
ਸੌ ਐਮ.ਵੀ.ਏ. ਦਾ ਟਰਾਂਸਫ਼ਾਰਮਰ ਸੜ ਕੇ ਹੋਇਆ ਸੁਆਹ
ਫ਼ਿਰੋਜ਼ਪੁਰ, 23 ਮਈ (ਜਗਵੰਤ ਸਿੰਘ ਮੱਲ੍ਹੀ): ਜੀਰਾ ਸਬ ਡਿਵੀਜਨ ਦੇ ਪਿੰਡ ਮਸਤੇਵਾਲਾ ’ਚ ਬਣੇ ਹਾਈਪਾਵਰ ਬਿਜਲੀ ਗਰਿੱਡ ’ਚ ਤੜਕੇ ਸਵਾ ਚਾਰ ਵਜੇ ਤਕਨੀਕੀ ਖ਼ਰਾਬੀ ਕਾਰਨ ਭਿਆਨਕ ਅੱਗ ਲੱਗ ਗਈ ਜਿਸ ’ਤੇ ਅੱਗ ਬੁਝਾਊ ਮਹਿਕਮੇ ਦੀਆਂ 9 ਗੱਡੀਆਂ ਨੇ ਭਾਰੀ ਜੱਦੋ ਜਿਹਦ ਤੋਂ ਬਾਅਦ ਕਾਬੂ ਪਾਇਆ। ਅੱਗ ਲੱਗਣ ਦੀ ਘਟਨਾ ਕਾਰਨ ਮਖ਼ੂ, ਫ਼ਤਿਹਗੜ੍ਹ ਪੰਜਤੂਰ, ਕਮਾਲਗੜ੍ਹ ਅਤੇ ਗੁਰਾਲੀ ਗਰਿੱਡਾਂ ਦੀ ਬਿਜਲੀ ਸਪਲਾਈ ਠੱਪ ਹੋ ਗਈ।
ਅੱਗ ਲੱਗਣ ਦੀ ਘਟਨਾ ਦਾ ਪਤਾ ਲੱਗਣ ’ਤੇ ਐਸ.ਡੀ.ਐਮ. ਜ਼ੀਰਾ ਰਣਜੀਤ ਸਿੰਘ ਭੁੱਲਰ, ਐਕਸੀਅਨ ਅਜੇ ਕੁਮਾਰ, ਮੁੱਖ਼ ਇੰਜੀਨੀਅਰ ਰਜੇਸ਼ ਟੰਡਨ, ਐਕਸੀਅਨ ਜੀਰਾ ਬਾਂਸਲ, ਉਪ ਮੰਡਲ ਅਫ਼ਸਰ ਮਖ਼ੂ ਐੱਸਪੀ ਸਿੰਘ ਅਤੇ ਐਸਡੀਓ ਜ਼ੀਰਾ ਸੰਤੋਖ ਸਿੰਘ ਆਦਿ ਅਧਿਕਾਰੀ ਤੁਰਤ ਮੌਕੇ ’ਤੇ ਪਹੁੰਚੇ। ਐਸ.ਡੀ.ਓ. ਸੁਰਿੰਦਰਪਾਲ ਸਿੰਘ ਨੇ ਦਸਿਆ ਕਿ ਮਸਤੇਵਾਲਾ ਦੇ 220/66 ਕੇਵੀਏ ਗਰਿੱਡ ਦਾ 100 ਐਮਵੀਏ ਪਾਵਰ ਦਾ ਟਰਾਂਸਫ਼ਾਰਮਰ ਬਿਲਕੁਲ ਤਬਾਹ ਹੋ ਗਿਆ।
ਅੱਗ ਲੱਗਣ ਦੀ ਘਟਨਾ ਕਾਰਨ ਪਾਵਰਕਾਮ ਨੂੰ ਤਕਰੀਬਨ ਪੰਜ ਕਰੋੜ ਰੁਪਏ ਤੋਂ ਵੱਧ ਦਾ ਨੁਕਸਾਨ ਹੋ ਗਿਆ। ਜਦਕਿ ਨਵੀਂ ਮਸ਼ੀਨਰੀ ਲਗਾਉਣ ਅਤੇ ਟੈਸਟਿੰਗ ’ਤੇ ਅਜੇ ਸਮਾਂ ਲੱਗੇਗਾ। ਪਾਵਰਕਾਮ ਦੇ ਅਧਿਕਾਰੀਆਂ ਨੇ ਖ਼ਬਰ ਲਿਖੇ ਜਾਣ ਤਕ ਫ਼ਤਿਹਗੜ੍ਹ ਪੰਜਤੂਰ ਨੂੰ ਧਰਮਕੋਟ, ਮਖ਼ੂ ਨੂੰ ਬੋਤੀਆਂਵਾਲਾ, ਕਮਾਲਗੜ ਅਤੇ ਗੁਰਾਲੀ ਗਰਿੱਡਾਂ ਨੂੰ ਵੀ ਨਜ਼ਦੀਕੀ ਗਰਿੱਡਾਂ ’ਤੋਂ ਬਿਜਲੀ ਸਪਲਾਈ ਚਾਲੂ ਕਰ ਦਿਤੀ ਸੀ।