
ਭਗਵੰਤ ਮਾਨ ਵਲੋਂ ਹੁਣ ਟਰਾਂਸਪੋਰਟਰਾਂ ਨੂੰ ਵੱਡੀ ਰਾਹਤ ਦੇਣ ਦਾ ਐਲਾਨ
ਚੰਡੀਗੜ੍ਹ, 23 ਅਪ੍ਰੈਲ (ਗੁਰਉਪਦੇਸ਼ ਭੁੱਲਰ): ਭਗਵੰਤ ਮਾਨ ਸਰਕਾਰ ਨੇ ਚੋਣਾਂ ਸਮੇਂ ਕੀਤਾ ਇਕ ਹੋਰ ਵਾਅਦਾ ਪੂਰਾ ਕਰਦਿਆਂ ਅੱਜ ਟਰਾਂਸਪੋਰਟਰਾਂ ਨੂੰ ਵੱਡੀ ਰਾਹਤ ਦਿਤੀ ਹੈ | ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਟਵੀਟ ਕਰ ਕੇ ਇਸ ਬਾਰੇ ਖ਼ੁਦ ਐਲਾਨ ਕੀਤਾ ਹੈ | ਕੀਤੇ ਗਏ ਐਲਾਨ ਮੁਤਾਬਕ ਵੱਖ ਵੱਖ ਵਾਹਨਾਂ ਲਈ ਤਿੰਨ ਮਹੀਨੇ ਦੀ ਐਮਨੇਸਟੀ ਸਕੀਮ ਲਾਗੂ ਕੀਤੀ ਗਈ ਹੈ | ਮੁੱਖ ਮੰਤਰੀ ਨੇ ਐਲਾਨ ਕਰਦਿਆਂ ਕਿਹਾ ਕਿ ਜਿਹੜੇ ਟਰਾਂਸਪੋਰਟਰ ਕੋਰੋਨਾ ਮਹਾਂਮਾਰੀ ਦੇ ਚਲਦੇ ਅਪਣੇ ਵਾਹਨਾਂ ਦਾ ਮੋਟਰ ਵਹੀਕਲ ਟੈਕਸ ਨਹੀਂ ਭਰ ਸਕੇ, ਉਹ ਬਿਨਾਂ ਕਿਸੇ ਜੁਰਮਾਨੇ ਤੇ ਬਕਾਏ ਦੇ ਤਿੰਨ ਮਹੀਨਿਆਂ ਦੌਰਾਨ ਟੈਕਸ ਭਰ ਸਕਣਗੇ | ਇਹ ਸਕੀਮ 25 ਅਪ੍ਰੈਲ ਤੋਂ 24 ਜੁਲਾਈ ਤਕ ਲਾਗੂ ਰਹੇਗੀ | ਭਗਵੰਤ ਮਾਨ ਨੇ ਕਿਹਾ ਕਿ 'ਆਪ' ਦੀ ਅਗਵਾਈ ਵਾਲੀ ਸਰਕਾਰ ਚੋਣਾਂ ਸਮੇਂ ਕੀਤੇ ਗਏ ਸਾਰੇ ਵਾਅਦੇ ਪੂਰੇ ਕਰਨ ਲਈ ਵਚਨਬੱਧ ਹੈ ਅਤੇ ਸਮੇਂ ਸਮੇਂ ਤੇ ਸਾਰੇ ਪੂਰੇ ਕੀਤੇ ਜਾਣਗੇ | ਅੱਜ ਇਕ ਹੋਰ ਵਾਅਦਾ ਸਰਕਾਰ ਨੇ ਪੂਰਾ ਕਰ ਕੇ ਅਪਣੀ ਵਚਨਬੱਧਤਾ ਦਾ ਪ੍ਰਗਟਾਵਾ ਕੀਤਾ ਹੈ | ਉਨ੍ਹਾਂ ਕਿਹਾ ਕਿ ਟਰਾਂਸਪੋਰਟ ਸਾਡੀ ਅਰਥ ਵਿਵਸਥਾ ਦੀ ਰੀੜ੍ਹ ਦੀ ਹੱਡੀ ਹਨ ਅਤੇ ਅਸੀ ਹਮੇਸ਼ਾ ਉਨ੍ਹਾਂ ਨਾਲ ਖੜੇ ਹਾਂ |