
ਕੀ 'ਆਪ' ਤੇ ਅਕਾਲੀ ਦਲ ਸੰਯੁਕਤ ਗਠਜੋੜ ਕਰਨਾ ਮਜਬੂਰੀ ਬਣ ਚੁੱਕੀ ਹੈ?
ਇਕੱਲੇ ਇਕੱਲੇ ਚੋਣ ਲੜੇ ਤਾਂ ਫਾਇਦਾ ਕਾਂਗਰਸ ਜਾਂ ਅਕਾਲੀ-ਬਸਪਾ ਨੂੰ ਹੋਵੇਗਾ
ਬਠਿੰਡਾ, 23 ਜੂਨ (ਬਲਵਿੰਦਰ ਸ਼ਰਮਾ) : ਹਾਲ ਦੀ ਘੜੀ ਭਾਜਪਾ ਨੂੰ ਪੰਜਾਬ ਦੀ ਸੱਤਾ ਤੋਂ ਦੂਰ ਹੀ ਮੰਨਿਆ ਜਾ ਰਿਹਾ ਹੈ | ਮੌਕੇ 'ਤੇ ਦੋ ਤਾਕਤਵਰ ਧਿਰਾਂ ਅਕਾਲੀ–ਬਸਪਾ ਅਤੇ ਕਾਂਗਰਸ ਹੀ ਹਨ, ਜਦਕਿ ਤੀਸਰੀ ਧਿਰ ਆਮ ਆਦਮੀ ਪਾਰਟੀ ਵੀ ਕਿਸੇ ਪੱਖ ਤੋਂ ਘੱਟ ਨਜ਼ਰ ਨਹੀਂ ਆ ਰਹੀ | ਸਿਆਸੀ ਗਲਿਆਰਿਆਂ 'ਚ ਚਰਚਾ ਹੈ ਕਿ ਹੁਣ ਆਪ ਤੇ ਸ਼ੋ੍ਰਮਣੀ ਅਕਾਲੀ ਦਲ ਸੰਯੁਕਤ ਦਾ ਗਠਜੋੜ ਦੋਵੇਂ ਧਿਰਾਂ ਦੀ ਮਜਬੂਰੀ ਬਣ ਚੁੱਕੀ ਹੈ, ਕਿਉਂਕਿ ਜੇ ਇਕੱਠੇ ਨਾ ਹੋਏ ਤਾਂ ਫਾਇਦਾ ਤਾਕਤਵਰ ਧਿਰਾਂ ਨੂੰ ਹੋ ਸਕਦਾ ਹੈ |
ਜ਼ਿਕਰਯੋਗ ਹੈ ਕਿ ਕੁਝ ਸਮਾਂ ਪਹਿਲਾਂ ਅਕਾਲੀ ਦਲ ਬਾਦਲ ਤੋਂ ਵੱਖ ਹੋਏ ਸਾਬਕਾ ਐੱਮ.ਪੀ. ਰਣਜੀਤ ਸਿੰਘ ਬ੍ਰਹਮਪੁਰਾ ਨੇ ਇਕ ਨਵਾਂ ਦਲ ਬਣਾਇਆ ਸੀ ਸ਼ੋ੍ਰਮਣੀ ਅਕਾਲੀ ਦਲ ਟਕਸਾਲੀ, ਜਿਸ ਵਿਚ ਅਕਾਲੀ ਆਗੂ ਬੱਬੀ ਬਾਦਲ, ਸਾਬਕਾ ਵਿਧਾਇਕ ਉਜਾਗਰ ਸਿੰਘ ਬਡਾਲੀ, ਰਵਿੰਦਰ ਸਿੰਘ ਬ੍ਰਹਮਪੁਰਾ, ਕਰਨੈਲ ਸਿੰਘ ਪੀਰਮੁਹੰਮਦ ਸਾਬਕਾ ਪ੍ਰਧਾਨ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਆਦਿ ਅਜਿਹੇ ਕਈ ਕੱਦਾਵਰ ਆਗੂ ਸ਼ਾਮਲ ਹੋਏ | ਇਹ ਟੀਮ ਦੇਖ ਕੇ ਲੱਗਿਆ ਹੈ ਕਿ ਧਮਾਕਾ ਹੋ ਸਕਦਾ ਹੈ |
