
ਐਮ.ਐਸ.ਪੀ. ਤੇ ਸਰਕਾਰੀ ਮੰਡੀਕਰਨ ਨਾਲ ਕੋਈ ਛੇੜਛਾੜ ਨਹੀਂ
ਚੰਡੀਗੜ੍ਹ, 23 ਜੁਲਾਈ (ਜੀ.ਸੀ. ਭਾਰਦਵਾਜ) : ਪਿਛਲੇ ਇਕ ਮਹੀਨੇ ਤੋਂ ਪੰਜਾਬ ਦੀ ਕਾਂਗਰਸ ਸਰਕਾਰ ਸੱਤਾਧਾਰੀ ਪਾਰਟੀ ਅਤੇ ਵਿਰੋਧੀ ਧਿਰ 'ਆਪ' ਵਲੋਂ, ਕੇਂਦਰੀ ਤਿੰਨ ਆਰਡੀਨੈਂਸ ਸਬੰਧੀ ਕੀਤੇ ਜਾ ਰਹੇ ਗੁਮਰਾਹਕੁਨ ਪ੍ਰਚਾਰ ਅਤੇ ਕਿਸਾਨਾਂ ਨੂੰ ਗ਼ਲਤ ਉਕਸਾਉਣ ਦਾ ਸਖ਼ਤ ਵਿਰੋਧ ਕਰਦਿਆਂ ਅੱਜ ਫਿਰ ਸ਼੍ਰੋਮਣੀ ਅਕਾਲੀ ਦਲ ਨੇ ਸਪਸ਼ਟ ਕੀਤਾ ਕਿ ਪੰਜਾਬ ਦੇ 65 ਲੱਖ ਕਿਸਾਨ ਪਰਵਾਰਾਂ ਦੀਆਂ ਖੇਤੀ ਫ਼ਸਲ ਨੂੰ ਸਰਕਾਰੀ ਐਮ.ਐਸ.ਪੀ. ਤੇ ਮੰਡੀਕਰਨ ਯਾਨੀ ਖ਼ਰੀਦ-ਵੇਚ ਸਿਸਟਮ ਨਾਲ ਕੋਈ ਛੇੜਛਾੜ ਨਹੀਂ ਹੋਣ ਦਿਤਾ ਜਾਵੇਗਾ।
MSP
ਇਥੇ ਆਨਲਾਈਨ ਪ੍ਰੈੱਸ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਫਿਰ ਸਾਫ਼ ਕੀਤਾ ਕਿ ਉਨ੍ਹਾਂ ਦੀ ਪਾਰਟੀ ਹਮੇਸ਼ਾ ਕਿਸਾਨਾਂ ਤੇ ਕਿਸਾਨੀ ਸਮੇਤ ਖੇਤ ਮਜ਼ਦੂਰਾਂ ਨਾਲ ਖੜੀ ਹੈ। ਉਨ੍ਹਾਂ ਵਾਸਤੇ ਸੰਘਰਸ਼ ਕਰਦੀ ਰਹੀ ਹੈ ਅਤੇ ਅੱਗੋਂ ਵੀ ਕਰਦੀ ਰਹੇਗੀ ਅਤੇ ਲੋੜ ਪਈ ਤਾਂ ਕੇਂਦਰੀ ਮੰਤਰੀ ਨਰਿੰਦਰ ਤੋਮਰ ਅਤੇ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਕਰਨ ਵਾਸਤੇ ਇਕ ਉਚ ਪਧਰੀ ਵਫ਼ਦ ਦੀ ਅਗਵਾਈ ਵੀ ਕਰਨਗੇ।
APMC Act
ਪ੍ਰੈੱਸ ਕਾਨਫ਼ਰੰਸ 'ਚ ਸੁਖਬੀਰ ਬਾਦਲ ਨੇ 2017 ਚੋਣਾਂ ਵੇਲੇ ਕਾਂਗਰਸ ਦਾ ਮੈਨੀਫ਼ੈਸਟੋ ਵਿਖਾਇਆ ਜਿਸ 'ਚ ਏ.ਪੀ. ਐਮ.ਸੀ ਐਕਟ ਦਾ ਵਾਅਦਾ ਅਤੇ ਪ੍ਰਾਈਵੇਟ ਮੰਡੀਕਰਨ ਦਾ ਸਿਸਟਮ ਲਾਗੂ ਕਰਨਾ ਲਿਖਿਆ ਸੀ। ਉਨ੍ਹਾਂ ਸਪਸ਼ਟ ਕਿਹਾ ਕਿ ਕਾਂਗਰਸ ਲੋਕਾਂ ਤੇ ਖਾਸ ਕਰ ਕਿਸਾਨਾਂ ਨੂੰ ਗੁਮਰਾਹ ਕਰ ਰਹੀ ਹੈ। ਸੁਖਬੀਰ ਬਾਦਲ ਨੇ ਦੁਹਰਾਇਆ ਕਿ ਹਾੜ੍ਹੀ-ਸਾਉਣੀ ਫ਼ਸਲਾਂ, ਕਣਕ-ਝੋਨਾ ਅਤੇ ਹੋਰ ਪੈਦਾਵਾਰ ਦੀ ਵਿਕਰੀ ਤੋਂ ਪੰਜਾਬ ਦੇ ਅਰਥਚਾਰੇ 'ਚ ਸਾਲਾਨਾ 60-65 ਹਜ਼ਾਰ ਕਰੋੜ ਦੀ ਪੈ ਰਹੀ ਮਦਦ, ਪੰਜਾਬ ਦੇ ਕਿਸਾਨਾਂ ਦੀ ਜਿੰਦ-ਜਾਨ ਹੈ,
Akali Dal
ਇਸ ਨਾਲ ਖਿਲਵਾੜ ਕਰਨ ਦੀ ਇਜਾਜ਼ਤ, ਅਕਾਲੀ ਦਲ ਕਿਸਾਨ ਹਿਤ ਪਾਰਟੀ ਕਦੇ ਵੀ ਨਹੀਂ ਦੇਵੇਗੀ। ਮੱਕੀ ਦੀ ਐਮ.ਐਸ.ਪੀ. 1825 ਰੁਪਏ ਪ੍ਰਤੀ ਕੁਇੰਟਲ ਹੋਣ ਦੇ ਬਾਵਜੂਦ ਮੰਡੀਆਂ 'ਚ ਮੌਜੂਦਾ ਵਿਕਰੀ ਰੇਟ 800 ਰੁਪਏ ਕੁਇੰਟਲ ਸਬੰਧੀ ਸੁਖਬੀਰ ਬਾਦਲ ਨੇ ਕਿਹਾ ਇਹ ਕਾਂਗਰਸ ਸਰਕਾਰ ਇਸ ਨੂੰ ਜਨਤਕ ਵੰਡ ਪ੍ਰਣਾਲੀ 'ਚ ਸ਼ਾਮਲ ਕਰੇ ਅਤੇ ਖਰੀਦ ਦਾ ਵਾਜਬ ਰੇਟ ਦੇ ਕੇ ਕਿਸਾਨਾਂ ਦੀ ਮਦਦ ਕਰੇ।
CBI
ਅਕਾਲੀ ਦਲ ਪ੍ਰਧਾਨ ਨੇ ਕਾਂਗਰਸ ਸਰਕਾਰ ਵਲੋਂ ਖੇਤੀ ਮਸ਼ੀਨਰੀ ਮਹਿੰਗੇ ਭਾਅ 'ਤੇ ਪ੍ਰਾਈਵੇਟ ਕੰਪਨੀਆਂ ਤੋਂ ਖਰੀਦਣ ਅਤੇ ਇਸ ਵਿਚ ਹੋਏ ਕਰੋੜਾਂ ਦੇ ਘੁਟਾਲੇ ਦੀ ਤਫ਼ਤੀਸ਼, ਸੀ.ਬੀ.ਆਈ. ਤੋਂ ਕਰਾਉਣ ਦੀ ਮੰਗ ਵੀ ਕੀਤੀ। ਸੁਖਬੀਰ ਬਾਦਲ ਨੇ ਫਿਰ ਕਿਹਾ ਕਿ ਕਿਸਾਨੀ ਮਾਮਲਾ ਉਹ ਸੰਸਦ ਦੀ ਸੈਸ਼ਨ 'ਚ ਉਠਾਉਣਗੇ ਅਤੇ ਕੇਂਦਰੀ ਮੰਤਰੀ ਨਰਿੰਦਰ ਸਿੰਘ ਤੋਮਰ ਤੋਂ ਲਿਖਤੀ ਭਰੋਸਾ ਵੀ ਲੈਣਗੇ ਕਿ ਮੰਡੀ ਸਿਸਟਮ 'ਤੇ ਐਮ.ਐਸ.ਪੀ. ਜਾਰੀ ਰਹੇਗੀ।