
ਘੱਟ ਕਣਕ ਤੋਲਣ ਨੂੰ ਲੈ ਕੇ ਲਾਭਪਾਤਰੀਆਂ ਤੇ ਡਿਪੂ ਹੋਲਡਰ ਵਿਚ ਲੜਾਈ, ਗੋਲੀ ਚਲੀ, ਪੁਲਿਸ ਪੁੱਜੀ ਮੌਕੇ ’ਤੇ
ਬਟਾਲਾ, 24 ਅਪ੍ਰੈਲ (ਰਮੇਸ਼ ਬਹਿਲ): ਪਿੰਡ ਧੀਰਾ ਵਿਖੇ ਘੱਟ ਕਣਕ ਤੋਲਣ ਨੂੰ ਲੈ ਕੇ ਲਾਭਾਪਤਰੀਆਂ ਅਤੇ ਡਿਪੂ ਹੋਲਡਰ ਵਿਚ ਹੋਈ ਤੂੰ-ਤੂੰ ਮੈਂ ਮੈਂ ਤੋਂ ਬਾਅਦ ਗੋਲੀ ਚਲਣ ਦਾ ਮਾਮਲਾ ਸਾਹਮਣੇ ਆਇਆ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪੂ ’ਤੇ ਕਣਕ ਲੈਣ ਪਹੁੰਚੇ ਲਾਭਪਾਤਰੀਆਂ ਨੇ ਦਸਿਆ ਕਿ ਡਿਪੂ ਹੋਲਡਰ ਵਲੋਂ ਜਦੋਂ ਸਾਨੂੰ ਦੇਣ ਲਈ ਘੱਟ ਕਣਕ ਤੋਲੀ ਜਾ ਰਹੀ ਸੀ ਤਾਂ ਸਾਡੇ ਵਲੋਂ ਵਿਰੋਧ ਕੀਤੇ ਜਾਣ ’ਤੇ ਡਿਪੂ ਹੋਲਡਰ ਦੇ ਲੜਕਿਆਂ ਵਲੋਂ ਅੰਦਰੋਂ ਅਪਣੀ ਰਿਵਾਲਵਰ ਲਿਆ ਕੇ ਇਕ ਹਵਾਈ ਫ਼ਾਇਰ ਕੀਤਾ ਗਿਆ, ਜਦਕਿ ਦੂਸਰਾ ਰਾਊਂਡ ਜ਼ਮੀਨ ’ਤੇ ਡਿੱਗ ਪਿਆ ਜਿਸ ’ਤੇ ਅਸੀਂ ਚੁੱਕ ਕੇ ਰੌਂਦ ਨੂੰ ਅਪਣੇ ਕਬਜ਼ੇ ਵਿਚ ਲਿਆ ਤੇ ਤੁਰਤ ਪੁਲਿਸ ਨੂੰ ਸੂਚਿਤ ਕੀਤਾ। ਉਧਰ ਦੂਜੇ ਪਾਸੇ ਘਟਨਾ ਸਥਾਨ ’ਤੇ ਪਹੁੰਚੇ ਥਾਣਾ ਘੁਮਾਣ ਦੀ ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ ਅਤੇ ਡਿਪੂ ਹੋਲਡਰ ਦੇ ਦੋਹਾਂ ਲੜਕਿਆਂ ਨੂੰ ਪੁਛਗਿਛ ਲਈ ਹਿਰਾਸਤ ਵਿਚ ਪੁਲਿਸ ਲੈ ਲਿਆ ਹੈ। ਜਦਕਿ ਰੌਂਦ ਪੁਲਿਸ ਨੇ ਅਪਣੇ ਕਬਜ਼ੇ ਵਿਚ ਲਿਆ ਹੈ। ਇਸ ਸਬੰਧੀ ਥਾਣਾ ਘੁਮਾਣ ਦੇ ਐਸਐਚਓ ਚਰਨਜੀਤ ਸਿੰਘ ਨੇ ਦਸਿਆ ਕਿ ਉਹ ਮਾਮਲੇ ਦੀ ਜਾਂਚ ਕਰ ਰਹੇ ਹਨ ਅਤੇ ਜੋ ਵੀ ਜਾਂਚ ਦੇ ਸਾਹਮਣੇ ਤੱਥ ਸਾਹਮਣੇ ਆਉਣਗੇ, ਉਸ ਦੇ ਆਧਾਰ ’ਤੇ ਅਗਲੀ ਕਾਰਵਾਈ ਕੀਤੀ ਜਾਵੇਗੀ।