਰਧਾਰੀ ਸਿੱਖ ਦਾ ਜ਼ਿਕਰ ਪੰਨਾ ਨੰਬਰ 353 ਉਤੇ ਕੀਤਾ ਗਿਆ ਹੈ ਅਤੇ ਮੁੱਖ ਪੰਨੇ ’ਤੇ ਵਿਸ਼ੇਸ਼ ਥਾਂ ਦਿਤੀ ਗਈ ਹੈ। ਇਹ ਸਿੱਖ ਹਨ ਡਾ. ਸੁਰਿੰਦਰ ਸਿੰਘ ਗਿੱਲ ਜੋ ਉੱਘੇ ਸਿਖ ਵਜੋਂ ਵੀ 2020 ਦੌਰਾਨ ਉੱਭਰ ਕੇ ਆਏ ਸਨ। ਸਿੱਖ ਕਮਿਊਨਿਟੀ ਇਸ ’ਤੇ ਬਹੁਤ ਮਾਣ ਮਹਿਸੂਸ ਕਰ ਰਹੀ ਹੈ ਕਿ ਡਾ. ਸੁਰਿੰਦਰ ਸਿੰਘ ਗਿੱਲ ਚੀਫ਼ ਐਗਜ਼ੈਕਟਿਵ ਅਤੇ ਕਮਿਊਨਿਟੀ ਲੀਡਰ, ਅਵੈਨਸਰ ਟੈਕ ਸੰਸਥਾ ਤੋਂ ਹਨ। ਡਾ. ਗਿੱਲ ਦੀ ਇਸ ਪ੍ਰਾਪਤੀ ਦੀ ਚਰਚਾ ਪੂਰੇ ਅਮਰੀਕਾ ਵਿਚ ਹੋ ਰਹੀ ਹੈ, ਜਿਨ੍ਹਾਂ ਨੂੰ ਮਸ਼ਹੂਰ ਮੈਗਜ਼ੀਨ ਦੇ ਮੁੱਖ ਪੰਨੇ ਦਾ ਸ਼ਿੰਗਾਰ ਬਣਨ ਦਾ ਰੁਤਬਾ ਹਾਸਲ ਹੋਇਆ ਹੈ।
ਡਾ. ਗਿੱਲ ਨੇ ਸੰਖੇਪ ਮੁਲਾਕਾਤ ਦੌਰਾਨ ਦਸਿਆ ਕਿ ਉਹ ਭਾਰਤ ਦੇ ਚਾਰ ਹਫ਼ਤੇ ਦੇ ਦੌਰੇ ਤੋਂ ਵਾਪਸ ਅਮਰੀਕਾ ਪਹੁੰਚੇ ਤਾਂ ਉਨ੍ਹਾਂ ਨੂੰ ਫ਼ੋਨ ਰਾਹੀਂ ਇਸ ਪ੍ਰਾਪਤੀ ਬਾਰੇ ਪਤਾ ਚਲਿਆ। ਉਪਰੰਤ ਈਮੇਲ ਰਾਹੀਂ ਇਸ ਮਿਲੇਨੀਅਮ ਮੈਗਜ਼ੀਨ ਦੀ ਕਾਪੀ ਮਿਲੀ, ਜਿਸ ਵਿਚ ਸਿਰਫ ਦਸਤਾਰਧਾਰੀ ਡਾ. ਗਿੱਲ ਹੀ ਸਨ। 368 ਪੰਨਿਆਂ ਦੀ ਇਹ ਮੈਗਜ਼ੀਨ ਹੈ। ਮੈਗਜ਼ੀਨ ਦੀ ਸੀਨੀਅਰ ਐਡੀਟਰ ਲੀਜ਼ਾ ਡਾਇਮੰਡ ਨੇ ਦਸਿਆ ਕਿ ਇਹ ਮਿਲੇਨੀਅਮ ਮੈਗਜ਼ੀਨ ਜੀਵਨੀ ਕਹਾਣੀਆਂ ਸਾਡੇ ਜਿਊਂਦੇ ਰਹਿਣ ਦੀ ਯੋਗਤਾ ਨੂੰ ਦਰਸਾਉਂਦੀਆਂ ਹਨ। ਤੁਹਾਡੇ ਅਪਣੇ ਯਤਨ, ਮਿਲੇਨੀਅਮ ਮੈਗਜ਼ੀਨ ਰਾਹੀਂ ਆਉਣ ਵਾਲੀਆਂ ਪੀੜ੍ਹੀਆਂ ਲਈ ਪ੍ਰੇਰਨਾ ਬਣਨਗੇ। ਡਾ. ਗਿੱਲ ਨੂੰ ਇਸ ਪ੍ਰਾਪਤੀ ਲਈ ਕਈ ਸੈਨੇਟਰ, ਕਾਂਗਰਸਮੈਨ ਤੇ ਗਵਰਨਰਾਂ ਵਲੋਂ ਲਿਖਤੀ ਵਧਾਈ ਪੱਤਰ ਵੀ ਪ੍ਰਾਪਤ ਹੋਏ ਹਨ, ਜੋ ਸਿੱਖਾਂ ਲਈ ਮਾਣ ਵਾਲੀ ਗੱਲ ਹੈ।