
Jagraon accident news: ਵਾਹਨ ਵਿਅਕਤੀ ਨੂੰ ਕਾਫ਼ੀ ਦੂਰ ਤਕ ਘਸੀਟਦਾ ਹੋਇਆ ਲੈ ਗਿਆ,ਨਹੀਂ ਹੋ ਸਕੀ ਪਹਿਚਾਣ
Jagraon accident news: ਲੁਧਿਆਣਾ ਜ਼ਿਲ੍ਹੇ ਦੇ ਜਗਰਾਉਂ ਦੇ ਥਾਣਾ ਦਾਖਾ ਖੇਤਰ ਦੇ ਪਿੰਡ ਸਵੱਦੀ ਕਲਾਂ ਨੇੜੇ ਇੱਕ ਦਰਦਨਾਕ ਸੜਕ ਹਾਦਸੇ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ। ਇਹ ਘਟਨਾ ਪਿੰਡ ਸਵੱਦੀ ਕਲਾਂ ਤੋਂ ਪਿੰਡ ਗੁਡੇ ਨੂੰ ਜਾਂਦੀ ਸੜਕ ’ਤੇ ਵਾਪਰੀ। ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਪੁਲਿਸ ਮੌਕੇ ’ਤੇ ਪਹੁੰਚੀ ਅਤੇ ਲਾਸ਼ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ।
ਜਾਣਕਾਰੀ ਅਨੁਸਾਰ ਪੁਲਿਸ ਥਾਣਾ ਦਾਖਾ ਦੇ ਜਾਂਚ ਅਧਿਕਾਰੀ ਸੁਰਿੰਦਰਪਾਲ ਸਿੰਘ ਨੇ ਦੱਸਿਆ ਕਿ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਸਵੱਦੀ ਕਲਾਂ ਨੇੜੇ ਸੜਕ ’ਤੇ ਇੱਕ ਵਿਅਕਤੀ ਦੀ ਖ਼ੂਨ ਨਾਲ ਲੱਥਪੱਥ ਲਾਸ਼ ਪਈ ਹੈ। ਮੌਕੇ ’ਤੇ ਪਹੁੰਚੀ ਪੁਲਿਸ ਨੂੰ ਜਾਂਚ ਤੋਂ ਬਾਅਦ ਪਤਾ ਲੱਗਾ ਕਿ ਕਿਸੇ ਅਣਪਛਾਤੇ ਵਾਹਨ ਨੇ ਵਿਅਕਤੀ ਨੂੰ ਟੱਕਰ ਮਾਰ ਦਿੱਤੀ ਹੈ। ਟੱਕਰ ਤੋਂ ਬਾਅਦ, ਵਾਹਨ ਵਿਅਕਤੀ ਨੂੰ ਕਾਫ਼ੀ ਦੂਰ ਤੱਕ ਘਸੀਟਦਾ ਰਿਹਾ। ਜਿਸ ਕਾਰਨ ਉਸਦੀ ਮੌਤ ਹੋ ਗਈ।
ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਸਰਕਾਰੀ ਹਸਪਤਾਲ ਭੇਜ ਦਿੱਤਾ ਹੈ। ਜਾਂਚ ਅਧਿਕਾਰੀ ਨੇ ਕਿਹਾ ਕਿ ਲਾਸ਼ ਨੂੰ 72 ਘੰਟਿਆਂ ਲਈ ਸਰਕਾਰੀ ਹਸਪਤਾਲ ਵਿੱਚ ਰੱਖਿਆ ਜਾਵੇਗਾ। ਜੇਕਰ ਇਸ ਸਮੇਂ ਦੌਰਾਨ ਮ੍ਰਿਤਕ ਦੀ ਪਛਾਣ ਹੋ ਜਾਂਦੀ ਹੈ, ਤਾਂ ਪੋਸਟਮਾਰਟਮ ਤੋਂ ਬਾਅਦ ਲਾਸ਼ ਪਰਵਾਰ ਨੂੰ ਸੌਂਪ ਦਿੱਤੀ ਜਾਵੇਗੀ। ਪਛਾਣ ਨਾ ਹੋਣ ਦੀ ਸੂਰਤ ਵਿੱਚ ਪੁਲਿਸ ਖੁਦ ਅੰਤਮ ਸਸਕਾਰ ਲਈ ਕਾਰਵਾਈ ਕਰੇਗੀ।
(For more news apart from Jagraon Latest News, stay tuned to Rozana Spokesman)