
Goraya Murder News:ਵਾਰਦਾਤ ਦੀ ਜਾਣਕਾਰੀ ਮਿਲਣ ਮਗਰੋਂ ਪੁਲਿਸ ਨੇ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਹੈ।
ਗੁਰਾਇਆ (ਪਪ) : ਪੰਜਾਬ ਦੇ ਗੁਰਾਇਆ ਇਲਾਕੇ ਤੋਂ ਇਕ ਦਿਲ ਦਹਿਲਾਉਣ ਵਾਲੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਇਕ ਨੌਜਵਾਨ ਨੇ ਨੇ ਅਪਣੇ ਹੀ ਤਾਏ ਦੇ ਪੁੱਤ ਦਾ ਕਤਲ ਕਰ ਦਿਤਾ। ਵਾਰਦਾਤ ਦੀ ਜਾਣਕਾਰੀ ਮਿਲਣ ਮਗਰੋਂ ਪੁਲਿਸ ਨੇ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਹੈ।
ਡੀ.ਐੱਸ.ਪੀ. ਫ਼ਿਲੌਰ ਸਰਵਨ ਸਿੰਘ ਬੱਲ ਨੇ ਦਸਿਆ ਕਿ ਐਸ.ਐਚ.ਓ. ਗੁਰਾਇਆ ਗੁਰਸ਼ਰਨ ਸਿੰਘ ਤੇ ਉਨ੍ਹਾਂ ਦੀ ਟੀਮ ਨੇ 2 ਘੰਟਿਆਂ ’ਚ ਅੰਨ੍ਹੇ ਕਤਲ ਦੀ ਗੁੱਥੀ ਨੂੰ ਸੁਲਝਾਉਂਦੇ ਹੋਏ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਕੇ ਉਸ ਪਾਸੋਂ ਇਕ ਸਵਿਫ਼ਟ ਕਾਰ, ਇਕ ਹਾਕੀ ਤੇ ਲੋਹੇ ਦਾ ਹਥਿਆਰ ਬਰਾਮਦ ਕੀਤਾ ਹੈ।
ਉਨ੍ਹਾਂ ਦਸਿਆ ਕਿ ਤੇਜਵੀਰ ਸਿੰਘ, ਜੋ ਗੁਰਾਇਆ ਦੇ ਪੱਤੀ ਮਾਂਗਾ ਕੇ ਦਾ ਰਹਿਣ ਵਾਲਾ ਹੈ, ਉਸ ਦੇ ਨਾਲ ਉਸ ਦਾ ਭਰਾ ਬਲਜੀਤ ਸਿੰਘ ਉਰਫ ਬੱਬੂ, ਜੋ ਦੋਵੇਂ ਫ਼ਗਵਾੜਾ ਤੋਂ ਸ਼ਰਾਬ ਪੀ ਕੇ ਵਾਪਸ ਕਾਰ ’ਚ ਆ ਰਹੇ ਸਨ।
ਇਸ ਦੌਰਾਨ ਦੋਹਾਂ ਵਿਚਾਲੇ ਕਿਸੇ ਗੱਲ ਨੂੰ ਲੈ ਕੇ ਤਕਰਾਰਬਾਜ਼ੀ ਹੋ ਗਈ ਤੇ ਗੱਲ ਇਸ ਕਦਰ ਵਧ ਗਈ ਕਿ ਤੇਜਵੀਰ ਨੇ ਗੁਰਾਇਆ ’ਚ ਬਲਜੀਤ ਸਿੰਘ ਦੇ ਸਿਰ ’ਚ ਹਾਕੀ ਤੇ ਲੋਹੇ ਦੇ ਹਥਿਆਰ ਨਾਲ ਵਾਰ ਕਰ ਕੇ ਉਸ ਨੂੰ ਜ਼ਖ਼ਮੀ ਕਰ ਦਿਤਾ ਤੇ ਖ਼ੁਦ ਹੀ ਉਸ ਨੂੰ ਹਸਪਤਾਲ ’ਚ ਲੈ ਗਿਆ, ਜਿੱਥੇ ਉਸ ਦੀ ਮੌਤ ਹੋ ਗਈ। ਪੁਲਿਸ ਵਲੋਂ ਤਫ਼ਤੀਸ਼ ਕਰਨ ਤੋਂ ਬਾਅਦ ਇਸ ਸਾਰੇ ਮਾਮਲੇ ਨੂੰ ਹੱਲ ਕਰਦੇ ਹੋਏ ਤੇਜਵੀਰ ਸਿੰਘ ਉਰਫ਼ ਤੇਜੀ ਪੁੱਤਰ ਅਵਤਾਰ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਜਿਸ ਨੂੰ ਅਦਾਲਤ ਵਿਚ ਪੇਸ਼ ਕਰ ਕੇ ਹੋਰ ਪੁੱਛਗਿਛ ਕੀਤੀ ਜਾ ਰਹੀ ਹੈ।