ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਦੇਸ਼ ਦੀ ਅਰਥਵਿਵਸਥਾ ਮਜ਼ਬੂਤ ਹੋਈ ਹੈ - ਅਸ਼ਵਨੀ ਸ਼ਰਮਾ
ਫਤਿਹਗੜ੍ਹ ਸਾਹਿਬ - ਕੇਂਦਰ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਦੇ 9 ਸਾਲ ਪੂਰੇ ਹੋ ਜਾਣ ’ਤੇ ਭਾਰਤੀ ਜਨਤਾ ਪਾਰਟੀ ਵੱਲੋਂ ਪੰਜਾਬ ਦੇ ਹਰੇਕ ਲੋਕ ਸਭਾ ਹਲਕੇ ਵਿਚ ਸਰਕਾਰ ਦੀਆਂ ਲੋਕ ਭਲਾਈ ਯੋਜਨਾਵਾਂ ਨੂੰ ਹਲਕੇ ਅੰਦਰ ਘਰ-ਘਰ ਪਹੁੰਚਾਉਣ ਲਈ ਜਾਗਰੂਕਤਾ ਮੁਹਿੰਮ ਚਲਾਈ ਗਈ ਹੈ ਜਿਸ ਦੇ ਤਹਿਤ ਅੱਜ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਪ੍ਰਧਾਨ ਦੀਦਾਰ ਸਿੰਘ ਭੱਟੀ ਦੀ ਅਗਵਾਈ ਹੇਠ ਸੋਹਣ ਫਾਰਮ ਵਿਚ ਭਾਜਪਾ ਵੱਲੋਂ ਵਿਸ਼ਾਲ ਰੈਲੀ ਦਾ ਆਯੋਜਨ ਕੀਤਾ ਗਿਆ। ਇਸ ਰੈਲੀ ਵਿਚ ਲੋਕ ਸਭਾ ਹਲਕਾ ਫਤਿਹਗੜ੍ਹ ਸਾਹਿਬ ਦੇ ਸਾਰੇ ਹੀ ਵਿਧਾਨ ਸਭਾ ਹਲਕਿਆਂ ਤੋਂ ਵੱਡੀ ਗਿਣਤੀ ਵਿਚ ਪਾਰਟੀ ਆਗੂਆਂ ਅਤੇ ਵਰਕਰਾਂ ਨੇ ਉਚੇਚੇ ਤੌਰ ’ਤੇ ਸ਼ਿਰਕਤ ਕੀਤੀ।
ਇਸ ਮੌਕੇ ਪੰਜਾਬ ਭਾਜਪਾ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਦੇਸ਼ ਦੀ ਅਰਥਵਿਵਸਥਾ ਮਜ਼ਬੂਤ ਹੋਈ ਹੈ। ਜਦੋਂ 9 ਸਾਲ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਦੀ ਵਾਗਡੋਰ ਸੰਭਾਲੀ ਸੀ ਤਾਂ ਭਾਰਤ ਦਾ ਦੁਨੀਆ ਦੀ ਅਰਥਵਿਵਸਥਾ ਵਿਚ 10ਵਾਂ ਨੰਬਰ ਸੀ ਅਤੇ ਅੱਜ ਦੇਸ਼ ਦੁਨੀਆ ਭਰ ਵਿਚ 5ਵੀਂ ਵੱਡੀ ਅਰਥ ਵਿਵਸਥਾ ਵਜੋਂ ਉੱਭਰ ਕੇ ਸਾਹਮਣੇ ਆਇਆ ਹੈ।
ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਗਵਾਈ ਹੇਠ ਦੇਸ਼ ਨੇ ਵੱਡੀਆਂ ਪੁਲਾਂਘਾਂ ਪੁੱਟੀਆਂ ਹਨ, ਦੇਸ਼ ਅੰਦਰੂਨੀ ਅਤੇ ਬਾਹਰੀ ਸੁਰੱਖਿਆ ਲਈ ਮਜ਼ਬੂਤ ਹੋਇਆ ਹੈ। ਉਨ੍ਹਾਂ ਕਿਹਾ ਕਿ ਮਹਾਗੱਠਜੋੜ ਵਿਚ ਉਹ ਆਗੂ ਇਕੱਠੇ ਹੋ ਰਹੇ ਹਨ, ਜੋ ਭ੍ਰਿਸ਼ਟਾਚਾਰ ਵਿਚ ਸ਼ਾਮਲ ਹਨ, ਇਹ ਸਾਰੇ ਹਾਰੇ ਹੋਏ ਅਤੇ ਚੱਲੇ ਹੋਏ ਆਗੂ ਸੱਤਾ ਦੇ ਲਾਲਚ ਵਿਚ ਆਪਣੀ-ਆਪਣੀ ਡੱਫਲੀ ਵਜਾ ਰਹੇ ਹਨ। ਇਨ੍ਹਾਂ ਦੇ ਇਕੱਠੇ ਹੋਣ ਨਾਲ ਭਾਜਪਾ ਨੂੰ ਕੋਈ ਫਰਕ ਨਹੀਂ ਪਵੇਗਾ।
ਇਸ ਮੌਕੇ ਉਨ੍ਹਾਂ ਕਿਹਾ ਕਿ ਪੰਜਾਬ ਦੀ ਕਾਨੂੰਨ ਵਿਵਸਥਾ ਜਿਸ ਤਰ੍ਹਾਂ ਇਨ੍ਹਾਂ 16 ਮਹੀਨਿਆਂ ਵਿਚ ਵਿਗੜੀ ਹੈ, ਉਸ ਨੂੰ ਦੇਖ ਕੇ ਕੌਣ ਪੰਜਾਬ ਵਿਚ ਆਰਥਿਕ ਨਿਵੇਸ਼ ਕਰੇਗਾ ਕਿਉਂਕਿ ਉਨ੍ਹਾਂ ਦੀ ਤਰਜੀਹ ਇਹ ਹੁੰਦੀ ਹੈ ਕਿ ਉਹ ਸੁਰੱਖਿਅਤ ਮਹਿਸੂਸ ਕਰਨ, ਸਰਕਾਰ ਨੇ ਪੰਜਾਬ ਨੂੰ ਗੈਂਗਸਟਰਾਂ ਦੇ ਹਵਾਲੇ ਕਰ ਦਿੱਤਾ ਹੈ, ਜੇਕਰ ਕੇਂਦਰ ਸਰਕਾਰ ਪੰਜਾਬ ਵਿਚੋਂ ਨਸ਼ਾ ਖ਼ਤਮ ਕਰਨ ਲਈ ਐੱਨ.ਸੀ.ਬੀ. ਦਫ਼ਤਰ ਪੰਜਾਬ ਵਿਚ ਖੋਲ੍ਹਣ ਦਾ ਐਲਾਨ ਕਰਦੀ ਹੈ ਤਾਂ ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਉਸ ਦਾ ਮਜ਼ਾਕ ਉਡਾਉਂਦੇ ਹਨ।
ਉਨ੍ਹਾਂ ਕਿਹਾ ਕਿ ਅੱਜ ਪੰਜਾਬ ਅੰਦਰ ਨਸ਼ਿਆ ਦੀ ਲੜਾਈ ਵਿਚ ਸਰਕਾਰ ਗੋਡੇ ਟੇਕ ਚੁੱਕੀ ਹੈ ਤੇ ਕਾਨੂੰਨ ਵਿਵਸਥਾ ਲੜਖੜਾ ਚੁੱਕੀ ਹੈ। ਅਸ਼ਵਨੀ ਸ਼ਰਮਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਭ੍ਰਿਸ਼ਟਾਚਾਰ ਵਿਚ ਡੁੱਬ ਚੁੱਕੀ ਹੈ, ਇਨ੍ਹਾਂ ਦੇ ਦਿੱਲੀ ਵਿਚ 2 ਮੰਤਰੀ ਜੇਲ੍ਹਾਂ ਹਨ ਅਤੇ ਕਈਆਂ ’ਤੇ ਜੇਲ੍ਹ ਜਾਣ ਦੀ ਤਲਵਾਰ ਲਟਕ ਰਹੀ ਹੈ।
ਉਨ੍ਹਾਂ ਨੇ ਕਿਹਾ ਕਿ ਦੇਸ਼ ਦੀ ਜਨਤਾ ਭਲੀਭਾਂਤ ਜਾਣਦੀ ਹੈ ਕਿ ਦੇਸ਼ ਨੂੰ ਵਿਕਾਸ ਦੇ ਰਸਤੇ ’ਤੇ ਸਿਰਫ਼ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਹੀ ਲਿਆ ਸਕਦੀ ਹੈ, ਇਸ ਲਈ ਆਗਾਮੀ ਲੋਕ ਸਭਾ ਚੋਣਾਂ-2024 ਵਿਚ ਭਾਜਪਾ ਭਾਰੀ ਬਹੁਮਤ ਨਾਲ ਜਿੱਤ ਹਾਸਲ ਕਰਕੇ ਫਿਰ ਦੁਬਾਰਾ ਸਰਕਾਰ ਬਣਾਏਗੀ।
                    
                