
ਲੋਕਾਂ ਦਾ ਕਹਿਣਾ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਵੀ ਪਿਛਲੇ ਮੁੱਖ ਮੰਤਰੀਆਂ ਪ੍ਰਕਾਸ਼ ਸਿੰਘ ਬਾਦਲ ਅਤੇ ਕੈਪਟਨ ਅਮਰਿੰਦਰ ਸਿੰਘ ਵਾਂਗ ਹੀ ਗਲਤੀ ਕਰ ਰਹੇ ਹਨ।
ਚੰਡੀਗੜ੍ਹ - ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਚੰਡੀਗੜ੍ਹ ਵਿਚ ਬੀਤੇ ਦਿਨੀਂ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਅਤੇ ਮੁਹਾਲੀ ਹਵਾਈ ਅੱਡੇ ਨੂੰ ਪ੍ਰਮੋਟ ਕਰਨ ਦੇ ਹੁਕਮ ਦਿੱਤੇ ਪਰ ਅੰਮ੍ਰਿਤਸਰ ਅਤੇ ਸਰਹੱਦੀ ਖੇਤਰ ਦੇ ਲੋਕ ਉਨ੍ਹਾਂ ਦੇ ਇਸ ਹੁਕਮ ਤੋਂ ਨਾਖੁਸ਼ ਹਨ। ਅੰਮ੍ਰਿਤਸਰ ਫਲਾਈ ਇਨੀਸ਼ੀਏਟਿਵ ਅਤੇ ਮਾਝੇ ਦੇ ਲੋਕਾਂ ਨੇ ਭਗਵੰਤ ਮਾਨ ਦੇ ਇਸ ਫੈਸਲੇ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਹੈ। ਅੰਮ੍ਰਿਤਸਰ ਅਤੇ ਮਾਝੇ ਦੇ ਲੋਕ ਮੁੱਖ ਮੰਤਰੀ ਭਗਵੰਤ ਮਾਨ ਨੂੰ ਪਹਿਲਾਂ ਅੰਮ੍ਰਿਤਸਰ ਏਅਰਪੋਰਟ 'ਤੇ ਪੂਰੀਆਂ ਸਹੂਲਤਾਂ ਦੇਣ ਦੀ ਗੱਲ ਕਰ ਰਹੇ ਹਨ।
ਲੋਕਾਂ ਦਾ ਕਹਿਣਾ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਵੀ ਪਿਛਲੇ ਮੁੱਖ ਮੰਤਰੀਆਂ ਪ੍ਰਕਾਸ਼ ਸਿੰਘ ਬਾਦਲ ਅਤੇ ਕੈਪਟਨ ਅਮਰਿੰਦਰ ਸਿੰਘ ਵਾਂਗ ਹੀ ਗਲਤੀ ਕਰ ਰਹੇ ਹਨ। ਉਹ ਜਾਣਨਾ ਚਾਹੁੰਦੇ ਹਨ ਕਿ ਕੀ ਅੰਮ੍ਰਿਤਸਰ ਸਾਹਿਬ ਪੰਜਾਬ ਦਾ ਹਿੱਸਾ ਹੈ ਜਾਂ ਨਹੀਂ। ਮੋਹਾਲੀ ਵੱਲ ਡਿਜ਼ਾਇਨ ਕੀਤਾ ਗਿਆ ਟਰਮੀਨਲ ਚੰਡੀਗੜ੍ਹ ਏਅਰਪੋਰਟ ਯੂਟੀ ਦੇ ਅਧੀਨ ਹੈ, ਜਿਸ ਵਿਚ ਪੰਜਾਬ ਦਾ ਸਿਰਫ਼ 24.5% ਹਿੱਸਾ ਹੈ, ਜਦੋਂ ਕਿ ਅੰਮ੍ਰਿਤਸਰ ਏਅਰਪੋਰਟ ਪੂਰੀ ਤਰ੍ਹਾਂ ਪੰਜਾਬ ਦੀ ਮਲਕੀਅਤ ਹੈ।
ਇਸ ਬਾਬਤ ਅੰਮ੍ਰਿਤਸਰ ਤੋਂ ਕਾਂਗਰਸੀ ਸਾਂਸਦ ਗੁਰਜੀਤ ਔਜਲਾ ਨੇ ਕਿਹਾ ਕਿ ਗੁਰੂ ਨਗਰੀ ਨੂੰ ਸਿਰਫ਼ ਸਿਰ ਝੁਕਾ ਕੇ ਹੀ ਯਾਦ ਕੀਤਾ ਜਾਂਦਾ ਹੈ।
