
ਪੰਜਾਬ ਵਿਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਵਾਇਸ ਦੇ 17 ਹੋਰ ਨਵੇਂ ਪਾਜ਼ੇਟਿਵ ਮਾਮਲੇ ਸਾਹਮਣੇ ਆਏ
ਚੰਡੀਗੜ੍ਹ, 23 ਮਈ (ਗੁਰਉਪਦੇਸ਼ ਭੁੱਲਰ) : ਪੰਜਾਬ ਵਿਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਵਾਇਸ ਦੇ 17 ਹੋਰ ਨਵੇਂ ਪਾਜ਼ੇਟਿਵ ਮਾਮਲੇ ਸਾਹਮਣੇ ਆਏ ਹਨ। ਇਸ ਨਾਲ ਅੱਜ ਅੰਮ੍ਰਿਤਸਰ ਵਿਚ ਇਕ ਮੌਤ ਵੀ ਹੋਈ ਹੈ। ਸੂਬੇ ਵਿਚ ਹੁਣ ਕੁੱਲ ਕੋਰੋਨਾ ਪਾਜ਼ੇਟਿਵ ਮਾਮਲਿਆਂ ਦੀ ਗਿਣਤੀ 2045 ਤਕ ਪਹੁੰਚ ਗਈ ਹੈ। ਅੱਜ 23 ਹੋਰ ਕੋਰੋਨਾ ਪੀੜਤ ਮਰੀਜ਼ ਠੀਕ ਵੀ ਹੋਏ ਹਨ ਅਤੇ ਹੁਣ ਤੱਕ ਠੀਕ ਹੋਣ ਵਾਲਿਆਂ ਦੀ ਗਿਣਤੀ ਵੀ 1870 ਹੋ ਗਈ ਹੈ। ਇਸ ਸਮੇਂ ਸਿਰਫ਼ 136 ਕੋਰੋਨਾ ਪੀੜਤ ਹਸਪਤਾਲਾਂ ਵਿਚ ਇਲਾਜ ਅਧੀਨ ਹਨ।
ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਬਠਿੰਡਾ ਅਤੇ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਵਿਚ ਸਾਰੇ ਮਰੀਜ਼ ਠੀਕ ਹੋਣ ਤੋਂ ਬਾਅਦ ਇਹ ਜ਼ਿਲ੍ਹੇ ਕੋਰੋਨਾ ਮੁਕਤ ਹੋ ਗਏ ਸਨ ਪਰ ਇਨ੍ਹਾਂ ਵਿਚ 1-1 ਹੋਰ ਨਵਾਂ ਕੇਸ ਅੱਜ ਆਉਣ ਨਾਲ ਫ਼ਿਲਹਾਲ ਇਹ ਕੋਰੋਨਾ ਮੁਕਤ ਜ਼ਿਲਿ੍ਹਆਂ ਦੀ ਸੂਚੀ ’ਚੋਂ ਬਹਾਰ ਹੋ ਗਏ ਹਨ। ਪਿਛਲੇ 24 ਘੰਟਿਆਂ ਦੌਰਾਨ ਆਏ 17 ਨਵੇਂ ਪਾਜ਼ੇਟਿਵ ਕੇਸਾਂ ਵਿਚ 2 ਮੈਡੀਕਲ ਵਰਕਰ ਅਤੇ 12 ਵਿਦੇਸ਼ ਅਤੇ ਹੋਰ ਰਾਜਾਂ ਤੋਂ ਪਰਤੇ ਯਾਤਰੀ ਹਨ,। ਨਵੇਂ ਆਏ 17 ਹੋਰ ਪਾਜ਼ੇਟਿਵ ਮਾਮਲੇ ਲੁਧਿਆਣਾ, ਬਠਿੰਡਾ, ਪਟਿਆਲਾ, ਜਲੰਧਰ, ਕਪੂਰਥਲਾ, ਅੰਮ੍ਰਿਤਸਰ, ਪਠਾਨਕੋਟ, ਗੁਰਦਾਸਪੁਰ ਅਤੇ ਸ੍ਰੀ ਮੁਕਤਸਰ ਸਾਹਿਬ ਨਾਲ ਸਬੰਧਤ ਹਨ।
