
ਪਾਕਿ ਵਿਖੇ ਵਿਸਾਖੀ ਮਨਾਉਣ ਲਈ ਗਏ ਦੋ ਸਿੱਖ ਯਾਤਰੀ ਅੱਜ ਭਾਰਤ ਪਰਤੇ
ਅੰਮ੍ਰਿਤਸਰ, 24 ਅਪ੍ਰੈਲ (ਪਰਮਿੰਦਰ ਅਰੋੜਾ): ਜਥੇ ਦੇ ਨਾਲ ਪਾਕਿਸਤਾਨ ਵਿਖੇ ਵਿਸਾਖੀ ਮਨਾਉਣ ਲਈ ਗਏ ਦੋ ਸਿੱਖ ਯਾਤਰੀ ਅੱਜ ਭਾਰਤ ਪਰਤ ਆਏ। ਇਨ੍ਹਾਂ ਯਾਤਰੀਆਂ ਨੂੰ ਸਰਹੱਦ ਤਕ ਛਡਣ ਲਈ ਇਵੈਕੁਈ ਟਰੱਸਟ ਬੋਰਡ ਦੇ ਸੈਕਟਰੀ ਜਨਾਬ ਰਾਣਾ ਸ਼ਾਹ ਸਲੀਮ, ਪਾਕਿਸਤਾਨ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ. ਅਮੀਰ ਸਿੰਘ, ਲਾਹੌਰ ਦੇ ਗੁਰਧਾਮਾਂ ਦੇ ਹੈੱਡ ਗ੍ਰੰਥੀ ਗਿਆਨੀ ਰਣਜੀਤ ਸਿੰਘ ਅਤੇ ਗੁਰਦਵਾਰਾ ਡੇਹਰਾ ਸਾਹਿਬ ਦੇ ਕੇਅਰ ਟੇਕਰ ਜਨਾਬ ਅਜ਼ਹਰ ਅਬਾਸ ਵੀ ਵਿਸ਼ੇਸ਼ ਤੌਰ ’ਤੇ ਆਏ ਸਨ।
ਵਾਹਗਾ ਸਰਹੱਦ ’ਤੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਲਖਬੀਰ ਸਿੰਘ ਨੇ ਕਿਹਾ,‘‘ਮੈਂ ਯਾਤਰਾ ਦੌਰਾਨ ਗੁਰਦਵਾਰਾ ਪੰਜਾ ਸਾਹਿਬ ਵਿਖੇ ਸੀ ਕਿ ਮੇਰਾ ਪਾਸਪੋਰਟ ਗਵਾਚ ਗਿਆ। ਰਾਣਾ ਸ਼ਾਹ ਸਲੀਮ ਤੇ ਸ. ਅਮੀਰ ਸਿੰਘ ਨੇ ਉਚੇਚੇ ਯਤਨ ਕਰ ਕੇ ਮੇਰਾ ਤੁਰਤ ਨਵਾਂ ਪਾਸਪੋਰਟ ਤਿਆਰ ਕਰਵਾ ਕੇ ਮੈਨੂੰ ਮੇਰੇ ਪ੍ਰਵਾਰ ਕੋਲ ਭੇਜਣ ਦੇ ਵਿਸ਼ੇਸ਼ ਯਤਨ ਕੀਤੇ।’’ ਇਸੇ ਤਰ੍ਹਾਂ ਨਾਲ ਨਿਸ਼ਾਬਰ ਸਿੰਘ ਨੇ ਕਿਹਾ,‘‘ਮੈਂ ਇਵੈਕੁਈ ਟਰੱਸਟ ਅਤੇ ਪਾਕਿਸਤਾਨ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦਾ ਸ਼ੁਕਰ ਗੁਜ਼ਾਰ ਹਾਂ ਜਿਨ੍ਹਾਂ ਮੇਰੇ ਲਈ ਦੌੜ ਭੱਜ ਕੀਤੀ ਤੇ ਅੱਜ ਮੈਂ ਭਾਰਤ ਵਾਪਸ ਜਾ ਰਿਹਾ ਹਾਂ।’’ ਦਸਣਯੋਗ ਹੈ ਕਿ ਫਿਰੋਜਪੁਰ ਨਿਵਾਸੀ ਲਖਬੀਰ ਸਿੰਘ ਅਤੇ ਸੰਗਰੂਰ ਨਿਵਾਸੀ ਨਿਸ਼ਾਬਰ ਸਿੰਘ ਜਥਾ ਵਾਪਸ ਆ ਜਾਣ ਦੇ ਬਾਵਜੂਦ ਭਾਰਤ ਨਹੀਂ ਸੀ ਆ ਸਕੇ।