
ਮਾਮਲਾ ਸ਼ਹਿਰ ਵਿਚ ਕਰੋੜਾਂ ਦੀ ਜਾਇਦਾਦ ਵਾਲੇ ਦੇਵ ਸਮਾਜ ਮੰਦਰ ’ਤੇ ਕਬਜ਼ੇ ਦਾ
ਬਠਿੰਡਾ, 23 ਮਈ (ਸੁਖਜਿੰਦਰ ਮਾਨ): ਸਥਾਨਕ ਸ਼ਹਿਰ ਦੇ ਐਨ ਵਿਚਕਾਰ ਕਰੋੜਾਂ ਦੀ ਜਾਇਦਾਦ ਵਾਲੇ ਦੇਵ ਸਮਾਜ ਮੰਦਰ ’ਤੇ ਕਥਿਤ ਕਬਜ਼ੇ ਨੂੰ ਲੈ ਕੇ ਚੱਲ ਰਹੇ ਵਿਵਾਦ ਦੌਰਾਨ ਵਿਰੋਧੀਆਂ ਤੋਂ ਦੁਖੀ ਮੰਦਰ ’ਚ ਰਹਿ ਰਹੇ ਇੱਕ ਪ੍ਰਵਾਰ ਨੇ ਰਾਸ਼ਟਰਪਤੀ ਕੋਲੋ ਸਵੇਇੱਛਾ ਮੌਤ ਦੀ ਮੰਗ ਕੀਤੀ ਹੈ। ਥਾਣਾ ਮੁਖੀ ਤੋਂ ਲੈ ਕੇ ਡੀਜੀਪੀ ਅਤੇ ਡਿਪਟੀ ਕਮਿਸ਼ਨਰ ਤੋਂ ਲੈ ਕੇ ਮੁੱਖ ਮੰਤਰੀ ਤੱਕ ਇਨਸਾਫ਼ ਦੀ ਭੀਖ ਮੰਗ ਚੁੱਕੇ 88 ਸਾਲਾਂ ਗਿਆਨ ਵਤੀ ਦੇ ਸਮੂਹ ਪ੍ਰਵਾਰ ਨੇ ਐਲਾਨ ਕੀਤਾ ਕਿ ਰਾਸਟਰਪਤੀ ਤੋਂ ਇਜ਼ਾਜਤ ਨਾ ਮਿਲਣ ’ਤੇ ਉਹ ਅਣਮਿਥੇ ਸਮੇਂ ਲਈ ਭੁੱਖ ਹੜਤਾਲ ’ਤੇ ਬੈਠਣ ਲਈ ਮਜਬੂਰ ਹੋਣਗੇ।
ਅੱਜ ਸਥਾਨਕ ਪ੍ਰੈਸ ਕਲੱਬ ’ਚ ਅਪਣੀ ਦੁੱਖ ਭਰੀ ਕਹਾਣੀ ਸੁਣਾਉਣ ਪੁੱਜੇ ਇੱਕ ਉਘੇ ਪ੍ਰਾਈਵੇਟ ਸਕੂਲ ਦੇ ਅਧਿਆਪਕ ਦੇਵ ਅਨੂਪ, ਉਨ੍ਹਾਂ ਦੀ ਪਤਨੀ ਅਲਕਾ ਤੇ ਪੁੱਤਰੀ ਆਸਥਾ ਨੇ ਰੋ-ਰੋ ਕੇ ਦਸਿਆ ਕਿ ਚੰਡੀਗੜ੍ਹ ਦੇ ਇੱਕ ਪ੍ਰਵਾਰ ਦੀ ਸ਼ਹਿ ’ਤੇ ਮੰਦਰ ਵਿਚ ਰਹਿ ਰਹੇ ਕੁੱਝ ਵਿਅਕਤੀਆਂ ਵਲੋਂ ਉਨ੍ਹਾਂ ਨੂੰ ਹਰ ਰੋਜ਼ ਗੰਦੀਆਂ ਗਾਲਾਂ ਤੇ ਅਸਲੀਲ ਸਬਦਾਂ ਰਾਹੀ ਜਲੀਲ ਕੀਤਾ ਜਾ ਰਿਹਾ। ਦੇਵ ਅਨੂਪ ਤੇ ਉਸਦੀ ਪਤਨੀ ਨੇ ਇਹ ਵੀ ਦੋਸ਼ ਲਗਾਇਆ ਕਿ ਉਕਤ ਪ੍ਰਭਾਵਸ਼ਾਲੀ ਪ੍ਰਵਾਰ ਦੀ ਸ਼ਹਿ ’ਤੇ ਪੁਲਿਸ ਵਲੋਂ ਵੀ ਉਨ੍ਹਾਂ ਵਿਰੁਧ ਝੂਠਾ ਪਰਚਾ ਦਰਜ਼ ਕਰ ਦਿੱਤਾ ਗਿਆ ਹੈ।
ਦੇਵ ਅਨੂਪ ਨੇ ਅਪਣੇ ਪ੍ਰਵਾਰ ਉਪਰ ਵਿਰੋਧੀ ਧਿਰ ਵਲੋਂ ਮੰਦਰ ਦੀ ਜਾਇਦਾਦ ’ਤੇ ਕਬਜ਼ਾ ਕਰਨ ਦੇ ਲਗਾਏ ਜਾ ਰਹੇ ਦੋਸਾਂ ਨੂੰ ਨਿਰਾਧਾਰ ਦਸਦਿਆਂ ਕਿਹਾ ਕਿ ਉਸਦੀ ਮਾਤਾ ਗਿਆਨ ਵਤੀ ਨੇ ਦੇਵ ਸਮਾਜ ਦੇ ਵੱਖ-ਵੱਖ ਅਹੁਦਿਆਂ ’ਤੇ ਰਹਿ ਕੇ 70 ਸਾਲਾਂ ਵਿਚ ਦਰਜ਼ਨਾਂ ਲੋੜਵੰਦਾਂ ਨੂੰ ਨੌਕਰੀਆਂ ਦਿੱਤੀਆਂ ਪ੍ਰੰਤੂ ਉਹ ਉਚ ਸਿੱਖਿਅਕ ਅਤੇ ਉਸਦਾ ਪੁੱਤਰ ਹੋਣ ਦੇ ਬਾਵਜੂਦ ਵੀ ਇੱਕ ਹੋਰ ਪ੍ਰਾਈਵੇਟ ਸਕੂਲ ਵਿਚ ਨੌਕਰੀ ਕਰ ਰਿਹਾ ਹੈ, ਕਿਉਂਕਿ ਉਸਦੀ ਮਾਤਾ ਤੇ ਉਸਦਾ ਪ੍ਰਵਾਰ ਦੇਵ ਸਮਾਜ ਦੇ ਨਾਂ ’ਤੇ ਇੱਕ ਰੁਪਏ ਲੈਣ ਤੋਂ ਵੀ ਦੂਰ ਰਿਹਾ ਹੈ।
File photo
ਇਸ ਪ੍ਰਵਾਰ ਨੇ ਮੰਗ ਕੀਤੀ ਕਿ ਪੰਜਾਬ ਸਰਕਾਰ ਦੇਵ ਸਮਾਜ ਦੀਆਂ ਅਰਬਾਂ ਰੁਪਏ ਦੀਆਂ ਜਾਇਦਾਦਾਂ ਨੂੰ ਪ੍ਰਾਈਵੇਟ ਹੱਥਾਂ ਵਿਚੋਂ ਜਾਣ ਤੋਂ ਰੋਕਣ ਲਈ ਟਰੱਸਟ ਬਣਾ ਕੇ ਇਸਨੂੰ ਅਪਣੇ ਅਧੀਨ ਲਏ ਤੇ ਇਸ ਅਧੀਨ ਚੱਲ ਰਹੇ ਸਕੂਲਾਂ ਤੇ ਕਾਲਜ਼ਾਂ ਦਾ ਪ੍ਰਬੰਧ ਖੁਦ ਸੰਭਾਲ ਕੇ ਇੱਥੇ ਪੜ ਰਹੇ ਹਜ਼ਾਰਾਂ ਬੱਚਿਆਂ ਤੇ ਸੈਕੜੇ ਅਧਿਆਪਕਾਂ ਦਾ ਭਵਿੱਖ ਸੁਰੱਖਿਅਤ ਕਰੇ। ਇਸ ਬਾਰੇ ਨੇ ਅਪਣੇ ਵਿਰੁਧ ਹੋ ਰਹੇ ਜੁਲਮਾਂ ਲਈ ਚੰਡੀਗੜ੍ਹ ਸਥਿਤ ਦੇਵ ਸਮਾਜ ਦੇ ਸਕੱਤਰ ਤੇ ਉਸਦੀ ਪਤਨੀ ਸਹਿਤ ਹੋਰਨਾਂ ਨੂੰ ਜਿੰਮੇਵਾਰ ਠਹਿਰਾਇਆ ਹੈ।
ਜਾਣਬੁੱਝ ਕੇ ਮਾਮਲੇ ਨੂੰ ਗ਼ਲਤ ਰੰਗਤ ਦਿਤੀ ਜਾ ਰਹੀ: ਥਾਣਾ ਮੁਖੀ
ਬਠਿੰਡਾ: ਉਧਰ ਦੂਜੀ ਧਿਰ ਨਾਲ ਬੇਸ਼ੱਕ ਸੰਪਰਕ ਨਹੀਂ ਹੋ ਸਕਿਆ ਪ੍ਰੰਤੂ ਥਾਣਾ ਕੋਤਵਾਲੀ ਦੇ ਮੁਖੀ ਇੰਸਪੈਕਟਰ ਦਵਿੰਦਰ ਸਿੰਘ ਨੇ ਇਸ ਕੇਸ ਦੀ ਜਾਣਕਾਰੀ ਦਿੰਦਿਆਂ ਦਾਅਵਾ ਕੀਤਾ ਕਿ ਦੇਵ ਅਨੂਪ ਵਿਰੁਧ ਦਰਜ਼ ਧੋਖਾਧੜੀ ਦੇ ਮੁਕੱਦਮੇ ’ਚ ਹਾਈਕੋਰਟ ਇਸ ਕਰਕੇ ਇਸਨੂੰ ਜਮਾਨਤ ਨਹੀਂ ਦਿੱਤੀ ਕਿ ਇਸਨੇ ਹਾਲੇ ਤੱਕ ਦੇਵ ਸਮਾਜ ਦੇ 6 ਲੱਖ ਰੁਪਏ ਜਮ੍ਹਾਂ ਨਹੀਂ ਕਰਵਾਏ ਹਨ। ਪੁਲਿਸ ’ਤੇ ਪੱਖਪਾਤ ਦੇ ਦੋਸ਼ਾਂ ਨੂੰ ਵੀ ਝੂਠਾ ਦਸਦਿਆਂ ਥਾਣਾ ਮੁਖੀ ਨੇ ਦਸਿਆ ਕਿ ਦੇਵ ਅਨੂਪ ਦੀ ਪਤਨੀ ਦੀ ਸਿਕਾਇਤ ’ਤੇ ਦੂਜੀ ਧਿਰ ਵਿਰੁਧ ਛੇੜਛਾੜ ਤੇ ਧਮਕੀਆਂ ਦਾ ਪਰਚਾ ਵੀ ਦਰਜ਼ ਕੀਤਾ ਜਾ ਚੁੱਕਾ ਹੈ ਜਦੋਂਕਿ ਇਸ ਵਿਰੁਧ ਐਸ.ਸੀ./ਐਸ.ਟੀ ਐਕਟ ਤਹਿਤ ਮਿਲੀ ਸਿਕਾਇਤ ਦੀ ਹਾਲੇ ਤੱਕ ਪੜਤਾਲ ਹੀ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਹੁਣ ਮਾਮਲਾ ਅਦਾਲਤ ਵਿਚ ਹੈ।