
ਗੁਰੂ ਹਰਿਕ੍ਰਿਸ਼ਨ ਸਕੂਲਾਂ ਦੇ ਮਾਸਟਰ ਤਨਖ਼ਾਹਾਂ ਲਈ ਲੈ ਰਹੇ ਹਨ ਦਿੱਲੀ ਗੁਰਦਵਾਰਾ ਕਮੇਟੀ ਦੇ ਤਰਲੇ
ਨਵੀਂ ਦਿੱਲੀ, 23 ਅਪ੍ਰੈਲ (ਅਮਨਦੀਪ ਸਿੰਘ) : ਤਾਲਾਬੰਦੀ ਦੇ ਦੌਰ ਵਿਚ ਦਿੱਲੀ ਦੇ ਸਿੱਖ ਸਕੂਲਾਂ ਵਜੋਂ ਪ੍ਰਸਿੱਧ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲਾਂ ਦੇ ਮਾਸਟਰ ਤਨਖ਼ਾਹਾਂ ਨਾ ਮਿਲਣ ਕਰ ਕੇ ਦੁੱਖੀ ਹਨ।
'ਸੋਸ਼ਲ ਮੀਡੀਆ' ਰਾਹੀਂ ਅਧਿਆਪਕ ਪ੍ਰਬੰਧਕਾਂ ਨੂੰ ਫ਼ਰਵਰੀ, ਮਾਰਚ ਤੇ ਹੁਣ ਅਪ੍ਰੈਲ ਮਹੀਨੇ ਦੀਆਂ ਤਨਖ਼ਾਹਾਂ ਦੇਣ ਲਈ ਤਰਲੇ ਲੈ ਰਹੇ ਹਨ ਤਾਂ ਜੋ ਘਰ ਚਲਾ ਸਕਣ, ਪਰ ਸ਼ਾਇਦ ਪ੍ਰਬੰਧਕਾਂ ਦਾ ਮਨ ਨਹੀਂ ਪਸੀਜ ਰਿਹਾ।
ਸਰਨਿਆਂ ਦੇ ਵੇਲੇ ਤੋਂ ਅਧਿਆਪਕਾਂ ਨੇ 6 ਵਾਂ ਤਨਖ਼ਾਹ ਕਮਿਸ਼ਨ ਨਾ ਮਿਲਣ ਲਈ ਦਿੱਲੀ ਕਮੇਟੀ 'ਤੇ ਹਾਈਕੋਰਟ ਵਿਚ ਮੁਕੱਦਮਾ ਕੀਤਾ ਹੋਇਆ ਹੈ, ਪਰ ਪ੍ਰਬੰਧਕਾਂ ਦਾ ਦਾਅਵਾ ਹੈ ਕਿ ਉਹ ਅਦਾਲਤੀ ਮੁਕੱਦਮੇ ਕਰ ਕੇ, ਤਕਰੀਬਨ 80 ਕਰੋੜ ਅਧਿਆਪਕਾ ਨੂੰ ਦੇ ਚੁਕੇ ਹਨ ਜਿਸ ਕਰ ਕੇ, ਫ਼ੰਡਾਂ ਦੀ ਘਾਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਸਿੱਖ ਫ਼ੋਰਮ ਜੱਥੇਬੰਦੀ ਨੇ ਵੀ ਦਿੱਲੀ ਕਮੇਟੀ ਪ੍ਰਧਾਨ ਸ.ਮਨਜਿੰਦਰ ਸਿੰਘ ਸਿਰਸਾ ਨੂੰ ਇਕ ਚਿੱਠੀ ਲਿੱਖ ਕੇ, ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲਾਂ ਦੀਆਂ ਕਈ ਬ੍ਰਾਂਚਾਂ ਦੇ ਅਧਿਆਪਕਾਂ ਨੂੰ ਤਨਖ਼ਾਹਾਂ ਦੇਣ ਦੀ ਅਪੀਲ ਕੀਤੀ ਹੈ।
ਤਨਖ਼ਾਹਾਂ ਨਾ ਮਿਲਣ ਕਰ ਕੇ, ਦੁੱਖੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ, ਲੋਨੀ ਰੋਡ ਸ਼ਾਹਦਰਾ ਦੀ ਇਕ ਅਧਿਆਪਕਾ, ਜਸਵੰਤ ਕੌਰ, ਜੋ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਐਸੋਸੀਏਸ਼ਨ ਦੀ ਵੀ ਨੁਮਾਇੰਦਾ ਹਨ, ਨੇ ਅੱਜ 'ਸੋਸ਼ਲ ਮੀਡੀਆ' 'ਤੇ ਵੀਡੀਉ ਜਾਰੀ ਕਰ ਕੇ, ਦਿੱਲੀ ਦੇ ਮੁਖ ਮੰਤਰੀ ਅਰਵਿੰਦ ਕੇਜਰੀਵਾਲ ਤੇ ਸਿਖਿਆ ਮੰਤਰੀ ਮਨੀਸ਼ ਸਿਸੋਦੀਆ ਨੂੰ ਅਧਿਆਪਕਾਂ ਦੇ ਹੱਕ ਵਿਚ ਨਾ ਖੜਨ ਲਈ ਖ਼ਰੀਆਂ ਖ਼ਰੀਆਂ ਸੁਣਾਉਂਦੇ ਹੋਏ ਅਪੀਲ ਕੀਤੀ ਹੈ ਕਿ ਸਰਕਾਰ ਖ਼ੁਦ ਗੁਰੂ ਹਰਿਕ੍ਰਿਸ਼ਨ ਸਕੂਲਾਂ ਦੇ ਪ੍ਰਬੰਧਕੀ ਅਦਾਰੇ ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਤੋਂ ਪੈਸਾ ਲੈ ਕੇ, ਅਧਿਆਪਕਾਂ ਨੂੰ ਤਨਖ਼ਾਹਾਂ ਦਿਵਾਏ। ਅਧਿਆਪਕਾ ਨੇ ਤਨਖ਼ਾਹਾਂ ਨਾ ਦੇਣ ਲਈ ਦਿੱਲੀ ਕਮੇਟੀ ਨੂੰ ਵੀ ਕਟਹਿਰੇ ਵਿਚ ਖੜਾ ਕਰਦਿਆਂ ਦਿੱਲੀ ਸਕੂਲ ਐਜੂਕੇਸ਼ਨ ਐਕਟ 1973 ਦੀ ਉਲੰਘਣਾ ਦਾ ਦੋਸ਼ੀ ਠਹਿਰਾਇਆ।
ਪਿਛਲ਼ੇ ਦਿਨੀਂ ਹੀ ਦਿੱਲੀ ਦੇ ਉਪ ਮੁਖ ਮੰਤਰੀ ਤੇ ਸਿਖਿਆ ਮੰਤਰੀ ਮਨੀਸ਼ ਸਿਸੋਦੀਆ ਨੇ ਨਿੱਜੀ ਸਕੂਲਾਂ ਨੂੰ ਹਦਾਇਤ ਦਿਤੀ ਸੀ ਕਿ ਉਹ ਬੱਚਿਆਂ ਦੇ ਮਾਪਿਆਂ ਤੋਂ ਸਿਰਫ਼ ਟਿਊਸ਼ਨ ਫ਼ੀਸ ਹੀ ਲੈਣ ਅਤੇ ਆਪਣੇ ਅਧਿਆਪਕਾਂ ਤੇ ਹੋਰ ਮੁਲਾਜ਼ਮਾਂ ਨੂੰ ਤਨਖ਼ਾਹਾਂ ਦੇਣਾ ਯਕੀਨੀ ਬਣਾਉਣ, ਜਿਨ੍ਹਾਂ ਸਕੂਲਾਂ ਕੋਲ ਫ਼ੰਡ ਨਹੀਂ ਹਨ, ਉਹ ਆਪਣੇ ਟਰੱਸਟਾਂ ਤੋਂ ਫ਼ੰਡ ਲੈਣ ਜਿਨ੍ਹਾਂ ਦੇ ਪ੍ਰਬੰਧ ਹੇਠ ਉਹ ਚਲ ਰਹੇ ਹਨ।
ਦਿੱਲੀ ਗੁਰਦਵਾਰਾ ਕਮੇਟੀ ਦਾ ਪੱਖ: ਤਨਖ਼ਾਹਾਂ ਦੇ ਮਸਲੇ 'ਤੇ ਜਦੋਂ 'ਸਪੋਕਸਮੈਨ' ਵਲੋਂ ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ.ਮਨਜਿੰਦਰ ਸਿੰਘ ਸਿਰਸਾ ਤੋਂ ਪੁਛਿਆ ਤਾਂ ਉਨਾਂ੍ਹ ਕਿਹਾ, “ਅਸੀਂ ਤਾਲਾਬੰਦੀ ਦੇ 2 ਮਹੀਨੇ ਦੇ ਸਮੇਂ ਲਈ ਕੇਜਰੀਵਾਲ ਸਰਕਾਰ ਤੋਂ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲਾਂ ਦੇ ਅਧਿਆਪਕਾਂ ਨੂੰ ਤਕਰੀਬਨ 22 ਕਰੋੜ ਦੀਆਂ ਤਨਖ਼ਾਹਾਂ ਦੇਣ ਲਈ ਪੈਕੇਜ ਦੀ ਮੰਗ ਕੀਤੀ ਹੈ ਤੇ ਇਸ ਬਾਰੇ ਚਿੱਠੀ ਸਰਕਾਰ ਨੂੰ ਭੇਜ ਚੁਕੇ ਹਾਂ, ਕਿਉਂਕਿ ਸਾਡੇ ਕੋਲ ਤਾਂ ਪਹਿਲੋਂ ਹੀ ਫ਼ੰਡ ਨਹੀਂ ਹੈ।''