
ਪੰਜਾਬ ਪੁਲਿਸ ਵਲੋਂ ਦੋ ਖ਼ਾਲਿਸਤਾਨੀ ਕਾਰਕੁਨ ਗਿ੍ਫ਼ਤਾਰ
ਦੋਵੇਂ ਖ਼ਾਲਿਸਤਾਨ ਟਾਈਗਰ ਫ਼ੋਰਸ ਮੁਖੀ ਦੀਆਂ ਹਦਾਇਤਾਂ 'ਤੇ ਜਨਵਰੀ ਵਿਚ ਫ਼ਿਲੌਰ ਦੇ ਪੁਜਾਰੀ 'ਤੇ ਗੋਲੀਬਾਰੀ ਕਰਨ ਦੇ ਮਾਮਲੇ ਵਿਚ ਵੀ ਸਨ ਸ਼ਾਮਲ
ਚੰਡੀਗੜ੍ਹ, 23 ਮਈ (ਭੁੱਲਰ): ਪੰਜਾਬ ਪੁਲਿਸ ਵਲੋਂ ਖ਼ਾਲਿਸਤਾਨ ਟਾਈਗਰ ਫ਼ੋਰਸ (ਕੇ.ਟੀ.ਐਫ.) ਦੇ ਦੋ ਕਾਰਕੁਨਾਂ ਨੂੰ ਗਿ੍ਫ਼ਤਾਰ ਕੀਤਾ ਗਿਆ ਹੈ ਜੋ ਡੇਰਾ ਪ੍ਰੇਮੀ ਦੀ ਹਤਿਆ ਅਤੇ ਇਕ ਪੁਜਾਰੀ 'ਤੇ ਗੋਲੀਆਂ ਚਲਾਉਣ ਸਮੇਤ ਪਿਛਲੇ ਇਕ ਸਾਲ ਤੋਂ ਵੀ ਘੱਟ ਸਮੇਂ ਵਿਚ ਕਈ ਜੁਰਮਾਂ ਵਿਚ ਸ਼ਾਮਲ ਸਨ | ਇਹ ਦੋਵੇਂ ਕੇ.ਟੀ.ਐਫ਼. ਦੇ ਕੈਨੇਡਾ ਆਧਾਰਤ ਮੁਖੀ ਹਰਦੀਪ ਸਿੰਘ ਨਿੱਜਰ ਦੇ ਦਿਸ਼ਾ ਨਿਰਦੇਸ਼ਾਂ 'ਤੇ ਕੰਮ ਕਰ ਰਹੇ ਸਨ ਜਿਸ ਦਾ ਨਾਮ ਇਤਫ਼ਾਕਨ ਖ਼ਾਲਿਸਤਾਨੀ ਸੰਚਾਲਕਾਂ ਦੀ ਸੂਚੀ ਵਿਚ ਪਾਇਆ ਗਿਆ ਸੀ | ਜਿਹੜੀ ਸੂਚੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ 2018 ਵਿਚ ਉਨ੍ਹਾਂ ਦੇ ਭਾਰਤ ਦੌਰੇ ਸਮੇਂ ਸੌਂਪੀ ਸੀ |
ਲਵਪ੍ਰੀਤ ਸਿੰਘ ਉਰਫ਼ ਰਵੀ ਅਤੇ ਰਾਮ ਸਿੰਘ ਉਰਫ਼ ਸੋਨੂੰ ਨੂੰ ਸਨਿਚਰਵਾਰ ਦੇਰ ਰਾਤ ਰੇਲਵੇ ਕਰਾਸਿੰਗ ਮਹਿਣਾ, ਜ਼ਿਲ੍ਹਾ ਮੋਗਾ ਨੇੜੇ ਸੀਨੀਅਰ ਸੈਕੰਡਰੀ ਸਕੂਲ ਦੇ ਪਿਛਲੇ ਪਾਸੇ ਤੋਂ ਗਿ੍ਫ਼ਤਾਰ ਕਰ ਕੇ ਪੁਲਿਸ ਵਲੋਂ ਇਕ ਹੋਰ ਡੇਰਾ ਪ੍ਰੇਮੀ ਨੂੰ ਮਾਰਨ ਦੀ ਯੋਜਨਾ ਨੂੰ ਨਾਕਾਮ ਕਰ ਦਿਤਾ ਹੈ ਜਿਸ ਨੂੰ ਇਹ ਦੋਵੇਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਬੇਅਦਬੀ ਮਾਮਲਿਆਂ ਸਬੰਧੀ ਬਦਲਾ ਲੈਣ ਲਈ ਨਿਸ਼ਾਨਾ ਬਣਾਉਣਾ ਚਾਹ ਰਹੇ ਸਨ | ਗਿ੍ਫ਼ਤਾਰ ਕੀਤੇ ਵਿਅਕਤੀਆਂ ਕੋਲੋਂ ਤਿੰਨ 0.32 ਬੋਰ ਪਿਸਤੌਲਾਂ ਨਾਲ 38 ਜਿੰਦਾ ਕਾਰਤੂਸ ਅਤੇ ਇਕ 0.315 ਬੋਰ ਪਿਸਤੌਲ ਨਾਲ 10 ਜਿੰਦਾ ਕਾਰਤੂਸਾਂ ਤੋਂ ਇਲਾਵਾ ਦੋ ਮੈਗਜ਼ੀਨਾਂ ਵੀ ਬਰਾਮਦ ਕੀਤੀਆਂ ਹਨ |
ਡੀਜੀਪੀ ਦਿਨਕਰ ਗੁਪਤਾ ਨੇ ਐਤਵਾਰ ਨੂੰ ਪ੍ਰਗਟਾਵਾ ਕੀਤਾ ਕਿ ਨਿੱਝਰ ਤੋਂ ਇਲਾਵਾ ਕੇ.ਟੀ.ਐਫ਼. ਦੇ ਤਿੰਨ ਹੋਰ ਸਹਿ-ਸਾਜ਼ਸ਼ਕਰਤਾ/ਮਾਸਟਰਮਾਈਾਡ ਹਨ ਜਿਨ੍ਹਾਂ ਦੀ ਪਛਾਣ ਅਰਸਦੀਪ, ਰਮਨਦੀਪ ਅਤੇ ਚਰਨਜੀਤ ਉਰਫ਼ ਰਿੰਕੂ ਬਿਹਲਾ ਵਜੋਂ ਕੀਤੀ ਗਈ ਹੈ, ਇਹ ਸਰੀ (ਬੀਸੀ) ਕਨੇਡਾ ਵਿਚ ਛੁਪੇ ਹੋਏ ਹਨ ਜਦਕਿ ਕਮਲਜੀਤ ਸ਼ਰਮਾ ਉਰਫ਼ ਕਮਲ ਹਾਲੇ ਫ਼ਰਾਰ ਹੈ | ਉਨ੍ਹਾਂ ਅੱਗੇ ਦਸਿਆ ਕਿ ਅਰਸਦੀਪ ਸਿੰਘ ਉਰਫ਼ ਅਰਸ ਅਤੇ ਰਮਨਦੀਪ ਸਿੰਘ ਉਰਫ਼ ਰਮਨ ਜੱਜ ਕ੍ਰਮਵਾਰ 2019 ਅਤੇ 2017 ਵਿਚ ਕਾਨੂੰਨੀ ਤੌਰ 'ਤੇ ਕਨੇਡਾ ਗਏ ਸਨ ਜਦਕਿ ਚਰਨਜੀਤ ਸਿੰਘ ਉਰਫ਼ ਰਿੰਕੂ ਬਿਹਲਾ 2013-14 ਵਿਚ ਗ਼ੈਰ ਕਾਨੂੰਨੀ ਤਰੀਕੇ ਨਾਲ ਕੈਨੇਡਾ ਗਿਆ ਸੀ |