ਜਲੰਧਰ ਵਿਚ ਕੋਰੋਨਾ ਦੇ ਤਿੰਨ ਹੋਰ ਮਰੀਜ਼
ਜਲੰਧਰ, 23 ਮਈ (ਸ਼ਰਮਾ/ਲੱਕੀ): ਕੋਰੋਨਾ ਦੇ ਮਰੀਜ਼ਾਂ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ, ਜੋ ਕਿ ਜਲੰਧਰ ਵਾਸੀਆਂ ਲਈ ਠੀਕ ਨਹੀਂ ਹੈ। ਲੋਕਾਂ ਵਿਚ ਅੱਜ ਵੀ ਕੋਰੋਨਾ ਦਾ ਡਰ ਬਣਿਆ ਹੋਇਆ ਹੈ। ਸ਼ੁਕਰਵਾਰ ਦੇਰ ਰਾਤ ਜਲੰਧਰ ਜ਼ਿਲ੍ਹੇ ਵਿਚ ਤਿੰਨ ਕੋਰੋਨਾ ਪਾਜ਼ੇਟਿਵ ਮਾਮਲੇ ਸਾਹਮਣੇ ਆਏ ਹਨ। ਇਨ੍ਹਾਂ ਸਿਵਲ ਹਸਪਤਾਲ ਦੀ ਇਕ ਨਰਸ, ਜੋ ਕਿ ਜਲੰਧਰ ਦੇ ਮਖਦੂਮਪੁਰਾ ਦੀ ਰਹਿਣ ਵਾਲੀ ਹੈ, ਇਕ ਸ੍ਰੀਮਨ ਹਸਪਤਾਲ ਦੀ ਨਰਸ ਹੈ ਅਤੇ ਇਕ 25 ਸਾਲਾ ਵਿਅਕਤੀ ਦਾਦਾ ਕਲੋਨੀ ਦਾ ਵਸਨੀਕ ਦਸਿਆ ਜਾਂਦਾ ਹੈ, ਹੁਣ ਜਲੰਧਰ ਜ਼ਿਲ੍ਹੇ ਵਿਚ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ ਵੱਧ ਕੇ 221 ਹੋ ਗਈ ਹੈ।
File photo
ਪਟਿਆਲਾ ’ਚ ਆਏ ਤਿੰਨ ਹੋਰ ਮਾਮਲੇ
ਪਟਿਆਲਾ, 23 ਮਈ (ਤੇਜਿੰਦਰ ਫ਼ਤਿਹਪੁਰ) : ਪੰਜਾਬ ’ਚ ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਵਧਦਾ ਜਾ ਰਿਹਾ ਹੈ। ਜਾਣਕਾਰੀ ਮੁਤਾਬਕ ਪਟਿਆਲਾ ਜ਼ਿਲ੍ਹੇ ’ਚ ਅੱਜ ਜ਼ਿਲ੍ਹੇ ’ਚ ਅੱਜ ਕੋਰੋਨਾ ਦੇ ਤਿੰਨ ਨਵੇਂ ਮਾਮਲੇ ਸਾਹਮਣੇ ਆਏ ਹਨ। ਸਿਵਲ ਸਰਜਨ ਦਫ਼ਤਰ ਵਲੋਂ ਇਸ ਦੀ ਪੁਸ਼ਟੀ ਕਰਦਿਆਂ ਦਸਿਆ ਕਿ ਕੋਰੋਨਾ ਜਾਂਚ ਲਈ ਲਏ ਗਏ ਸੈਂਪਲਾਂ ’ਚੋਂ ਪ੍ਰਾਪਤ ਹੋਈ ਰੀਪੋਰਟ ’ਚ ਤਿੰਨ ਵਿਅਕਤੀਆਂ ਦੀ ਰੀਪੋਰਟ ਪਾਜ਼ੇਟਿਵ ਆਈ ਹੈ। ਇਨ੍ਹਾਂ ’ਚੋਂ ਮੁੰਬਈ ਤੋਂ ਇਕੱਠੇ ਪਰਤੇ ਚਾਰ ਵਿਅਕਤੀਆਂ ’ਚੋਂ ਰਾਜਪੁਰਾ ਨਾਲ ਸਬੰਧਤ ਤੀਜੇ ਵਿਅਕਤੀ ਦੀ ਵੀ ਰੀਪੋਰਟ ਪਾਜ਼ੇਟਿਵ ਆਈ ਹੈ। ਦੂਜਾ ਕੇਸ ਉੱਤਰ ਪ੍ਰਦੇਸ਼ ਤੋਂ ਕੰਬਾਈਨ ਦੇ ਨਾਲ ਮੁੜਿਆ ਖੇਤੀ ਕਾਮਾ ਵੀ ਬਿਨਾਂ ਲੱਛਣ ਦੇ ਟੈਸਟ ਰੀਪੋਰਟ ’ਚ ਪਾਜ਼ੇਟਿਵ ਪਾਇਆ ਗਿਆ ਤੇ ਇਸ ਦੇ ਨਾਲ ਹੀ ਇਕ ਆਸ਼ਾ ਵਰਕਰ ਦੀ ਵੀ ਕੋਰੋਨਾ ਰੀਪੋਰਟ ਪਾਜ਼ੇਟਿਵ ਪਾਈ ਗਈ ਹੈ। ਤਿੰਨੇ ਮਰੀਜ਼ ਆਈਸੋਲੇਸ਼ਨ ਫੈਸਿਲਿਟੀ ’ਚ ਸ਼ਿਫ਼ਟ ਕੀਤੇ ਗਏ ਹਨ।
ਮੁਕਤਸਰ ’ਚ ਪੈਰਾ ਮਿਲਟਰੀ ਫ਼ੋਰਸ ਦਾ ਜਵਾਨ ਕੋਰੋਨਾ ਪਾਜ਼ੇਟਿਵ
ਸ੍ਰੀ ਮੁਕਤਸਰ ਸਾਹਿਬ, 23 ਮਈ (ਰਣਜੀਤ ਸਿੰਘ) : ਬੀਤੀ ਸ਼ਾਮ 7 ਮਰੀਜ਼ਾਂ ਨੂੰ ਛੁੱਟੀ ਦੇਣ ਉਪਰੰਤ ਸ੍ਰੀ ਮੁਕਤਸਰ ਸਾਹਿਬ ਨੂੰ ਕੋਰੋਨਾ ਮੁਕਤ ਐਲਾਨ ਦਿਤਾ ਗਿਆ ਸੀ ਪਰ ਜ਼ਿਲ੍ਹਾ 24 ਘੰਟੇ ਵੀ ਕੋਰੋਨਾ ਮੁਕਤ ਨਹੀਂ ਰਹਿ ਸਕਿਆ। ਸਨਿਚਰਵਾਰ ਸਵੇਰੇ ਹੀ ਲੰਬੀ ਹਲਕੇ ਦਾ ਇਕ ਹੋਰ ਪਾਜ਼ੇਟਿਵ ਕੇਸ ਸਾਹਮਣੇ ਆਇਆ ਹੈ। ਇਸ ਦੀ ਪੁਸ਼ਟੀ ਸਿਵਲ ਸਰਜਨ ਡਾ. ਹਰੀ ਨਰਾਇਣ ਸਿੰਘ ਨੇ ਕੀਤੀ ਹੈ। ਇਹ ਕੇਸ ਲੰਬੀ ਹਲਕੇ ਦੇ ਪਿੰਡ ਮਾਹਣੀ ਖੇੜਾ ਨਾਲ ਸਬੰਧਤ ਹੈ। ਪਾਜ਼ੇਟਿਵ ਵਿਅਕਤੀ ਪੈਰਾ ਮਿਲਟਰੀ ਫ਼ੋਰਸ ਦਾ ਜਵਾਨ ਹੈ ਅਤੇ ਉਸ ਨੂੰ ਘਰ ਵਿਚ ਹੀ ਕੁਆਰੰਟੀਨ ਕੀਤਾ ਗਿਆ ਸੀ ਜਿਸ ਦੀ ਰੀਪੋਰਟ ਪਾਜ਼ੇਟਿਵ ਆਈ ਹੈ। ਹੁਣ ਪਾਜ਼ੇਟਿਵ ਆਉਣ ਤੋਂ ਬਾਅਦ ਇਸ ਨੂੰ ਸ੍ਰੀ ਮੁਕਤਸਰ ਸਾਹਿਬ ਵਿਖੇ ਆਈਸੋਲੇਟ ਕੀਤਾ ਜਾ ਰਿਹਾ ਹੈ।
