
ਗੁਆਂਢੀ 'ਤੇ ਗੋਲੀਆਂ ਚਲਾ ਕੇ ਕਤਲ ਕਰਨ ਵਾਲਾ ਥਾਣੇਦਾਰ ਗਿ੍ਫ਼ਤਾਰ
ਸੁਲਤਾਨਪੁਰ ਲੋਧੀ, 23 ਮਈ (ਪਪ) : ਮਾਮੂਲੀ ਤਕਰਾਰ ਉਪਰੰਤ ਗੁਆਂਢੀ ਜਸਵੀਰ ਸਿੰਘ ਨੂੰ ਗੋਲੀਆਂ ਮਾਰ ਕੇ ਕਤਲ ਕਰਨ ਦੇ ਦੋਸ਼ 'ਚ ਥਾਣਾ ਤਲਵੰਡੀ ਚੌਧਰੀਆਂ ਪੁਲਿਸ ਵਲੋਂ ਥਾਣੇਦਾਰ ਹਰਦੇਵ ਸਿੰਘ ਕਪੂਰਥਲਾ ਨੂੰ ਗਿ੍ਫਤਾਰ ਕਰ ਲਿਆ ਗਿਆ ਹੈ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡੀ.ਐਸ.ਪੀ. ਸ੍ਰੀ ਰਾਜੇਸ਼ ਕੱਕੜ ਨੇ ਦੱਸਿਆ ਕਿ ਏਐਸਆਈ. ਹਰਦੇਵ ਸਿੰਘ ਨਿਵਾਸੀ ਤਲਵੰਡੀ ਚੌਧਰੀਆਂ ਨੇੇ ਅੰਨ੍ਹੇਵਾਹ ਗੁਆਂਢੀ 'ਤੇ ਗੋਲੀਆਂ ਚਲਾਈਆਂ ਸਨ | ਜਿਸ ਕੋਲੋਂ 12 ਬੋਰ ਦੀ ਲਾਇਸੈਂਸੀ ਬੰਦੂਕ, ਕਾਰਤੂਸ ਤੇ ਡੀਵੀਆਰ ਵੀ ਬਰਾਮਦ ਹੋਈ ਹੈ | ਉਕਤ ਮੁਲਜ਼ਮ ਦਾ ਆਪਣੇ ਗੁਆਂਢੀ ਨਾਲ ਗਲੀ 'ਚੋਂ ਗੱਡੀ ਲੰਘਾਉਣ 'ਤੇ ਮਾਮੂਲੀ ਗੱਲ 'ਤੇ ਤਕਰਾਰ ਹੋਈ ਸੀ ਤਾਂ ਮੌਜੂਦਾ ਪੁਲਿਸ ਮੁਲਾਜ਼ਮ ਥਾਣੇਦਾਰ ਵਲੋਂ ਦੁਨਾਲੀ ਨਾਲ ਗੁਆਂਢੀ 'ਤੇ ਗੋਲ਼ੀਆਂ ਦਾਗ਼ ਦਿਤੀਆਂ ਸਨ | ਇਸ ਸਬੰਧੀ ਤਲਵੰਡੀ ਚੌਧਰੀਆਂ ਪੁਲਿਸ ਨੇ ਰਵਿੰਦਰ ਸਿੰਘ ਪੁੱਤਰ ਜਸਬੀਰ ਸਿੰਘ ਵਾਸੀ ਤਲਵੰਡੀ ਚੌਧਰੀਆਂ ਦੇ ਬਿਆਨਾਂ ਦੇ ਆਧਾਰ 'ਤੇ ਏਐਸਆਈ ਹਰਦੇਵ ਸਿੰਘ ਪੁੱਤਰ ਬਲਬੀਰ ਸਿੰਘ ਵਾਸੀ ਪਿੰਡ ਤਲਵੰਡੀ ਚੌਧਰੀਆਂ ਵਿਰੁਧ ਧਾਰਾ 302 ਆਈਪੀਸੀ ਤੇ 25, 54, 59 ਤਹਿਤ ਮੁਕੱਦਮਾ ਨੰਬਰ 31 ਦਰਜ ਕੀਤਾ ਗਿਆ ਸੀ | ਮੁੱਢਲੀ ਤਫ਼ਤੀਸ਼ 'ਚ ਮੁਲਜ਼ਮ ਏਐਸਆਈ ਹਰਦੇਵ ਸਿੰਘ ਨੇ ਦਸਿਆ ਕਿ ਗਲੀ 'ਚ ਗੁਆਂਢੀ ਵਲੋਂ ਮਿਸਤਰੀਆਂ ਦੀ ਪੈਡ ਕੀਤੀ ਹੋਈ ਸੀ | ਜਿਸ ਨੂੰ ਲੈ ਕੇ ਉਸ ਦੀ ਮਿ੍ਤਕ ਜਸਬੀਰ ਸਿੰਘ ਦੇ ਭਰਾ-ਭਰਜਾਈ ਨਾਲ ਬਹਿਸ ਹੋਈ ਅਤੇ ਬਾਅਦ 'ਚ ਉਸ ਨੇ ਗੋਲੀਆਂ ਚਲਾ ਦਿਤੀਆਂ |