
‘ਜਦ ਵਾਪਸ ਇੰਡੀਆ ਹੀ ਭੇਜਣੈ ਤਾਂ ਸਜ਼ਾ ਹੀ ਘੱਟ ਕਰ ਦਿਉ’ ਪਰ ਕੋਰਟ ਆਫ਼ ਅਪੀਲ ਨਹੀਂ ਮੰਨੀ
ਆਕਲੈਂਡ, 23 ਜੂਨ (ਹਰਜਿੰਦਰ ਸਿੰਘ ਬਸਿਆਲਾ) : ਨਿਊਜ਼ੀਲੈਂਡ ਅਦਾਲਤੀ ਪ੍ਰਣਾਲੀ ਦੀ ਗੱਲ ਕਰੀਏ ਤਾਂ ਅਪਰਾਧਿਕ ਮਾਮਿਲਆਂ ਵਿਚ ਪਹਿਲਾਂ ਜ਼ਿਲ੍ਹਾ ਅਦਾਲਤ, ਫਿਰ ਹਾਈ ਕੋਰਟ ਅਤੇ ਅਗਲਾ ਕਦਮ ਫਿਰ ਕੋਰਟ ਆਫ਼ ਅਪੀਲ ਦਾ ਹੁੰਦਾ ਹੈ ਤੇ ਅਖ਼ੀਰ ਵਿਚ ਸੁਪਰੀਮ ਕੋਰਟ। ਗ਼ੈਰ ਕਾਨੂੰਨੀ ਜਿਨਸੀ ਸਬੰਧਾਂ ਦੇ ਦੋਸ਼ਾਂ ਲਈ ਸਜ਼ਾ ਕੱਟ ਰਹੇ ਅਤੇ ਅਦਾਲਤੀ ਚੱਕਰਾਂ ਵਿਚ ਪਏ ਉਤਰ ਪ੍ਰਦੇਸ਼ ਦੇ ਇਕ 32 ਸਾਲਾ ਵਿਅਕਤੀ ਸਤਨਾਮ ਸਿੰਘ ਦੀ ਇਕ ਅਪੀਲ ਕਿ ‘‘ਮੈਨੂੰ ਸਜ਼ਾ ਪੂਰੀ ਹੋਣ ਬਾਅਦ ਵਾਪਸ ਭਾਰਤ ਭੇਜਿਆ ਜਾਣਾ ਤੈਅ ਹੀ ਹੈ ਤਾਂ ਮੇਰੀ ਸਜ਼ਾ ਘੱਟ ਕਰ ਦਿਉ’’ ਨੂੰ ਕੋਰਟ ਆਫ਼ ਅਪੀਲ ਵਲੋਂ ਰੱਦ ਕਰ ਦਿਤਾ ਗਿਆ ਹੈ। 2017 ਵਿਚ ਇਸ ਵਿਅਕਤੀ ਨੇ ਇਕ 14 ਸਾਲਾ ਕੁੜੀ ਨੂੰ ਅਪਣੀ ਉਮਰ 19 ਸਾਲ ਦੱਸ ਕੇ ਜਿਨਸੀ ਸਬੰਧ ਬਣਾ ਲਏ ਸਨ। ਅਪਣੇ ਸਬੰਧਾਂ ਦੇ ਚਲਦਿਆਂ ਦੋਹਾਂ ਨੇ 10,000 ਤੋਂ ਵੱਧ ਦੇ ਮੈਸੇਜ ਵੀ ਇਕ ਦੂਜੇ ਨੂੰ ਕੀਤੇ ਸਨ। ਇਹ ਰਿਸ਼ਤਾ ਆਖ਼ਰਕਾਰ ਸਰੀਰਕ ਬਣ ਗਿਆ ਅਤੇ ਸਿੰਘ ਨੇ ਲੜਕੀ ’ਤੇ ਕਈ ਜਿਨਸੀ ਕਿਰਿਆਵਾਂ ਕੀਤੀਆਂ ਜੋ ਗ਼ੈਰ-ਕਾਨੂੰਨੀ ਜਿਨਸੀ ਸਬੰਧਾਂ ਅਤੇ ਬਲਾਤਕਾਰ ਦੇ ਅਪਰਾਧਾਂ ਤਕ ਵਧ ਗਈਆਂ।
ਪਿਛਲੇ ਸਾਲ ਸਤੰਬਰ ਮਹੀਨੇ ਨੇਪੀਅਰ ਵਿਚ ਇਸ ਮਾਮਲੇ ਦੇ ਫ਼ੈਸਲੇ ਲਈ ਬੈਠੀ ਜਿਊਰੀ ਨੇ ਇਸ ਵਿਅਕਤੀ ਵਿਰੁਧ 18 ਦੋਸ਼ ਮੰਨੇ ਸਨ, ਜਿਸ ਵਿਚ ਜੂਨ 2018 ਵਿਚ ਇਕ ਦੋਸ਼ ਬਲਾਤਕਾਰ ਦਾ ਵੀ ਸ਼ਾਮਲ ਸੀ। ਇਸ ਵਿਅਕਤੀ ਦੇ ਵਕੀਲ ਨੇ ਕਿਹਾ ਕਿ ਉਸ ਦੀ ਜੇਲ ਸਜ਼ਾ ਵਿਚ 12 ਮਹੀਨਿਆਂ ਦੀ ਕਟੌਤੀ ਦੀ ਇਜਾਜ਼ਤ ਦਿਤੀ ਜਾਣੀ ਚਾਹੀਦੀ ਹੈ ਕਿਉਂਕਿ ਸਿੰਘ ਦੀ ਜੇਲ ਦੀ ਮਿਆਦ ਸਪੱਸ਼ਟ ਤੌਰ ’ਤੇ ਬਹੁਤ ਜ਼ਿਆਦਾ ਸੀ। ਦੂਜੇ ਪਾਸੇ ਸਰਕਾਰੀ ਵਕੀਲ ਨੇ ਇਹ ਦਲੀਲ ਦਿਤੀ ਕਿ ਸਜ਼ਾ ਸਿੰਘ ਦੇ ਅਪਰਾਧ ਦੀ ਗੰਭੀਰਤਾ ਦੇ ਅਨੁਪਾਤ ਵਿਚ ਸੀ।
ਦੋਸ਼ੀ ਸਤਨਾਮ ਸਿੰਘ ਭਾਰਤ ਵਿਚ ਕਾਮਰਸ ਦੀ ਡਿਗਰੀ ਪੂਰੀ ਕਰਨ ਤੋਂ ਬਾਅਦ ਬਿਹਤਰ ਜੀਵਨ ਲਈ 2014 ਵਿਚ ਨਿਊਜ਼ੀਲੈਂਡ ਆਇਆ ਸੀ, ਫਿਰ ਉਸ ਨੇ ਹਾਕਸ ਬੇ ਵਿਚ ਬਿਜ਼ਨਸ ਸਟੱਡੀਜ਼ ਵਿਚ ਡਿਪਲੋਮਾ ਪੂਰਾ ਕੀਤਾ ਅਤੇ ਫੁੱਲ-ਟਾਈਮ ਰੁਜ਼ਗਾਰ ਪ੍ਰਾਪਤ ਕੀਤਾ। ਪਿਛਲੇ ਸਾਲ ਉਹ ਜਦੋਂ ਜ਼ਮਾਨਤ ’ਤੇ ਸੀ ਤਾਂ ਵੀ ਉਸ ਨੇ ਇਕ ਸਥਾਨਕ ਔਰਤ ਨਾਲ ਸਬੰਧ ਬਣਾਏ, ਜਿਸ ਨੂੰ ਉਸ ਨੇ ਅਦਾਲਤ ਦੇ ਵਿਚ ਅਪਣਾ ਸਾਥੀ ਦਸਿਆ।
ਅਪਣੀ ਅਪੀਲ ਵਿਚ, ਇਸ ਦੇ ਵਕੀਲ ਨੇ ਸਤਨਾਮ ਸਿੰਘ ਦੇ ਕਰੀਅਰ ਦੀਆਂ ਸੰਭਾਵਨਾਵਾਂ ਦੇ ਨੁਕਸਾਨ ਅਤੇ ਨਿਊਜ਼ੀਲੈਂਡ ਵਿਚ ਅਪਣੇ ਆਪ ਨੂੰ ਸਥਾਪਤ ਕਰਨ ਲਈ ਕਈ ਸਾਲਾਂ ਦੀ ਮਿਹਨਤ ਦੇ ਲਾਭ ’ਤੇ ਜ਼ੋਰ ਦਿਤਾ। ਉਸ ਨੂੰ ਅਪਣੀ ਜੇਲ ਦੀ ਸਜ਼ਾ ਭੁਗਤਣ ਦੀ ਪੀੜ ਵੀ ਸਹਿਣੀ ਪਵੇਗੀ, ਜਦਕਿ ਇਹ ਜਾਣਦੇ ਹੋਏ ਕਿ ਉਸ ਦੀ ਰਿਹਾਈ ’ਤੇ ਉਸ ਨੂੰ ਦੇਸ਼ ਨਿਕਾਲਾ ਦਿਤਾ ਜਾਵੇਗਾ।
ਪਰ ਅਪੀਲ ਆਫ਼ ਕੋਰਟ ਇਸ ਗੱਲ ਨਾਲ ਸਹਿਮਤ ਨਹੀਂ ਹੋਈ ਕਿ ਸਿੰਘ ਦੇ ਦੋਸ਼ੀ ਠਹਿਰਾਏ ਜਾਣ ਅਤੇ ਬਾਅਦ ਵਿਚ ਦੇਸ਼ ਨਿਕਾਲੇ ਦੇ ਨਤੀਜਿਆਂ ਵਿਚ ਛੋਟ ਹੋਣੀ ਚਾਹੀਦੀ ਹੈ। ਇਹ ਤੱਥ ਪੇਸ਼ ਕਰਨ ਦਾ ਕੋਈ ਆਧਾਰ ਨਹੀਂ ਹੈ ਕਿ ਉਸ ਨੂੰ ਇਸ ਦੇਸ਼ ਵਿਚ ਰਹਿਣ ਅਤੇ ਕੰਮ ਕਰਨ ਦੇ ਮੌਕੇ ਗੁਆਉਣ ਨਾਲ ਕੋਈ ਵੱਡੀ ਮੁਸ਼ਕਲ ਝੱਲਣੀ ਪਵੇਗੀ, ਜਿਸ ਕਰ ਕੇ ਅਪੀਲ ਖਾਰਜ ਕਰ ਦਿਤੀ ਗਈ।