ਅੰਮ੍ਰਿਤਸਰ ’ਚ ਕੋਰੋਨਾ ਨਾਲ ਇਕ ਹੋਰ ਮੌਤ
ਅੰਮ੍ਰਿਤਸਰ, 23 ਮਈ (ਪਪ): ਪੰਜਾਬ ’ਚ ਇਕ ਪਾਸੇ ਤਾਂ ਕੋਰੋਨਾ ਵਾਇਰਸ ਦੇ ਮਰੀਜ਼ ਤੇਜ਼ੀ ਨਾਲ ਠੀਕ ਹੋ ਕੇ ਘਰ ਵਾਪਸ ਜਾ ਰਹੇ ਹਨ, ਉਥੇ ਹੀ ਦੂਜੇ ਪਾਸੇ ਵਾਇਰਸ ਨਾਲ ਹੋਣ ਵਾਲੀਆਂ ਮੌਤਾਂ ਦਾ ਅੰਕੜਾ ਵੀ ਵਧਦਾ ਜਾ ਰਿਹਾ ਹੈ। ਜਾਣਕਾਰੀ ਮੁਤਾਬਕ ਕਟਰਾ ਦੁਲੋ ਦਾ ਕੋਰੋਨਾ ਪਾਜ਼ੇਟਿਵ 60 ਸਾਲਾਂ ਮਰੀਜ਼ ਅੰਮ੍ਰਿਤਸਰ ਦੇ ਸਰਕਾਰੀ ਮੈਡੀਕਲ ਹਸਪਤਾਲ ’ਚ ਅਪਣਾ ਇਲਾਜ ਕਰਵਾ ਰਿਹਾ ਸੀ ਤੇ ਜਿਸ ਦੀ ਦੇਰ ਸ਼ਾਮ ਮੌਤ ਹੋ ਗਈ। ਉਕਤ ਮਰੀਜ਼ ਪਿਛਲੇ ਕੁੱਝ ਘੰਟਿਆਂ ਤੋਂ ਵੈਂਟੀਲੇਟਰ ’ਤੇ ਸੀ ਤੇ ਉਸ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਸੀ। ਮ੍ਰਿਤਕ ਦੀ ਪਤਨੀ ਤੇ 2 ਪੁੱਤਰਾਂ ਦੀ ਰਿਪੋਰਟ ਅੱਜ ਕੋਰੋਨਾ ਪਾਜ਼ੇਟਿਵ ਆਈ ਹੈ। ਇਸ ਤੋਂ ਇਲਾਵਾ ਇਕ ਹੋਰ ਵਿਅਕਤੀ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਈ ਹੈ। ਇਹ ਵਿਅਕਤੀ ਕੁੱਝ ਦਿਨ ਪਹਿਲਾਂ ਹੀ ਗੁਜਰਾਤ ਤੋਂ ਅੰਮ੍ਰਿਤਸਰ ਆਇਆ ਸੀ। ਫਿਲਹਾਲ ਵਿਭਾਗ ਵਲੋਂ ਸਾਰੇ ਮਰੀਜ਼ਾਂ ਨੂੰ ਗੁਰੂ ਨਾਨਕ ਦੇਵ ਹਸਪਤਾਲ ਦੇ ਆਈਸੋਲੇਸ਼ਨ ਵਾਰਡ ਵਿਚ ਦਾਖ਼ਲ ਕਰਵਾ ਦਿਤਾ ਗਿਆ ਹੈ।
ਅੰਮ੍ਰਿਤਸਰ ’ਚ ਕੋਰੋਨਾ ਨਾਲ ਇਕ ਹੋਰ ਮੌਤ
ਬਰਨਾਲਾ ’ਚ ਇਕ ਔਰਤ ‘ਕੋਰੋਨਾ’ ਪਾਜ਼ੇਟਿਵ
