
ਪਟੀਸ਼ਨ ਵਿਚ ਕਿਹਾ ਗਿਆ ਹੈ ਕਿ ਪੰਜਾਬ ਵਿਚ ਐਨਡੀਪੀਐਸ ਦੇ ਝੂਠੇ ਕੇਸਾਂ ਵਿਚ ਬੇਕਸੂਰ ਲੋਕਾਂ ਨੂੰ ਫਸਾਉਣ ਦੀ ਖੇਡ ਵੱਡੇ ਪੱਧਰ ’ਤੇ ਚੱਲ ਰਹੀ ਹੈ
ਚੰਡੀਗੜ੍ਹ: ਲੁਧਿਆਣਾ ਦੇ ਸਮਾਜ ਸੇਵੀ ਸੁਭਾਸ਼ ਚੰਦਰ ਕੈਡੀ ਨੇ ਕਰੋੜਾਂ ਰੁਪਏ ਦੇ ਡਰੱਗ ਕਾਰੋਬਾਰ ਮਾਮਲੇ ਵਿਚ ਮੁੱਖ ਪਟੀਸ਼ਨ ਵਿਚ ਧਿਰ ਬਣਨ ਦੀ ਮੰਗ ਨੂੰ ਲੈ ਕੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿਚ ਅਰਜ਼ੀ ਦਾਇਰ ਕੀਤੀ ਹੈ। ਹਾਈਕੋਰਟ ਨੇ ਮੁੱਖ ਪਟੀਸ਼ਨ ਦੇ ਨਾਲ ਹੀ ਇਸ 'ਤੇ ਸੁਣਵਾਈ ਕਰਨ ਦਾ ਫੈਸਲਾ ਕੀਤਾ ਹੈ। ਪਟੀਸ਼ਨ ਵਿਚ ਕਿਹਾ ਗਿਆ ਹੈ ਕਿ ਪੰਜਾਬ ਵਿਚ ਐਨਡੀਪੀਐਸ ਦੇ ਝੂਠੇ ਕੇਸਾਂ ਵਿਚ ਬੇਕਸੂਰ ਲੋਕਾਂ ਨੂੰ ਫਸਾਉਣ ਦੀ ਖੇਡ ਵੱਡੇ ਪੱਧਰ ’ਤੇ ਚੱਲ ਰਹੀ ਹੈ, ਜਿਸ ਦੀ ਜਾਂਚ ਕੀਤੇ ਜਾਣ ਦੀ ਲੋੜ ਹੈ।
ਇਹ ਵੀ ਪੜ੍ਹੋ: ਬਜ਼ੁਰਗਾਂ 'ਤੇ ਅਪਰਾਧ ਕਰਨ ਵਾਲੇ ਰਹਿਮ ਦੇ ਹੱਕਦਾਰ ਨਹੀਂ: ਹਾਈ ਕੋਰਟ
ਅਰਜ਼ੀ ਦਾਇਰ ਕਰਦੇ ਹੋਏ ਕੈਡੀ ਨੇ ਅਦਾਲਤ ਨੂੰ ਦੱਸਿਆ ਕਿ ਉਸ ਨੇ ਆਰਟੀਆਈ ਤਹਿਤ ਜਾਣਕਾਰੀ ਮੰਗੀ ਸੀ ਕਿ ਐਨਡੀਪੀਐਸ ਦੇ ਕਿੰਨੇ ਕੇਸਾਂ ਵਿਚ ਮੁਲਜ਼ਮ ਬਰੀ ਹੋਏ ਹਨ। ਇਸ ਸਬੰਧੀ ਪੰਜਾਬ ਸਰਕਾਰ ਨੇ ਦੱਸਿਆ ਸੀ ਕਿ ਲੁਧਿਆਣਾ ਵਿਚ 2009 ਤੋਂ 2019 ਤੱਕ 2789 ਕੇਸਾਂ ਵਿਚ ਮੁਲਜ਼ਮ ਬਰੀ ਹੋ ਚੁੱਕੇ ਹਨ। ਇਸ ਦੇ ਨਾਲ ਹੀ ਇਹਨਾਂ ਮਾਮਲਿਆਂ ਵਿਚੋਂ 34 ਵਿਚ ਅਪੀਲ ਦਾਇਰ ਕਰਨ ਦੀ ਯੋਜਨਾ ਹੈ।
ਇਹ ਵੀ ਪੜ੍ਹੋ: ਅੰਤਰਜਾਤੀ ਵਿਆਹ ਕਰਵਾਉਣ ਵਾਲੇ 2500 ਜੋੜਿਆਂ ਨੂੰ ਨਹੀਂ ਮਿਲਿਆ ਸ਼ਗਨ, ਫੰਡ ਮੁਹੱਈਆ ਨਾ ਹੋਣ ਕਾਰਨ ਲਟਕੇ ਕੇਸ
ਅਦਾਲਤ ਦੇ ਸਾਹਮਣੇ ਸਵਾਲ ਉਠਾਇਆ ਗਿਆ ਕਿ ਜੇਕਰ ਇੰਨੀ ਵੱਡੀ ਗਿਣਤੀ 'ਚ ਮੁਲਜ਼ਮ ਬਰੀ ਹੋ ਗਏ ਹਨ ਤਾਂ ਸਵਾਲ ਇਹ ਉੱਠਦਾ ਹੈ ਕਿ ਇਹਨਾਂ ਕੋਲੋਂ ਬਰਾਮਦ ਨਸ਼ੀਲੇ ਪਦਾਰਥ ਕਿੱਥੋਂ ਆਏ। ਜੇਕਰ ਉਹ ਬੇਕਸੂਰ ਸੀ ਤਾਂ ਇਹਨਾਂ ਨੂੰ ਨਸ਼ਾ ਸਮੇਤ ਗ੍ਰਿਫਤਾਰ ਕਰਨ ਵਾਲੇ ਪੁਲਿਸ ਮੁਲਾਜ਼ਮਾਂ 'ਤੇ ਐਨ.ਡੀ.ਪੀ.ਐਸ. ਐਕਟ ਤਹਿਤ ਕੇਸ ਹੋਣਾ ਚਾਹੀਦਾ ਹੈ। ਪਟੀਸ਼ਨਰ ਨੇ ਕਿਹਾ ਕਿ ਬੇਕਸੂਰ ਲੋਕਾਂ ਨੂੰ ਐਨਡੀਪੀਐਸ ਦੇ ਝੂਠੇ ਕੇਸਾਂ ਵਿਚ ਫਸਾਉਣ ਦੀ ਖੇਡ ਪੰਜਾਬ ਵਿਚ ਵੱਡੇ ਪੱਧਰ ’ਤੇ ਚੱਲ ਰਹੀ ਹੈ, ਜਿਸ ਦੀ ਜਾਂਚ ਕੀਤੇ ਜਾਣ ਦੀ ਲੋੜ ਹੈ। ਮਾਮਲੇ ਨੂੰ ਲੋਕ ਹਿੱਤ ਦਾ ਮਾਮਲਾ ਦੱਸਦੇ ਹੋਏ ਇਸ 'ਤੇ ਸੁਣਵਾਈ ਲਈ ਅਪੀਲ ਕੀਤੀ ਗਈ ਹੈ। ਹਾਈ ਕੋਰਟ ਹੁਣ ਇਸ ਅਰਜ਼ੀ 'ਤੇ ਮੁੱਖ ਪਟੀਸ਼ਨ ਦੇ ਨਾਲ ਸੁਣਵਾਈ ਕਰੇਗੀ।