
ਪੀ.ਆਰ.ਟੀ.ਸੀ. ਬੱਸ ਤੇ ਆਲਟੋ ਕਾਰ ਵਿਚਕਾਰ ਟੱਕਰ, ਇਕ ਮੌਤ
ਨਾਭਾ, 24 ਅਪ੍ਰੈਲ (ਬਲਵੰਤ ਹਿਆਣਾ): ਪਟਿਆਲਾ-ਨਾਭਾ ਰੋਡ ਸਥਿਤ ਪਿੰਡ ਰੌਣੀ ਪੁਲ ਨੇੜੇ ਪਸ਼ੂ ਪਾਲਣ ਵਿਭਾਗ ਦੇ ਮੁੱਖ ਦਫ਼ਤਰ ਦੇ ਗੇਟ ਸਾਹਮਣੇ ਪੀ. ਆਰ. ਟੀ. ਸੀ. ਦੀ ਬੱਸ ਤੇ ਆਲਟੋ ਕਾਰ ਦੀ ਭਿਆਨਕ ਟੱਕਰ ਵਿਚ ਇਕ ਵਿਅਕਤੀ ਦੇ ਹਲਾਕ ਹੋਣ ਦੀ ਜਾਣਕਾਰੀ ਪ੍ਰਾਪਤ ਹੋਈ ਹੈ। ਥਾਣਾ ਬਖ਼ਸ਼ੀਵਾਲ ਅਧੀਨ ਪੈਂਦੀ ਚੌਂਕੀ ਸੈਂਚੁਰੀ ਇਨਕਲੇਵ ਦੇ ਇੰਚਾਰਜ ਏ. ਐਸ. ਆਈ. ਜਤਵਿੰਦਰ ਸਿੰਘ ਤੇ ਕੇਸ ਦੇ ਆਈ. ਓ. ਬਲਜਿੰਦਰ ਸਿੰਘ ਨੇ ਦਸਿਆ ਕਿ ਪੀ. ਆਰ. ਟੀ. ਸੀ. ਬੱਸ ਨਾਭਾ ਤੋਂ ਪਟਿਆਲਾ ਨੂੰ ਜਾ ਰਹੀ ਸੀ ਤੇ ਸਾਹਮਣੇ ਨਾਭਾ ਤੋਂ ਪਟਿਆਲਾ ਵਲ ਨੂੰ ਜਾ ਰਹੀ ਆਲਟੋ ਕਾਰ ਦੀ ਆਹਮੋ-ਸਾਹਮਣੇ ਹੋਈ ਟੱਕਰ ਵਿਚ ਕਾਰ ਚਾਲਕ ਰਿਪੁਦਮਨ ਸਿੰਘ ਪ੍ਰਤਾਪ ਨਗਰ ਵਾਸੀ ਪਟਿਆਲਾ ਦੀ ਇਸ ਹਾਦਸੇ ਵਿਚ ਮੌਕੇ ’ਤੇ ਹੀ ਮੌਤ ਹੋ ਗਈ। ਉਨ੍ਹਾਂ ਦਸਿਆ ਕਿ ਭਿਆਨਕ ਸੜਕੀ ਹਾਦਸੇ ਮਾਮਲੇ ਵਿਚ ਮ੍ਰਿਤਕ ਵਿਅਕਤੀ ਦੇ ਪਰਵਾਰਕ ਮੈਂਬਰਾਂ ਦੀ ਸ਼ਿਕਾਇਤ ਦੇ ਆਧਾਰ ’ਤੇ ਪੀ. ਆਰ. ਟੀ. ਸੀ. ਬੱਸ ਚਾਲਕ ਵਿਰੁਧ 279, 304, 427 ਅਧੀਨ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿਤੀ ਹੈ।