ਬਰਨਾਲਾ, 23 ਮਈ (ਗਰੇਵਾਲ) : ਬਰਨਾਲਾ ਜ਼ਿਲ੍ਹੇ ਦੀ ਇਕ ਹੋਰ ਔਰਤ ਦੀ ਰੀਪੋਰਟ ‘ਕੋਰੋਨਾ’ ਪਾਜ਼ੇਟਿਵ ਆਈ ਹੈ। ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ. ਗੁਰਿੰਦਰਵੀਰ ਸਿੰਘ ਨੇ ਦਸਿਆ ਕਿ ਮਹਿਲਾਂ ਕਲਾਂ ਇਲਾਕੇ ਦੀ ਉਕਤ ਔਰਤ ਹਜ਼ੂਰ ਸਾਹਿਬ ਤੋਂ ਵਾਪਸ ਆਈ ਸੀ। ਇਹ ਸੰਗਰੂਰ ਹਸਪਤਾਲ ’ਚ ਦਾਖ਼ਲ ਹੈ। ਦਸਣਯੋਗ ਹੈ ਕਿ ਬਰਨਾਲਾ ਜ਼ਿਲ੍ਹੇ ’ਚ ਹੁਣ ਤਕ ਕੁਲ 1993 ਸੈਂਪਲ ਲਏ ਗਏ ਹਨ, ਜਿਸ ’ਚ 1888 ਵਿਅਕਤੀਆਂ ਦੀ ਰੀਪੋਰਟ ਨੈਗੇਟਿਵ ਆਈ ਹੈ। ਇਨ੍ਹਾਂ ’ਚੋਂ ਹੀ 23 ਵਿਅਕਤੀਆਂ ਦੀ ਰੀਪੋਰਟ ਪਾਜ਼ੇਟਿਵ ਆਈ ਹੈ ਜਦਕਿ 82 ਰੀਪੋਰਟਾਂ ਆਉਣੀਆਂ ਅਜੇ ਬਾਕੀ ਹਨ। ਬਰਨਾਲਾ ’ਚ 20 ਮਰੀਜ਼ ਠੀਕ ਹੋ ਕੇ ਘਰ ਵੀ ਜਾ ਚੁੱਕੇ ਹਨ, ਜਦਕਿ 1 ਮਰੀਜ਼ ਦੀ ਮੌਤ ਵੀ ਹੋ ਚੁੱਕੀ ਹੈ।
ਪਠਾਨਕੋਟ ’ਚ ਵੀ ਆਇਆ ਇਕ ਹੋਰ ਕੋਰੋਨਾ ਪਾਜ਼ੇਟਿਵ
ਪਠਾਨਕੋਟ, 23 ਮਈ (ਤੇਜਿੰਦਰ ਸਿੰਘ) : ਪਠਾਨਕੋਟ ਜ਼ਿਲ੍ਹੇ ਵਿਚ ਕੋਰੋਨਾ ਵਾਇਰਸ ਦਾ ਇਕ ਹੋਰ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ ਪਠਾਨਕੋਟ ਦੀ ਬੈਂਕ ਕਾਲੋਨੀ ਦਾ ਇਕ ਵਿਅਕਤੀ 21 ਤਾਰੀਕ ਨੂੰ ਮਹਾਰਾਸ਼ਟਰ ਤੋਂ ਪਠਾਨਕੋਟ ਆਇਆ ਸੀ। ਇਸ ਦੌਰਾਨ ਜਦੋਂ ਸਿਹਤ ਵਿਭਾਗ ਵਲੋਂ ਉਕਤ ਵਿਅਕਤੀ ਦੇ ਸੈਂਪਲ ਜਾਂਚ ਲਈ ਲਏ ਗਏ ਤਾਂ ਅੱਜ ਰੀਪੋਰਟ ਆਉਣ ’ਤੇ ਉਹ ਕੋਰੋਨਾ ਵਾਇਰਸ ਪਾਜ਼ੇਟਿਵ ਪਾਇਆ ਗਿਆ। ਹੁਣ ਸਿਹਤ ਵਿਭਾਗ ਵਲੋਂ ਉਕਤ ਵਿਅਕਤੀ ਨੂੰ ਆਈਸੋਲੇਸ਼ਨ ਵਾਰਡ ਵਿਚ ਦਾਖ਼ਲ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ। ਵਿਭਾਗ ਵਲੋਂ ਪਾਜ਼ੇਟਿਵ ਆਏ ਵਿਅਕਤੀ ਦੇ ਸੰਪਰਕ ਵਿਚ ਆਉਣ ਵਾਲੇ ਲੋਕਾਂ ਦੀ ਵੀ ਸੂਚੀ ਤਿਆਰ ਕੀਤੀ ਜਾ ਰਹੀ ਹੈ।