
ਗੁਰੂਘਰ ਦੀ ਕਰੋੜਾਂ ਰੁਪਏ ਦੀ ਜਾਇਦਾਦ ਦਾ ਮਾਮਲਾ
ਕੋਟਕਪੂਰਾ, 23 ਜੁਲਾਈ (ਗੁਰਿੰਦਰ ਸਿੰਘ) : ਸਥਾਨਕ ਮੁਕਤਸਰ ਸੜਕ 'ਤੇ ਸਥਿਤ ਗੁਰਦਵਾਰਾ ਸਾਹਿਬ ਦੀ ਬਹੁਕਰੋੜੀ ਜਾਇਦਾਦ, ਗੁਰਦਵਾਰੇ ਦੀ ਇਮਾਰਤ ਅਤੇ ਕਿਰਾਏਦਾਰਾਂ ਤੋਂ ਕਿਰਾਇਆ ਵਸੂਲਣ ਦੇ ਵਿਵਾਦ ਕਾਰਨ ਪੈਦਾ ਹੋਏ ਤਣਾਅ ਦੇ ਚਲਦਿਆਂ ਪ੍ਰਸ਼ਾਸਨ ਨੇ ਅੱਜ ਉਕਤ ਜਾਇਦਾਦ ਸਮੇਤ ਗੁਰਦਵਾਰੇ ਦਾ ਸਾਰਾ ਸਮਾਨ ਅਤੇ ਦਸਤਾਵੇਜ਼ ਅਪਣੇ ਕਬਜ਼ੇ 'ਚ ਲੈਂਦਿਆਂ ਅਗਲੀ ਕਾਰਵਾਈ ਆਰੰਭ ਦਿਤੀ।
ਜ਼ਿਕਰਯੋਗ ਹੈ ਕਿ ਪਿਛਲੇ ਕਾਫੀ ਸਮੇਂ ਤੋਂ ਮੁਹੱਲਾ ਸੁਰਗਾਪੁਰੀ ਦੇ ਉਕਤ ਗੁਰਦਵਾਰਾ ਸਾਹਿਬ ਦੇ ਮਾਲਕਾਨਾਂ ਹੱਕਾਂ ਸਬੰਧੀ ਦੋ ਧਿਰਾਂ 'ਚ ਤਣਾਅ ਬਣਿਆ ਹੋਇਆ ਸੀ। ਜਿਸ ਕਰ ਕੇ ਮੇਜਰ ਅਮਿਤ ਸਰੀਨ ਉਪ ਮੰਡਲ ਮੈਜਿਸਟ੍ਰੇਟ ਨੇ ਸੀਆਰਪੀਸੀ ਦੀ ਧਾਰਾ 145 ਲਾਗੂ ਕਰਦਿਆਂ ਤਹਿਸੀਲਦਾਰ ਰਜਿੰਦਰ ਸਿੰਘ ਸਰਾਂ ਨੂੰ ਰਸੀਵਰ ਨਿਯੁਕਤ ਕਰ ਦਿਤਾ। ਅੱਜ ਪੁਲਿਸ ਪ੍ਰਬੰਧਾਂ ਹੇਠ ਤਹਿਸੀਲਦਾਰ ਰਜਿੰਦਰ ਸਿੰਘ ਸਰਾਂ ਦੀ ਅਗਵਾਈ ਵਾਲੀ ਟੀਮ ਨੇ ਗੋਲਕ ਸਮੇਤ ਗੁਰਦਵਾਰੇ ਦਾ ਸਾਰਾ ਸਮਾਨ ਅਪਣੇ ਕਬਜ਼ੇ 'ਚ ਲੈ ਲਿਆ।
File Photo
ਪ੍ਰਾਪਤ ਜਾਣਕਾਰੀ ਅਨੁਸਾਰ ਫਰੀਦਕੋਟ ਰਿਆਸਤ ਦੇ ਮਹਾਰਾਜਾ ਹਰਿੰਦਰ ਸਿੰਘ ਨੇ ਕੁਝ ਜਮੀਨ ਗੁਰਦਵਾਰਾ ਬਣਾਉਣ ਲਈ ਦਾਨ ਕੀਤੀ ਸੀ। ਗੁਰਦਵਾਰੇ 'ਚ ਲੱਗੇ ਸਥਾਪਨਾ ਪੱਥਰ ਮੁਤਾਬਕ 15 ਦਸੰਬਰ 1988 ਨੂੰ ਗੁਰਦਵਾਰਾ ਸਾਹਿਬ ਦੀ ਇਮਾਰਤ ਦੀ ਕਾਰਸੇਵਾ ਸ਼ੁਰੂ ਹੋਈ। 6 ਮਹੀਨੇ ਪਹਿਲਾਂ ਗੁਰਦਵਾਰੇ ਦੀ ਜਾਇਦਾਦ ਦਾ ਕੁਝ ਹਿੱਸਾ ਗੁਰਮੀਤ ਸਿੰਘ ਮੀਤਾ ਨਾਂਅ ਦੇ ਵਿਅਕਤੀ ਵਲੋਂ ਸੰਗਤ ਤੇ ਸੇਵਾਦਾਰਾਂ ਨੂੰ ਵਿਸ਼ਵਾਸ਼ 'ਚ ਲਏ ਬਿਨਾਂ ਵੇਚ ਦਿਤਾ, ਜਿਸ ਨੂੰ ਲੈ ਕੇ ਵਿਵਾਦ ਖੜਾ ਹੋ ਗਿਆ। ਗੁਰਮੀਤ ਸਿੰਘ ਮੀਤਾ ਨੇ ਇਸ ਨੂੰ ਅਪਣੇ ਚਾਚੇ ਦੀ ਜਾਇਦਾਦ ਆਖਦਿਆਂ ਹੱਕ ਜਤਾਇਆ, ਜਦਕਿ ਮੁਹੱਲਾ ਵਾਸੀਆਂ ਅਤੇ ਸ਼ਰਧਾਲੂਆਂ ਨੇ ਸਿੱਧ ਕਰ ਦਿਤਾ ਕਿ ਗੁਰਦਵਾਰਾ ਸਾਹਿਬ ਦੇ ਨਾਮ ਲਗਦੀ ਸਾਰੀ ਜਾਇਦਾਦ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਮ 'ਤੇ ਹੈ।