
ਚੈਕਿੰਗ ਦੌਰਾਨ ਕੋਈ ਵੀ ਅਪਤੀਜਨਕ ਵਸਤੂ ਨਹੀਂ ਮਿਲੀ
DCP Bhandal conducts surprise check of Central Jail Ludhiana with heavy police contingent: ਪੰਜਾਬ ਸਰਕਾਰ ਅਤੇ ਉਚ ਅਧਿਕਾਰੀਆਂ ਦੇ ਦਿਸ਼ਾ ਨਿਰਦੇਸ਼ਾਂ ਤੇ ਡੀ ਸੀ ਪੀ ਲਾਅ ਐਂਡ ਆਰਡਰ ਅਤੇ ਟ੍ਰੈਫਿਕ ਸ਼੍ਰੀ ਪ੍ਰਮਿੰਦਰ ਸਿੰਘ ਭੰਡਾਲ ਵਲੋਂ 400 ਦੇ ਕਰੀਬ ਪੁਲਿਸ ਅਧਿਕਾਰੀਆਂ ਅਤੇ ਕਰਮਚਾਰੀਆਂ ਦੇ ਦਲ ਨਾਲ ਕੇਂਦਰੀ ਜੇਲ੍ਹ ਤਾਜਪੁਰ ਰੋਡ ਲੁਧਿਆਣਾ ਵਿਖੇ 5 ਘੰਟੇ ਤੋਂ ਵੀ ਵੱਧ ਸਮਾਂ ਬਹੁਤ ਬਰੀਕੀ ਨਾਲ ਚੈਕਿੰਗ ਕੀਤੀ ਗਈ। ਇਸ ਸਮੇਂ ਉਨ੍ਹਾਂ ਨਾਲ ਕੇਂਦਰੀ ਜੇਲ੍ਹ ਸੁਪਰਡੈਂਟ ਸ਼੍ਰੀ ਸ਼ਿਵਰਾਜ ਸਿੰਘ ਵੀ ਹਾਜ਼ਰ ਸਨ।
ਭੰਡਾਲ ਨੇ ਦੱਸਿਆ ਕਿ ਜੇਲ੍ਹ ਅੰਦਰ ਕਾਨੂੰਨ ਵਿਵਸਥਾ ਬਣਾਈ ਰੱਖਣ, ਨਸ਼ਿਆਂ ਤੇ ਰੋਕ ਲਗਾਉਣ ਅਤੇ ਹੋਰ ਕਈ ਪੱਖਾਂ ਨੂੰ ਸਾਹਮਣੇ ਰੱਖ ਕੇ ਚੈਕਿੰਗ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਇਹ ਪੂਰੀ ਤਰ੍ਹਾਂ ਗੁਪਤ ਅਤੇ ਅਚਨਚੇਤ ਸੀ ਤਾਂ ਕਿ ਮਾੜੇ ਅਨਸਰਾਂ ਨੂੰ ਬਚਣ ਦਾ ਕੋਈ ਮੌਕਾ ਨਾ ਮਿਲ ਸਕੇ। ਉਨ੍ਹਾਂ ਦੱਸਿਆ ਕਿ ਚੈਕਿੰਗ ਦੌਰਾਨ ਪੁਰਸ਼ ਅਤੇ ਔਰਤ ਬੈਰਕਾਂ ਦੀ ਲੇਡੀਜ਼ ਫੋਰਸ ਵਲੋਂ ਕੀਤੀ ਗਈ ਹੈ।
ਭੰਡਾਲ ਨੇ ਦੱਸਿਆ ਕਿ ਚੈਕਿੰਗ ਦੌਰਾਨ ਭਾਵੇਂ ਕੋਈ ਗੈਰ ਕਾਨੂੰਨੀ ਵਸਤੂ ਜਾਂ ਨਸ਼ੀਲਾ ਪਦਾਰਥ ਬਰਾਮਦ ਨਹੀਂ ਹੋਇਆ ਹੈ ਪਰ ਇਸ ਤਰ੍ਹਾਂ ਦੀ ਅਚਨਚੇਤ ਚੈਕਿੰਗ ਦਾ ਅਪਰਾਧੀ ਬਿਰਤੀ ਦੇ ਵਿਅਕਤੀਆਂ ਦੇ ਅੰਦਰ ਡਰ ਦੀ ਭਾਵਨਾ ਪੈਦਾ ਹੁੰਦੀ ਹੈ ਅਤੇ ਉਹ ਅਪਰਾਧ ਕਰਨ ਤੋਂ ਗ਼ੁਰੇਜ਼ ਕਰਦੇ ਹਨ। ਉਨ੍ਹਾਂ ਭੈੜੇ ਅਨਸਰਾਂ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਇਸ ਤਰ੍ਹਾਂ ਦੀਆਂ ਅਚਨਚੇਤ ਚੈਕਿੰਗਾਂ ਥੋੜੇ ਥੋੜੇ ਵਕਫੇ ਬਾਅਦ ਲਗਾਤਾਰ ਕੀਤੀਆਂ ਜਾਣਗੀਆਂ ਤਾਂ ਜ਼ੋ ਜੇਲ੍ਹ ਨੂੰ ਅਸਲ ਸੁਧਾਰ ਘਰ ਬਣਾਇਆ ਜਾ ਸਕੇ। ਉਨ੍ਹਾਂ ਕੈਦੀਆਂ ਨੂੰ ਅਪੀਲ ਕੀਤੀ ਕਿ ਉਹ ਗੈਰ ਕਾਨੂੰਨੀ ਕੰਮਾਂ ਨੂੰ ਨਾ ਕਰਨ ਸਗੋਂ ਜੇਲ੍ਹ ਅੰਦਰ ਆਪਣੇ ਆਪ ਨੂੰ ਸੁਧਾਰਨ ਦਾ ਯਤਨ ਕਰਨ ਤਾਂ ਕਿ ਉਹ ਸਜ਼ਾ ਪੂਰੀ ਕਰਨ ਉਪਰੰਤ ਸਨਮਾਨ ਜਨਕ ਜ਼ਿੰਦਗੀ ਬਤੀਤ ਕਰ ਸਕਣ।
ਇਸ ਮੌਕੇ ਉਨ੍ਹਾਂ ਨੇ ਜੇਲ੍ਹ ਦੀਆਂ ਬਾਹਰੀ ਦੀਵਾਰਾਂ, ਕੈਮਰਿਆਂ ਅਤੇ ਸੁਰੱਖਿਆ ਦਾ ਵੀ ਨਿਰੀਖਣ ਕੀਤਾ ਅਤੇ ਤਸੱਲੀ ਦਾ ਪ੍ਰਗਟਾਵਾ ਕੀਤਾ। ਉਨ੍ਹਾਂ ਜੇਲ੍ਹ ਸੁਪਰਡੈਂਟ ਸ੍ਰ ਸ਼ਿਵਰਾਜ ਸਿੰਘ ਨੂੰ ਕੈਦੀਆਂ ਦੀ ਰੁਟੀਨ ਮੈਡੀਕਲ ਚੈੱਕਅਪ ਅਤੇ ਵਧੀਆ ਖਾਣਪੀਣ ਸਬੰਧੀ ਕੁੱਝ ਹਦਾਇਤਾਂ ਦਿੱਤੀਆਂ।