ਇਸੇ ਤਰ੍ਹਾਂ ਅਕਾਲੀ ਦਲ ਬਾਦਲ ਦਾ ਵੱਡਾ ਥੰਮ ਮੰਨੇ ਜਾਂਦੇ ਸਾਬਕਾ ਕੇਂਦਰੀ ਮੰਤਰੀ ਸੁਖਦੇਵ ਸਿੰਘ ਢੀਂਡਸਾ ਨੇ ਵੀ ਆਪਣੀ ਪਾਰਟੀ ਸ਼ੋ੍ਰਮਣੀ ਅਕਾਲੀ ਦਲ ਡੈਮੋਕੇ੍ਰਟਿਕ ਬਣਾ ਦਿੱਤੀ, ਜਿਸ ਵਿਚ ਸਾਬਕਾ ਵਿੱਤ ਮੰਤਰੀ ਪਰਮਿੰਦਰ ਢੀਂਡਸਾ, ਅਕਾਲੀ ਦਲ ਦੇ ਲੰਬਾ ਸਮਾਂ ਪ੍ਰਧਾਨ ਰਹੇ ਜਥੇਦਾਰ ਜਗਦੇਵ ਸਿੰਘ ਤਲਵੰਡੀ ਦਾ ਪਰਿਵਾਰ, ਵੀਰ ਦਵਿੰਦਰ ਸਿੰਘ ਸਾਬਕਾ ਡਿਪਟੀ ਸਪੀਕਰ, ਮਨਜੀਤ ਸਿੰਘ ਭੋਮਾ ਸਾਬਕਾ ਪ੍ਰਧਾਨ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ, ਨਿਧੜਕ ਸਿੰਘ ਬਰਾੜ, ਸੇਵਾ ਸਿੰਘ ਸੇਖਵਾਂ ਸਾਬਕਾ ਮੰਤਰੀ, ਪਰਮਜੀਤ ਕੌਰ ਗੁਲਸ਼ਨ ਸਾਬਕਾ ਐੱਮ.ਪੀ., ਜਸਟਿਸ ਨਿਰਮਲ ਸਿੰਘ ਸਾਬਕਾ ਵਿਧਾਇਕ ਅਤੇ ਹੋਰ ਵੱਡੇ ਆਗੂ ਸ਼ਾਮਲ ਹੋਏ |
ਹੁਣ ਜਦੋਂ ਅਗਾਮੀ ਵਿਧਾਨ ਸਭਾ 2022 ਦੀ ਚੋਣ ਨੇੜੇ ਆ ਗਈ ਹੈ ਤਾਂ ਉਪਰੋਕਤ ਦੋਵੇਂ ਪਾਰਟੀਆਂ ਨੇ ਮਿਲ ਕੇ ਇਕ ਨਵੀਂ ਪਾਰਟੀ ਦਾ ਗਠਨ ਕੀਤਾ ਹੈ, ਜਿਸਦਾ ਨਾਂ ਸ਼ੋ੍ਰਮਣੀ ਅਕਾਲੀ ਦਲ ਸੰਯੁਕਤ ਰੱਖਿਆ ਗਿਆ ਹੈ | ਇਸਦੀ ਅਗਵਾਈ ਸੁਖਦੇਵ ਸਿੰਘ ਢੀਂਡਸਾ ਅਤੇ ਰਣਜੀਤ ਸਿੰਘ ਬ੍ਰਹਮਪੁਰਾ ਕਰਨਗੇ |
ਉਪਰੋਕਤ ਦਿੱਗਜ਼ ਲੀਡਰਾਂ ਨੂੰ ਰਾਜਨੀਤੀ ਦੇ ਖੇਡ ਮੈਦਾਨ ਅਤੇ ਹਰ ਤਰ੍ਹਾਂ ਦੀ ਚਾਲ ਦਾ ਸਾਲਾਂਬੱਧੀ ਤਜ਼ਰਬਾ ਹੈ, ਪ੍ਰੰਤੂ ਇਕੋ ਇਕ ਘਾਟ ਵਰਕਰਾਂ ਦੀ ਗਿਣਤੀ ਨਿਗੂਣੀ ਹੋਣਾ ਹੈ |