ਜਦੋਂ ਵਿਕਾਸ ਦੀ ਗੱਲ ਆਉਂਦੀ ਹੈ ਤਾਂ 75 ਸਾਲ ਪੁਰਾਣੀ ਨੀਤੀ ਦਾ ਪਾਲਣ ਕੀਤਾ ਜਾਂਦਾ ਹੈ। ਜੋ ਵੀ ਦੇਣਾ ਹੈ, ਮਾਲਵੇ ਨੂੰ ਹੀ ਦੇਣਾ ਹੈ। ਮਾਝਾ ਖਾਸ ਕਰ ਗੁਰੂ ਨਗਰੀ ਨੂੰ ਵਿਸਾਰ ਦੇਣਾ। ਗੁਰੂ ਨਗਰੀ ਕੋਲ ਸੈਰ ਸਪਾਟਾ ਤੋਂ ਇਲਾਵਾ ਕੋਈ ਸਨਅਤ ਨਹੀਂ ਰਹੀ, ਇਸ ਲਈ ਕੁਝ ਉਡਾਣਾ ਮੋਹਾਲੀ ਤੋਂ ਪਾਰ ਵੀ ਆਉਣ ਦਿਓ। ਕਿਤੇ ਤੁਸੀਂ ਵੀ ਸ਼ਿਵਾਲਿਕ ਦੀਆਂ ਪਹਾੜੀਆਂ ਵੱਲ ਰੁਖ ਤਾਂ ਨਹੀਂ ਕਰ ਲਿਆ। ਗੁਰੂ ਰਾਮਦਾਸ ਜੀ ਦੇ ਨਾਮ ਨੂੰ ਸਮਰਪਿਤ ਹਵਾਈ ਅੱਡੇ ਤੋਂ ਉਡਾਣਾ ਦੇ ਵਾਧੇ ਅਤੇ ਵਿਕਾਸ ਲਈ ਵਿਉਂਤ ਉਲੀਕੋ ਅਤੇ ਟਰਬਾਇਨ ਫਿਊਲ ਤੇ ਵੈਟ ਵੀ ਮਾਫ਼ ਕਰੋ।
ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ ਦੇ ਯੋਗੇਸ਼ ਕਾਮਰਾ ਦਾ ਕਹਿਣਾ ਹੈ ਕਿ ਅੰਮ੍ਰਿਤਸਰ ਵੀ ਪੰਜਾਬ ਵਿਚ ਹੈ ਅਤੇ ਅੰਮ੍ਰਿਤਸਰ ਏਅਰਪੋਰਟ ਦਿੱਲੀ ਏਅਰਪੋਰਟ ਵਾਂਗ ਸਾਰੇ ਤਕਨੀਕੀ ਅਤੇ ਭੌਤਿਕ ਢਾਂਚੇ ਨਾਲ ਲੈਸ ਹੈ। ਇਨ੍ਹਾਂ ਵਿਚ ਸਭ ਤੋਂ ਲੰਬਾ ਰਨਵੇ, ਧੁੰਦ ਵਿੱਚ CATIII-B ILS ਲੈਂਡਿੰਗ ਸਿਸਟਮ ਆਦਿ ਸ਼ਾਮਲ ਹਨ।
ਕਿਸੇ ਵੀ ਮੁੱਖ ਮੰਤਰੀ ਜਾਂ ਮੰਤਰੀ ਮੰਡਲ ਨੇ ਕਦੇ ਵੀ ਅੰਮ੍ਰਿਤਸਰ ਨਾਲ ਵਧੇਰੇ ਅਤੇ ਵਿਆਪਕ ਸੰਪਰਕ ਲਈ ਕੋਈ ਮਤਾ ਪਾਸ ਨਹੀਂ ਕੀਤਾ। ਮੁਹਾਲੀ ਅਤੇ ਮਾਲਵਾ ਪੱਟੀ ਦੇ ਆਲੇ-ਦੁਆਲੇ ਵਿਕਾਸ ਲਈ ਸਿਆਸੀ ਫੈਸਲੇ ਲਏ ਜਾਂਦੇ ਹਨ। ਇਹ ਦੇਖ ਕੇ ਦੁੱਖ ਹੁੰਦਾ ਹੈ ਕਿ ਕਦੇ ਕੋਈ ਮੁੱਖ ਮੰਤਰੀ ਅੰਮ੍ਰਿਤਸਰ ਹਵਾਈ ਅੱਡੇ ਜਾਂ ਮਾਝਾ ਖੇਤਰ ਲਈ ਕੁਝ ਨਹੀਂ ਕਰ ਰਿਹਾ।
ਅੰਮ੍ਰਿਤਸਰ ਦੇ ਰਹਿਣ ਵਾਲੇ ਮਿਸ਼ੇਲ ਰਟੌਲ ਦਾ ਕਹਿਣਾ ਹੈ ਕਿ ਅੰਮ੍ਰਿਤਸਰ ਅੰਤਰਰਾਸ਼ਟਰੀ ਹਵਾਈ ਅੱਡਾ 1930 ਤੋਂ ਬਾਅਦ ਭਾਰਤ ਦਾ ਸਭ ਤੋਂ ਪੁਰਾਣਾ ਹਵਾਈ ਅੱਡਾ ਹੈ, ਜਿਸ ਨੂੰ 1977 ਵਿਚ ਭਾਰਤ ਦਾ 5ਵਾਂ ਅੰਤਰਰਾਸ਼ਟਰੀ ਹਵਾਈ ਅੱਡਾ ਐਲਾਨਿਆ ਗਿਆ ਸੀ। ਅੰਮ੍ਰਿਤਸਰ ਧੁੰਦ ਦੇ ਮੌਸਮ ਵਿਚ ਸੁਰੱਖਿਅਤ ਲੈਂਡਿੰਗ ਲਈ CAT-3B ILS ਲੈਂਡਿੰਗ ਸਿਸਟਮ ਨਾਲ ਲੈਸ ਹੈ ਅਤੇ ਭਵਿੱਖ ਵਿੱਚ ਵਿਸਥਾਰ ਲਈ ਵਿਸ਼ਾਲ ਜ਼ਮੀਨੀ ਖੇਤਰ ਵੀ ਹੈ। ਅੰਮ੍ਰਿਤਸਰ ਵਿਚ ਇੱਕ ਹਰਿਮੰਦਰ ਸਾਹਿਬ ਹੈ, ਜਿੱਥੇ ਦੁਨੀਆਂ ਭਰ ਤੋਂ ਲੋਕ ਮੱਥਾ ਟੇਕਣ ਲਈ ਆਉਂਦੇ ਹਨ।