
ਹੁਣ ਤਕ ਲੋਕਾਂ ਨਾਲ ਕਰ ਚੁੱਕੇ ਹੈ 1 ਕਰੋੜ ਰੁਪਏ ਤਕ ਦਾ ਧੋਖਾ
ਐਸ.ਏ.ਐਸ ਨਗਰ, 23 ਮਈ (ਸੁਖਦੀਪ ਸਿੰਘ ਸੋਈਂ): ਜ਼ਿਲ੍ਹਾ ਪੁਲਿਸ ਦੇ ਸਾਈਬਰ ਸੈੱਲ ਨੇ ਐਸ.ਐਸ.ਪੀ ਕੁਲਦੀਪ ਸਿੰਘ ਚਾਹਲ ਦੀ ਅਗਵਾਈ ਹੇਠ ਇਕ ਨਕਲੀ ਪਟਰੌਲ ਡੀਲਰਸ਼ਿਪ ਗਰੋਹ ਦਾ ਪਰਦਾਫ਼ਾਸ ਕਰਦਿਆਂ ਪੰਜ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸਪੀ (ਡੀ) ਹਰਮਨਦੀਪ ਸਿੰਘ ਹਾਂਸ ਅਤੇ ਡੀ.ਐਸ.ਪੀ ਰੁਪਿੰਦਰ ਕੌਰ ਨੇ ਦਸਿਆ ਕਿ ਇਹ ਗਰੋਹ ਪਟਰੌਲ ਪੰਪ ਡੀਲਰਸ਼ਿਪ ਦੇਣ ਦੇ ਨਾਮ ਉਤੇ ਨਿਰਦੋਸ਼ ਲੋਕਾਂ ਨੂੰ ਨਿਸ਼ਾਨਾ ਬਣਾਉਂਦਾ ਸੀ।
ਕਾਰਜ ਵਿਧੀ ਇਹ ਸੀ ਕਿ ਇਹ ਗਰੋਹ ਮੱਧ ਪ੍ਰਦੇਸ਼, ਛੱਤੀਸਗੜ, ਰਾਜਸਥਾਨ, ਗੁਜਰਾਤ, ਉੜੀਸਾ, ਯੂ ਪੀ, ਬੰਗਲੌਰ, ਮਣੀਪੁਰ, ਅਸਾਮ ਅਤੇ ਕਰਨਾਟਕ ਵਰਗੇ ਵੱਖ-ਵੱਖ ਰਾਜਾਂ ਵਿਚ ਆਨਲਾਈਨ ਇਸ਼ਤਿਹਾਰ ਦਿੰਦਾ ਸੀ। ਇਹ ਗਰੋਹ ਪਟਰੌਲ ਪੰਪ ਡੀਲਰਸ਼ਿਪ ਦੇਣ ਦੇ ਨਾਮ ਉਤੇ ਵੱਖ-ਵੱਖ ਖਾਤਿਆਂ ਵਿਚ ਪੈਸੇ ਜਮ੍ਹਾ ਕਰਵਾ ਕੇ ਲੋਕਾਂ ਨਾਲ ਧੋਖਾ ਕਰਦਾ ਸੀ।
File Photo
ਲੋਕਾਂ ਨੂੰ ਜਾਅਲੀ ਮਨਜੂਰੀ ਪੱਤਰ ਅਤੇ ਜਾਅਲੀ ਲਾਇਸੈਂਸ ਦਿਤੇ ਗਏ ਸਨ। ਡੀਲਰਸ਼ਿਪਾਂ ਬਾਰੇ ਪੁੱਛੇ ਜਾਣ ਉਤੇ ਗਰੋਹ ਦੇ ਮੈਂਬਰ ਅਪਣੇ ਫ਼ੋਨ ਬੰਦ ਕਰ ਲੈਂਦੇ ਸਨ। ਹੁਣ ਤਕ, ਲੋਕਾਂ ਨਾਲ 1 ਕਰੋੜ ਰੁਪਏ ਤਕ ਦਾ ਧੋਖਾ ਕੀਤਾ ਗਿਆ ਹੈ। ਗਵਾਲੀਅਰ, ਹਮੀਰਪੁਰ (ਯੂਪੀ) ਵਿਚ ਪੁਲਿਸ ਨੇ ਛਾਪੇ ਮਾਰੇ ਅਤੇ ਚਾਰ ਨੂੰ ਗ੍ਰਿਫ਼ਤਾਰ ਕੀਤਾ ਜਦਕਿ ਇਕ ਹੋਰ ਨੂੰ ਖਰੜ ਤੋਂ ਕਾਬੂ ਕੀਤਾ ਗਿਆ। ਮੁਲਜ਼ਮ ਮਹਿੰਦਰ ਸਿੰਘ, ਬ੍ਰਹਮਪ੍ਰਕਾਸ ਸੁਕਲਾ, ਜਤਿੰਦਰ ਸਿੰਘ, ਆਸਿਫ਼ ਖਾਨ, ਅਤੇ ਅਕਾਸ ਸਿੰਘ ਦੀ ਗ੍ਰਿਫ਼ਤਾਰੀ ਦੇ ਨਤੀਜੇ ਵਜੋਂ 4,90,000 ਰੁਪਏ ਨਕਦ, ਇਕ ਸਕਾਰਪੀਓ, 2 ਲੈਪਟਾਪ, ਅਪਰਾਧ ਵਿਚ ਵਰਤੇ ਗਏ ਮੋਬਾਈਲ ਫੋਨ ਅਤੇ ਸਿਮ ਕਾਰਡ ਬਰਾਮਦ ਕੀਤੇ ਗਏ। ਮੁਲਜ਼ਮ ਦੇ ਵੱਖ-ਵੱਖ ਬੈਂਕਾਂ ਵਿਚ 21 ਖਾਤੇ ਸਨ। ਇਨਾਂ ਖਾਤਿਆਂ ਵਿਚ 2.50 ਲੱਖ ਰੁਪਏ ਫ਼ਰੀਜ਼ ਕਰ ਦਿਤੇ ਗਏ ਹਨ। ਇਸ ਸਬੰਧੀ ਥਾਣਾ ਮਟੌਰ ਵਿਖੇ ਮਿਤੀ 15-5-2020 ਨੂੰ ਆਈ.ਪੀ.ਸੀ. ਦੀ ਧਾਰਾ 406, 419, 420, 465, 467, 471 ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। ਮੁਲਜ਼ਮ ਦਾ ਰਿਮਾਂਡ ਲਿਆ ਗਿਆ ਹੈ ਅਤੇ ਅਗਲੇਰੀ ਜਾਂਚ ਜਾਰੀ ਹੈ।