ਦੂਜੇ ਪਾਸੇ ਦਿੱਲੀ ਦੀ ਪਾਰਟੀ ਆਮ ਆਦਮੀ ਪਾਰਟੀ ਵੀ ਪੰਜਾਬ 'ਚ ਸਥਾਪਿਤ ਹੋ ਚੁੱਕੀ ਹੈ, ਜਿਸ ਕੋਲ ਵਰਕਰਾਂ ਦੀ ਘਾਟ ਨਹੀਂ, ਪਰ ਲੀਡਰਾਂ ਦੀ ਘਾਟ ਜ਼ਰੂਰ ਰੜਕਦੀ ਹੈ | ਪਿਛਲੀ 2017 ਦੀ ਚੋਣ 'ਚ ਪਾਰਟੀ ਦੀ ਲੋਕਪਿ੍ਯਤਾ ਨੇ ਇਕ ਵਾਰ ਇਹ ਚਰਚਾ ਸ਼ੁਰੂ ਕਰਵਾ ਦਿੱਤੀ ਸੀ ਕਿ ਪੰਜਾਬ 'ਚ ਆਪ ਸਰਕਾਰ ਬਣੇਗੀ | ਹੋਰ ਤਾਂ ਹੋਰ ਕੁਝ ਲੀਡਰਾਂ ਨੇ ਤਾਂ ਆਪਣੇ ਆਪ ਨੂੰ ਮੰਤਰੀ ਥਾਪ ਕੇ ਘਰਾਂ ਵਿਚ ਮੀਟਿੰਗ ਹਾਲ ਵੀ ਤਿਆਰ ਕਰਵਾ ਲਏ ਸਨ | ਇਸਦੇ ਬਾਵਜੂਦ ਆਪ ਨੂੰ 117 'ਚੋਂ ਸਿਰਫ 20 ਸੀਟਾਂ ਹੀ ਨਸੀਬ ਹੋਈਆਂ |
ਇਸ ਵਾਰ ਕਾਂਗਰਸ ਆਪਣੇ ਆਪ 'ਚ ਮਜਬੂਤ ਹੈ, ਪਰ ਅਕਾਲੀ ਦਲ ਇਕੱਲਿਆਂ ਹੀ ਪਿਛਲੀ ਵਾਰ ਆਪ ਨਾਲੋਂ ਬਿਹਤਰ ਸੀ, ਜਿਸ ਨੂੰ 25.31 ਪ੍ਰਤੀਸ਼ਤ ਵੋਟਾਂ ਮਿਲੀਆਂ ਸਨ, ਜਦਕਿ ਆਪ ਨੂੰ 23.80 ਪ੍ਰਤੀਸ਼ਤ ਵੋਟਾਂ ਹੀ ਮਿਲੀਆਂ ਸਨ |
ਹੁਣ ਸਿਆਸੀ ਪੰਡਤਾਂ ਦੀ ਰਾਇ ਹੈ ਕਿ ਆਮ ਆਦਮੀ ਪਾਰਟੀ ਵੱਡੀ ਪਾਰਟੀ ਜ਼ਰੂਰ ਬਣ ਚੁੱਕੀ ਹੈ | ਫਿਰ ਵੀ ਇਸਦਾ ਇਕੱਲਿਆਂ ਚੋਣ ਲੜਣਾ ਵੱਡਾ ਰਿਸਕ ਹੋ ਸਕਦਾ ਹੈ, ਜਿਸਦਾ ਸਿੱਧਾ ਸਿੱਧਾ ਲਾਭ ਸ਼ੋ੍ਰਮਣੀ ਅਕਾਲੀ ਦਲ ਜਾਂ ਕਾਂਗਰਸ ਨੂੰ ਹੋ ਸਕਦਾ ਹੈ | ਇਸੇ ਤਰ੍ਹਾਂ ਸ਼ੋ੍ਰਮਣੀ ਅਕਾਲੀ ਦਲ ਸੰਯੁਕਤ ਵੀ ਹਾਲੇ ਇਕੱਲਿਆਂ ਚੋਣ ਲੜਣ ਦੇ ਸਮਰੱਥ ਨਹੀਂ ਹੋਈ | ਜੇਕਰ ਉਹ ਅਜਿਹਾ ਕਰਦੀ ਹੈ ਤਾਂ ਉਸ ਨਾਲ ਮਨਪ੍ਰੀਤ ਸਿੰਘ ਬਾਦਲ ਵਾਲੀ ਪੀ.ਪੀ.ਪੀ. ਵਾਲਾ ਹਾਲ ਹੋ ਸਕਦਾ ਹੈ |
ਫੋਟੋ : ਸੁਖਦੇਵ ਸਿੰਘ ਢੀਂਡਸਾ, ਰਣਜੀਤ ਸਿੰਘ ਬ੍ਰਹਪੁਰਾ, ਅਰਵਿੰਦ ਕੇਜਰੀਵਾਲ