
ਐਡਵੋਕੇਟ ਰਾਜਦੀਪ ਸਿੰਘ, ਸਰਬਜੀਤ ਸਿੰਘ ਅਤੇ ਜੋਗਾ ਸਿੰਘ ਸਮੇਤ ਹੋਰ ਨੌਜਵਾਨਾਂ ਦੀ ਜ਼ਮਾਨਤ ਹੋਈ ਮਨਜ਼ੂਰ
ਹੁਸ਼ਿਆਰਪੁਰ : ਅੰਮ੍ਰਿਤਪਾਲ ਸਿੰਘ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤੇ ਗਏ ਐਡਵੋਕੇਟ ਰਾਜਦੀਪ ਸਿੰਘ ਸਮੇਤ ਇਸ ਮਾਮਲੇ 'ਚ ਫੜੇ ਗਏ ਸਾਰੇ ਨੌਜਵਾਨਾਂ ਦੀ ਜ਼ਮਾਨਤ ਹੋ ਗਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐਡਵੋਕੇਟ ਰਾਜਦੀਪ ਸਿੰਘ ਦੇ ਵਕੀਲ ਤਨਹੀਰ ਸਿੰਘ ਬਰਿਆਣਾ ਨੇ ਦੱਸਿਆ ਕਿ ਮਾਨਯੋਗ ਜੱਜ ਜੇ.ਐਮ.ਆਈ.ਸੀ ਸਿਮਰਨਜੀਤ ਸਿੰਘ ਸੋਹੀ ਦੀ ਅਦਾਲਤ ਨੇ ਐਡਵੋਕੇਟ ਰਾਜਦੀਪ ਸਿੰਘ ਦੀ ਜ਼ਮਾਨਤ ਮਨਜ਼ੂਰ ਕਰ ਲਈ ਹੈ।
ਐਡਵੋਕੇਟ ਬਰਿਆਣਾ ਅਨੁਸਾਰ ਉਨ੍ਹਾਂ ਨੇ ਅਦਾਲਤ ਨੂੰ ਦੱਸਿਆ ਕਿ ਅੰਮ੍ਰਿਤਪਾਲ ਸਿੰਘ ਗ੍ਰਿਫ਼ਤਾਰ ਹੋ ਚੁੱਕਾ ਹੈ ਇਨ੍ਹਾਂ ਨੂੰ ਹੁਣ ਹਿਰਾਸਤ ਵਿਚ ਰੱਖਣਾ ਵਾਜਬ ਨਹੀਂ ਹੈ, ਇਸ ਕਰ ਕੇ ਇਨ੍ਹਾਂ ਦੀ ਜ਼ਮਾਨਤ ਮਨਜ਼ੂਰ ਕੀਤੀ ਜਾਣੀ ਚਾਹੀਦੀ ਹੈ। ਜਿਸ 'ਤੇ ਮਾਨਯੋਗ ਜੱਜ ਨੇ ਐਡਵੋਕੇਟ ਰਾਜਦੀਪ ਸਿੰਘ ਸਮੇਤ ਸਰਬਜੀਤ ਸਿੰਘ, ਕਰਨੈਲ ਸਿੰਘ ਗੋਗਾ, ਜੋਗਾ ਸਿੰਘ ਦੀ ਜ਼ਮਾਨਤ ਮਨਜ਼ੂਰ ਕਰ ਲਈ ਹੈ।
ਇਹ ਵੀ ਪੜ੍ਹੋ: ਖੇਡ ਮੰਤਰਾਲੇ ਨੇ ਇੰਡੀਅਨ ਓਲੰਪਿਕ ਐਸੋਸੀਏਸ਼ਨ ਦੇ ਪ੍ਰਧਾਨ ਨੂੰ ਲਿਖਿਆ ਪੱਤਰ
ਇਸ ਤੋਂ ਪਹਿਲਾਂ ਇਸ ਕੇਸ ਵਿੱਚ ਗੁਰਵੰਤ ਸਿੰਘ, ਹਰਪ੍ਰੀਤ ਸਿੰਘ,ਕੁਲਦੀਪ ਸਿੰਘ (ਦੋਵਾਂ ਭਰਾਵਾਂ) ਦੀ ਪਹਿਲਾਂ ਹੀ ਜ਼ਮਾਨਤ ਹੋ ਚੁੱਕੀ ਹੈ।ਇਥੇ ਇਹ ਗੱਲ ਵਰਣਨਯੋਗ ਹੈ ਕਿ, ਇਨ੍ਹਾਂ ਸਾਰਿਆਂ ਦੀ ਗ੍ਰਿਫਤਾਰੀ ਥਾਣਾ ਮਹਿਤੇਆਣਾ ਦੀ ਐਫ.ਆਈ.ਆਰ ਨੰਬਰ 19 ਵਿਚ ਕੀਤੀ ਗਈ ਸੀ, ਜੋ ਕੇ ਅੰਮ੍ਰਿਤਪਾਲ ਸਿੰਘ ਦੇ ਪਿੰਡ ਮਰਨਾਈਆਂ ਤੋਂ ਫ਼ਰਾਰ ਹੋਣ ਵੇਲੇ ਦਰਜ ਕੀਤੀ ਗਈ ਸੀ।
ਇੱਥੇ ਇਹ ਵੀ ਦੱਸਣਯੋਗ ਹੈ ਕਿ ਰਾਜਦੀਪ ਸਿੰਘ ਅਤੇ ਉਸ ਦੇ ਸਾਥੀ ਸਰਬਜੀਤ ਸਿੰਘ, ਅੰਮ੍ਰਿਤਪਾਲ ਸਿੰਘ ਨੂੰ ਪਿੰਡ ਰਾਜਪੁਰ ਭਾਈਆਂ ਤੋਂ ਪੁਲਿਸ ਘੇਰੇ ਵਿਚੋਂ ਕੱਢ ਕੇ ਲੈ ਗਏ ਸਨ ਅਤੇ ਕਰੀਬ ਇੱਕ ਹਫ਼ਤਾ ਪਹਿਲਾਂ ਇਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ।